Friday, March 20, 2026

ਧੁੰਦ ਕਾਰਨ ਭਿਆਨਕ ਹਾਦਸੇ ‘ਚ 13 ਟੀਚਰਾਂ ਦੀ ਮੌਤ- ਕਲੂਜ਼ਰ ਅਤੇ ਟਰੱਕ ‘ਚ ਹੋਈ ਟੱਕਰ

ਮ੍ਰਿਤਕਾਂ ਵਿੱਚ 5 ਮਹਿਲਾ ਅਧਿਆਪਕਾਂ ਸਮੇਤ 13 ਟੀਚਰ ਸ਼ਾਮਲ

ppn0912201601

ਫਾਜ਼ਿਲਕਾ, 8 ਦਸੰਬਰ (ਵਿਨੀਤ ਅਰੋੜਾ) – ਅੱਜ ਪਈ ਸੰਘਣੀ ਧੁੰਦ ਦੇ ਕਾਰਨ ਫਾਜ਼ਿਲਕਾ-ਫਿਰੋਜ਼ਪੁਰ ਰੋਡ ਤੇ ਇੱਥੋਂ ਲਗਭਗ 9 ਕਿਲੋਮੀਟਰ ਦੂਰ ਸਥਿਤ ਪਿੰਡ ਚਾਂਦਮਾਰੀ ਦੇ ਨੇੜੇ ਅੱਜ ਸਵੇਰੇ ਲਗਭਗ 8.00 ਵਜੇ ਅਧਿਆਪਕਾਂ ਨਾਲ ਭਰੀ ਕਲੂਜ਼ਰ ਅਤੇ ਟਰੱਥ ਦੇ ਵਿਚਕਾਰ ਹੋਈ ਆਹਮਣੇ ਸਾਹਮਣੇ ਦੀ ਭੀਸ਼ਮ ਟੱਕਰ ਵਿਚ ਕਲੂਜ਼ਰ ਵਿਚ ਸਵਾਰ 5 ਮਹਿਲਾ ਅਧਿਆਪਕਾਂ ਸਮੇਤ 13 ਅਧਿਆਪਕਾਂ ਦੀ ਮੌਤ ਹੋ ਗਈ। ਦੱਸਿਆ ਜਾਦਾ ਹੈ ਕਿ ਇਨ੍ਹਾਂ ਅਧਿਆਪਕਾਂ ਵਿਚੋਂ 6 ਅਧਿਆਪਕਾਂ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ। ਜਦਕਿ ਇੱਕ ਅਧਿਆਪਕ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ।
ਪ੍ਰਾਪਤ ਜਾਣਕਾਰੀ ਦੇ ਮੁਤਾਬਕ ਉਕਤ ਕਲੂਜ਼ਰ ਹਰ ਰੋਜ਼ ਅਬੋਹਰ ਤੋਂ ਚੱਲ ਕੇ ਰਸਤੇ ਵਿਚ ਪੈਂਦੇ ਵੱਖ ਵੱਖ ਸਕੂਲਾਂ ਵਿਚ ਕੰਮ ਕਰਨ ਵਾਲੇ ਅਧਿਆਪਕਾਂ ਨੂੰ ਉਨ੍ਹਾਂ ਦੇ ਸਕੂਲਾਂ ਵਿਚ ਛੱਡ ਕੇ ਫਿਰੋਜ਼ਪੁਰ ਰੋਡ ਤੇ ਸਥਿਤ ਪਿੰਡ ਲੱਖੇਕੇ ਬਹਿਰਾਮ ਤੱਕ ਜਾਂਦੀ ਸੀ।ਅੱਜ ਸਵੇਰੇ ਜਦੋਂ ਕਲੂਜ਼ਰ ਅਬੋਹਰ ਤੋਂ ਚੱਲ ਕੇ ਰਸਤੇ ਵਿਚ ਸਥਿਤ ਪਿੰਡਾਂ ਅਤੇ ਫਾਜ਼ਿਲਕਾ ਸ਼ਹਿਰ ਤੋਂ ਵੱਖ-ਵੱਖ ਅਧਿਆਪਕਾਂ ਨੂੰ ਲੈ ਕੇ ਜਦੋਂ ਪਿੰਡ ਚਾਂਦਮਾਰੀ ਦੇ ਨੇੜੇ ਪਹੁੰਚੀ ਤਾਂ ਸੰਘਣੀ ਧੁੰਦ ਕਾਰਨ ਜਲਾਲਾਬਾਦ ਵੱਲੋਂ ਆ ਰਹੇ ਇੱਕ ਟਰੱਕ ਨਾਲ ਟਕਰਾ ਗਈ।ਜਿਸ ਕਾਰਨ ਕਲੂਜ਼ਰ ਵਿਚ ਸਵਾਰ ਅਧਿਆਪਕਾਂ ਜਿਨ੍ਹਾਂ ਵਿਚ ਕਿਰਨ ਬਾਲਾ (25) ਵਾਸੀ ਰਾਧਾ ਸਵਾਮੀ ਕਲੋਨੀ, ਨਤਾਸ਼ਾ (30) ਵਾਸੀ ਪਿੰਡ ਬੱਲੂਆਣਾ, ਬਿੰਦੀਆ (30) ਵਾਸੀ ਅਬੋਹਰ, ਤਜਿੰਦਰ ਕੌਰ (26) ਵਾਸੀ ਰਾਧਾ ਸਵਾਮੀ ਕਲੋਨੀ ਫਾਜ਼ਿਲਕਾ, ਸੰਜੀਵ ਬਾਘਲਾ (37) ਵਾਸੀ ਪਿੰਡ ਸ਼ਤੀਰ ਵਾਲਾ, ਅਸ਼ੀਸ਼ ਕਟਾਰੀਆ ਵਾਸੀ ਕੈਲਾਸ਼ ਨਗਰ ਫਾਜ਼ਿਲਕਾ, ਸੁਖਜੀਤ ਸਿੰਘ ਘਈ (26) ਵਾਸੀ ਮਹਾਵੀਰ ਕਲੋਨੀ, ਸ਼ੀਤਲ ਕੁੱਕੜ (29) ਵਾਸੀ ਕੈਲਾਸ਼ ਨਗਰ ਫਾਜ਼ਿਲਕਾ, ਮਨੋਹਰ ਲਾਲ (42) ਵਾਸੀ ਠਾਕਰ ਆਬਾਦੀ ਅਬੋਹਰ, ਨਾਜ਼ਮ ਸਿੰਘ (37) ਵਾਸੀ ਪਿੰਡ ਕਿਲਿਆਂ ਵਾਲੀ, ਸ਼ੰਕਰ ਲਾਲ (30) ਵਾਸੀ ਰਾਧਾ ਸਵਾਮੀ ਕਲੋਨੀ ਫਾਜ਼ਿਲਕਾ, ਰਾਮ ਪਾਲ ਵਾਸੀ ਅਬੋਹਰ, ਸੰਜੀਵ ਕੁਮਾਰ ਵਾਸੀ ਸੰਤ ਨਗਰ ਅਬੋਹਰ ਦੀ ਮੌਤ ਹੋ ਗਈ। ਜਦਕਿ ਕਲੂਜ਼ਰ ਵਿਚ ਸਵਾਰ ਗੋਪੀ ਰਾਮ ਜੱਟੀਆ ਮੁਹੱਲਾ ਫਾਜ਼ਿਲਕਾ ਜ਼ਖ਼ਮੀ ਹੋ ਗਿਆ।ਜਿਸ ਨੂੰ ਜ਼ਖਮੀ ਹਾਲਤ ਵਿਚ ਅਗਲੇ ਇਲਾਜ ਲਈ ਫਰੀਦਕੋਟ ਰੈਫਰ ਕੀਤਾ ਗਿਆ ਹੈ।

ppn0912201602
ਦੱਸਿਆ ਜਾਦਾ ਹੈ ਕਿ ਟੱਕਰ ਇੰਨੀ ਜਬਰਦਸਤ ਸੀ ਕਿ ਕਲੂਜ਼ਰ ਦਾ ਅਗਲਾ ਹਿੱਸਾ ਟਰੱਕ ਦੇ ਹੇਠਾਂ ਵੱੜ ਗਿਆ ਅਤੇ ਕੁੱਝ ਮ੍ਰਿਤਕ ਅਧਿਆਪਕਾਂ ਨੂੰ ਕਲੂਜ਼ਰ ਦਾ ਮੋਹਰਲਾ ਹਿੱਸਾ ਕੱਟ ਕੇ ਬਾਹਰ ਕੱਢਣਾ ਪਿਆ।ਕਲੂਜ਼ਰ ਵਿਚ ਸਵਾਰ ਮਹਿਲਾ ਅਧਿਆਪਕ ਤਜਿੰਦਰ ਕੌਰ ਦਾ ਲਗਭਗ ਇੱਕ ਮਹੀਨਾ ਪਹਿਲਾਂ ਅਤੇ ਸੁਖਜੀਤ ਸਿੰਘ ਦਾ ਲਗਭਗ ਤਿੰਨ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ।
ਇਸ ਮੌਕੇ ਫਾਜ਼ਿਲਕਾ ਦੇੇ ਵਿਧਾਇਕ ਅਤੇ ਰਾਜ ਦੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ, ਫਿਰੋਜ਼ਪੁਰ ਦੇ ਸੰਸਦ ਮੈਂਬਰ ਸਿੰਘ ਘੁਬਾਇਆ, ਅਬੋਹਰ ਦੇ ਵਿਧਾਇਕ ਅਤੇ ਸਾਬਕਾ ਵਿਰੋਧੀ ਧਿਰ ਕਾਂਗਰਸ ਦੇ ਆਗੂ ਸੁਨੀਲ ਜਾਖੜ੍ਹ ਨੇ ਹਸਪਤਾਲ ਵਿਚ ਪਹੁੰਚਕੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਦੁੱਖ ਪ੍ਰਗਟ ਕੀਤਾ।

ਕਿਹੜੇ ਕਿਹੜੇ ਸਕੂਲਾਂ ਵਿੱਚ ਤੈਨਾਤ ਸਨ ਅਧਿਆਪਕ
ਸੁਖਜੀਤ ਸਿੰਘ, ਵਾਸੀ ਫਾਜਿਲਕਾ ਮਿਊਜਿਕ ਟੀਚਰ (ਗੁਰੂਹਰਸਹਾਏ), ਬਿੰਦਿਆ, ਵਾਸੀ ਅਬੋਹਰ ਹਿੰਦੀ ਅਧਿਆਪਿਕਾ (ਛਾਂਗਾ ਰਾਏ ), ਸ਼ੀਤਲ, ਵਾਸੀ ਫਾਜਿਲਕਾ ਹਿੰਦੀ ਅਧਿਆਪਿਕਾ (ਵਾਸਲ ਮੋਹਨ ਕੇ), ਮਨੋਹਰ ਲਾਲ, ਵਾਸੀ ਅਬੋਹਰ ਹਿੰਦੀ ਅਧਿਆਪਕ (ਪਿੰਡੀ), ਸ਼ੰਕਰ ਲਾਲ, ਵਾਸੀ ਫਾਜਿਲਕਾ ਹਿੰਦੀ (ਝੋਕ ਟਹਿਲ ਸਿੰਘ ਵਾਲਾ), ਨਤਾਸ਼ਾ, ਵਾਸੀ ਬੱਲੂਆਣਾ ਇੰਗਲਿਸ਼ ਅਧਿਆਪਿਕਾ (ਝੋਕ ਟਹਿਲ ਸਿੰਘ ਵਾਲਾ), ਸੰਜੀਵ ਕੁਮਾਰ, ਵਾਸੀ ਫਾਜਿਲਕਾ ਹਿੰਦੀ ਅਧਿਆਪਕ (ਲੱਖਾ ਹਾਜੀ), ਅਸ਼ੀਸ਼ ਕਟਾਰਿਆ ਵਾਸੀ ਫਾਜਿਲਕਾ ਹਿੰਦੀ ਅਧਿਆਪਕ (ਚੱਕ ਹਰਾਜ), ਨਾਜਮ, ਵਾਸੀ ਕਿੱਲਿਆਂ ਵਾਲੀ ਹਿੰਦੀ ਅਧਿਆਪਕ (ਜੱਲੋ ਕੇ), ਤਜਿੰਦਰ ਕੌਰ, ਫਾਜਿਲਕਾ ਅਧਿਆਪਿਕਾ (ਭਾਈਮਹਾਂ ਸਿੰਘ ਖਾਲਸਾ ਸਕੂਲ ਜਲਾਲਾਬਾਦ), ਕਿਰਨ ਬਾਲਾ, ਫਾਜਿਲਕਾ ਈਟੀਟੀ ਪ੍ਰਾਇਮਰੀ ਅਧਿਆਪਕ (ਬੁੱਟਰ ਫਿਰੋਜਪੁਰ), ਸੰਜੀਵ ਕੁਮਾਰ ਬਾਘਲਾ, ਵਾਸੀ ਅਬੋਹਰ ਹਿੰਦੀ ਅਧਿਆਪਕ (ਲੱਖਾ ਹਾਜੀ), ਰਾਮ ਪਾਲ ਡਰਾਇਵਰ, ਵਾਸੀ ਕਾਲਾ ਟਿੱਬਾ ਅਬੋਹਰ ਤੇ ਗੋਪੀ ਰਾਮ, ਵਾਸੀ ਫਾਜਿਲਕਾ (ਜਖਮੀ ) ਚੱਕ ਘੁਬਾਇਆ।

ਸੜ੍ਹਕ ਹਾਦਸੇ ਵਿਚ ਮਹਿਲਾ ਅਧਿਆਪਕਾਂ ਦੀ ਮੌਤ ਦੇ ਜਿੰਮੇਵਾਰ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ?
ਅੱਜ ਹੋਈ ਘਟਨਾ ਵਿਚ ਲਗਭਗ 5 ਮਹਿਲਾ ਅਧਿਆਪਕਾਵਾਂ ਹਾਜ਼ਰ ਸਨ।ਜਿਸ ਕਾਰਨ ਸਿੱਖਿਆ ਵਿਭਾਗ ਅਤੇ ਸਰਕਾਰ ਇਸ ਦੇ ਪ੍ਰਤੀ ਪੂਰੀ ਤਰ੍ਹਾਂ ਜ਼ਿਮੇਵਾਰ ਹੈ, ਕਿਊਂਕਿ ਫਾਜ਼ਿਲਕਾ ਵਿਚ ਅਧਿਆਪਕਾਂ ਦੀ ਇਨੀ ਵੱਡੀ ਗਿਣਤੀ ਵਿਚ ਅਸਾਮੀਆਂ ਖਾਲ੍ਹੀ ਪਈਆਂ ਹਨ ਅਤੇ ਮਹਿਲਾ ਅਧਿਆਪਕਾਵਾਂ ਨੂੰ ਨੇੜਲੇ ਖੇਤਰ ਵਿਚ ਪਈਆਂ ਅਸਾਮੀਆਂ ਨੂੰ ਅਣਵੇਖਿੀਆ ਕਰਕੇ ਦੂਰ ਦੁਰਾਡੇ ਦੇ ਖੇਤਰਾਂ ਵਿਚ ਨੋਕਰੀ ‘ਤੇ ਲਗਾਇਆ ਜਾਂਦਾ ਹੈ।ਜਿਸ ਕਾਰਨ ਜਿਨ੍ਹਾਂ ਮਹਿਲਾ ਅਧਿਆਪਕਾਵਾਂ ਦੇ ਛੋਟੇ ਛੋਟੇ ਬੱਚੇ ਹੁੰਦੇ ਹਨ ਉਨ੍ਹਾਂ ਨੂੰ ਕਈ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …

Leave a Reply