
ਫਾਜ਼ਿਲਕਾ, 19 ਦਸੰਬਰ (ਵਿਨੀਤ ਅਰੋੜਾ) – ਸਰਕਾਰੀ ਐਮ.ਆਰ.ਕਾਲਜ ਦੇ ਨੇੜੇ ਸਥਿਤ ਮਲਟੀਪਰਪਜ਼ ਸਟੇਡੀਅਮ ਵਿਚ 23 ਦਸੰਬਰ ਨੂੰ ਹੋਣ ਵਾਲੀ ਭਾਜਪਾ ਕਿਸਾਨ ਮੋਰਚਾ ਦੀ ਰੈਲੀ ਨੂੰ ਸਫ਼ਲ ਬਣਾਉਣ ਲਈ ਦਿਹਾਤੀ ਖੇਤਰ ਵਿਚ ਮੀਟਿੰਗਾਂ ਕਰਨ ਤੋਂ ਬਾਅਦ ਫਾਜ਼ਿਲਕਾ ਦੇ ਵਿਧਾਇਕ ਅਤੇ ਰਾਜ ਦੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਰੈਲੀ ਵਾਲੀ ਥਾਂ ਦਾ ਦੋਰਾ ਕੀਤਾ ਅਤੇ ਰੈਲੀ ਨੂੰ ਸਫ਼ਲ ਬਣਾਉਣ ਲਈ ਵਰਕਰਾਂ ਨੂੰ ਜ਼ਰੂਰੀ ਦਿਸ਼ਾ ਨਿਰਦੇਸ਼ ਦਿਤੇ।ਸ਼੍ਰੀ ਜਿਆਣੀ ਨੇ ਦੱਸਿਆ ਕਿ ਰੈਲੀ ਵਿਚ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਤੋਂ ਇਲਾਵਾ ਭਾਜਪਾ ਦੇ ਰਾਸ਼ਟਰੀ ਅਤੇ ਪੰਜਾਬ ਪੱਧਰੀ ਆਗੂ ਪਹੁੰਚਣਗੇ ਅਤੇ ਕਿਸਾਨਾਂ ਨੂੰ ਸਰਕਾਰ ਵੱਲੌਂ ਸ਼ੁਰੂ ਕੀਤੀਆਂ ਗਈਆਂ ਕਿਸਾਨ ਪੱਖੀ ਨੀਤੀਆਂ ਸਬੰਧੀ ਜਾਣਕਾਰੀ ਦੇਣਗੇ। ਉਨ੍ਹਾਂ ਦੱਸਿਆ ਕਿ ਕੇਂਦਰ ਦੇ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੇ ਕਿਸਾਨਾਂ ਦੀ ਆਰਥਿਕ ਸਥਿਤੀ ਨੂੰ ਸੁਧਾਰਨ ਲਈ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਬੀਤੇ 10 ਵਰ੍ਹਿਆਂ ਦੇ ਕਾਰਜਕਾਲ ਵਿਚ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ। ਮੰਡੀਆਂ ਵਿਚ ਕਿਸਾਨਾਂ ਦੀ ਫਸਲ ਤੁਰੰਤ ਖਰੀਦੀ ਅਤੇ ਉਨ੍ਹਾਂ ਨੂੰ ਪੈਸੇ ਦੀ ਅਦਾਇਗੀ ਵੀ 24 ਘੰਟੇ ਵਿਚ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਰਾਮ ਕੁਮਾਰ ਸੋਨੀ, ਭਾਜਪਾ ਮੰਡਲ ਪ੍ਰਧਾਨ ਜਗਦੀਸ਼ ਸੇਤੀਆ, ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਸੋਹਨ ਲਾਲ ਡੰਗਰਖੇੜਾ, ਨਗਰ ਕੌਂਸਲ ਪ੍ਰਧਾਨ ਰਕੇਸ਼ ਧੂੜੀਆ, ਫਾਜ਼ਿਲਕਾ ਚੋਣ ਇੰਚਾਰਜ਼ ਅਸ਼ੋਕ ਜੈਰਥ, ਸਾਬਕਾ ਨਗਰ ਕੌਂਸਲ ਪ੍ਰਧਾਨ ਅਨਿਲ ਸੇਠੀ, ਸਾਬਕਾ ਵਾਰਡ ਪ੍ਰਧਾਨ ਮੰਗਾ ਸਿੰਘ ਹਾਜ਼ਰ ਸਨ।
Punjab Post Daily Online Newspaper & Print Media