Thursday, March 26, 2026

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350 ਸਾਲਾ ਗੁਰਪੁਰਬ ਮਨਾਉਣ ਵਾਸਤੇ ਵੱਧ ਤੋਂ ਵੱਧ ਗੁਰਮਤਿ ਸਮਾਗਮ ਕਰਵਾਏ ਜਾਣ- ਜਥੇਦਾਰ

ਅੰਮ੍ਰਿਤਸਰ, 12 ਦਸੰਬਰ (ਪੰਜਾਬ ਪੋਸਟ ਬਿਊਰੋ) – ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅੱਜ ਮਿਤੀ 28 ਮੱਘਰ ਸੰਮਤ ਨਾਨਕਸ਼ਾਹੀ 548 ਮੁਤਾਬਿਕ 12 ਦਸੰਬਰ 2016 ਨੂੰ ਦਫ਼ਤਰ ਸਕੱਤਰੇਤ ਪੰਜ ਤਖ਼ਤਾਂ ਦੇ ਜਥੇਦਾਰਾਂ ਦੀ ਇਕੱਤਰਤਾ ਹੋਈ।ਜਿਸ ਵਿਚ ਵੱਖ ਵੱਖ ਮਾਮਲੇ ਵਿਚਾਰਨ ਉਪਰੰਤ ਜਾਰੀ ਆਦੇਸ਼ ਅਨੁਸਾਰ ਸਮੁੱਚੇ ਖ਼ਾਲਸਾ ਪੰਥ, ਸਮੁੱਚੀਆਂ ਧਾਰਮਿਕ, ਰਾਜਨੀਤਕ, ਸਮਾਜਿਕ ਜਥੇਬੰਦੀਆਂ, ਸਮੁੱਚੀਆਂ ਗੁਰਦੁਆਰਾ ਕਮੇਟੀਆਂ ਨੂੰ ਆਦੇਸ਼ ਕੀਤਾ ਗਿਆ ਕਿ ਆਪਣੇ-ਆਪਣੇ ਤੌਰ ‘ਤੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350 ਸਾਲਾ ਗੁਰਪੁਰਬ ਮਨਾਉਣ ਵਾਸਤੇ ਗੁਰੂ ਸਾਹਿਬ ਜੀ ਵੱਲੋਂ ਦਿੱਤੇ ਉਪਦੇਸ਼ਾਂ ਨੂੰ ਸੰਗਤ ਤੱਕ ਪਹੁੰਚਾਉਣ ਲਈ ਵੱਧ ਤੋਂ ਵੱਧ ਗੁਰਮਤਿ ਸਮਾਗਮਾਂ ਰਾਹੀਂ ਉਪਰਾਲੇ ਕੀਤੇ ਜਾਣ।ਸਮੂੰਹ ਸੰਗਤਾਂ 18 ਪੋਹ ਸੰਮਤ ਨਾਨਕਸ਼ਾਹੀ 548 (1 ਜਨਵਰੀ 2017) ਤੋਂ 22 ਪੋਹ ਸੁਦੀ 7ਵੀਂ (5 ਜਨਵਰੀ 2017) ਤੱਕ ਸਾਹਿਬੇ ਆਲਮ, ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਂਰਾਜ ਦੇ ਅਵਤਾਰ ਧਾਰਨ ਪ੍ਰਕਾਸ਼ ਅਸਥਾਨ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਪਹੁੰਚ ਕੇ ਸਮਾਗਮਾਂ ਵਿਚ ਹਾਜਰੀ ਭਰਨ ਅਤੇ ਤਨ, ਮਨ, ਧੰਨ ਨਾਲ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ।
ਦੂਜੇ ਮਤੇ ਰਾਹੀਂ ਅਜੋਕੇ ਸਮੇਂ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਸਮਾਂ ਅਤੇ ਖਰਚੇ ਨੂੰ ਸੀਮਤ ਕਰਨ ਲਈ ਸੰਗਤਾਂ ਧਿਆਨ ਦੇਣ ਵਿਆਹ ਸ਼ਾਦੀ ਦੇ ਕਾਰਡ ਜਾਂ ਕਿਸੇ ਵੀ ਸਮਾਗਮ ਦਾ ਸੁਨੇਹਾ ਕਿਸੇ ਵੀ ਤਰੀਕੇ ਰਾਹੀਂ ਦਿੱਤਾ ਜਾ ਸਕਦਾ ਹੈ।ਸੰਗਤਾਂ ਵੱਲੋਂ ਉਸ ਨੂੰ ਪ੍ਰਵਾਨ ਕੀਤਾ ਜਾਵੇ।ਆਨੰਦ ਕਾਰਜ ਵੀ ਸਮੇਂ ਸਿਰ ਹੀ ਕੀਤੇ ਜਾਣ।ਲੜਕੀ-ਲੜਕਾ ਦੋਵੇਂ ਪ੍ਰੀਵਾਰ ਗੁਰਦੁਆਰਾ ਸਾਹਿਬ ਵਿਖੇ ਸਮੇਂ ਸਿਰ ਪਹੁੰਚ ਕੇ ਅਨੰਦ ਕਾਰਜ ਕਰਨ, ਹੋ ਸਕੇ ਤਾਂ ਗੁਰੂ-ਘਰ ਵਿਚ ਹੀ ਲੰਗਰ ਆਦਿ ਦਾ ਪ੍ਰਬੰਧ ਕਰਨ।ਅਨੰਦ-ਕਾਰਜ ਅਤੇ ਖੁਸ਼ੀ-ਗਮੀ ਦੇ ਕਾਰਜ ਵੀ ਸੀਮਤ ਖਰਚੇ ਨਾਲ ਕੀਤੇ ਜਾਣ।ਰਹਿਤ ਮਰਿਯਾਦਾ ਅਨੁਸਾਰ ਸੰਗਤਾਂ ਘੱਟ ਤੋਂ ਘੱਟ ਖਰਚੇ ਕਰਕੇ ਹੀ ਸਾਰੇ ਕਾਰਜ ਕਰਨ।
ਤੀਜੇ ਮਤੇ ਰਾਹੀਂ ਫੈਸਲਾ ਕੀਤਾ ਗਿਆ ਕਿ ਕੈਸਿਟਾ ਰਾਹੀਂ ਸ੍ਰੀ ਅਖੰਡਪਾਠ ਸਾਹਿਬ ਜਾਂ ਸਹਿਜ ਪਾਠ ਨਹੀਂ ਹੋ ਸਕਦਾ।ਇਹ ਮਨਮੱਤ ਅਤੇ ਗੁਰਬਾਣੀ ਦੀ ਬੇਅਦਬੀ ਹੈ।ਲਿਖਤੀ ਰੂਪ ਵਿਚ ਆਪਣੇ ਵੱਲੋਂ ਕੋਈ ਵੀ ਵਿਅਕਤੀ, ਸੰਸਥਾ, ਇਲੈਕਟ੍ਰੋਨਿਕ ਮੀਡੀਆ ਗੁਰਬਾਣੀ ਵਿਚ ਬਿੰਦੀ, ਟਿੱਪੀ, ਲਗ ਮਾਤਰ ਆਦਿ ਆਪਣੇ ਵੱਲੋਂ ਨਹੀਂ ਲਗਾ ਸਕਦਾ। ਕੁਤਾਹੀ ਕਰਨ ਵਾਲੇ ਪੁਰ ਗੁਰਮਤਿ ਮਰਿਯਾਦਾ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਚੌਥੇ ਮਤੇ ਰਾਹੀਂ ਬਾਬਾ ਬਲਬੀਰ ਸਿੰਘ ਮੁਖੀ 96 ਕਰੋੜੀ ਬੁੱਢਾ ਦਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਗਿਆ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …

Leave a Reply