Monday, February 23, 2026

ਰਾਹੁਲ ਵੱਲੋਂ ਪ੍ਰਧਾਨ ਮੰਤਰੀ ਨੂੰ ਮਿਲਣਾ ਕੈਪਟਨ ਦਾ ਕਰਜ਼ਾ ਮੁਆਫ਼ੀ ਚੋਣ ਸਟੰਟ ਅਤੇ ਜੁਮਲਾਬਾਜ਼ੀ – ਮਜੀਠੀਆ

ppn1912201621

ਜੈਂਤੀਪੁਰ / ਕੱਥੁਨੰਗਲ, 19 ਦਸੰਬਰ (ਪੰਜਾਬ ਪੋਸਟ ਬਿਊਰੋ)- ਕਿਸਾਨਾਂ ਨੂੰ ਕਰਜ਼ਾ ਮੁਆਫ਼ੀ ਦੇ ਨਾਮ ‘ਤੇ ਗੁਮਰਾਹ ਕਰਨ ਲਈ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਆੜੇ ਹੱਥੀਂ ਲੈਂਦਿਆਂ ਮਾਲ ਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਾਂਗਰਸ ਵਫ਼ਦ ਨਾਲ ਰਾਹੁਲ ਗਾਂਧੀ ਵੱਲੋਂ ਖੁਦ ਪ੍ਰਧਾਨ ਮੰਤਰੀ ਨੂੰ ਮਿਲਣਾ ਇਹ ਸਪੱਸ਼ਟ ਕਰਦਾ ਹੈ ਕਿ ਕਾਂਗਰਸ ਦੇ ਚੋਣ ਮੈਨੀਫੈਸਟੋ ਵਿੱਚ ਕਾਂਗਰਸ ਦੀ ਸਰਕਾਰ ਆਉਣ ‘ਤੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਦੀ ਜੋ ਗੱਲ ਕੀਤੀ ਗਈ ਹੈ ਉਹ ਸਿਰਫ਼ ਤੇ ਸਿਰਫ਼ ਚੋਣ ਸਟੰਟ ਤੇ ਜੁਮਲਾਬਾਜੀ ਹੈ, ਜਿਸ ਦਾ ਮਕਸਦ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣਾ, ਕਿਸਾਨਾਂ ਨੂੰ ਝੂਠ ਬੋਲ ਕੇ ਗੁਮਰਾਹ ਕਰਨਾ ਫਰਾਡ ਅਤੇ ਫ਼ਰੇਬ ਕਰਨਾ ਹੈ। ਮਜੀਠੀਆ ਅੱਜ ਹਲਕਾ ਮਜੀਠਾ ਦੇ ਪਿੰਡ ਲਹਿਰਕਾ ਵਿਖੇ ਖੇਡ ਸਟੇਡੀਅਮ, ਫਾਰਮੇਸੀ ਅਤੇ ਟੈਸਟਿੰਗ ਸੈਂਟਰ ਅਤੇ ਸਕੂਲ ਨੂੰ 5ਵੀਂ ਤੋਂ ਅੱਠਵੀਂ ਤਕ ਅੱਪ ਗਰੇਡ ਕਰਦਿਆਂ ਸਕੂਲ ਦੀ ਨਵੀਂ ਬਿਲਡਿੰਗ ਦਾ ਉਦਘਾਟਨ ਕਰਨ ਅਤੇ ਫਿਰਨੀ ਸਮੇਤ ਲਿੰਕ ਸੜਕ ਨੂੰ ਪੱਕਿਆਂ ਕਰਨ ਲਈ ਨੀਂਹ ਪੱਥਰ ਰੱਖਣ ਆਏ ਸਨ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਜੀਠੀਆ ਨੇ ਕਿਹਾ ਕਿ ਕਿਸਾਨਾਂ ਦੀ ਅਜੋਕੀ ਦਸ਼ਾ ਲਈ ਦੇਸ਼ ‘ਤੇ 50 ਸਾਲ ਰਾਜ ਕਰਨ ਵਾਲੀ ਕਾਂਗਰਸ ਪੂਰੀ ਤਰਾਂ ਜ਼ਿੰਮੇਵਾਰ ਹੈ।ਉਹਨਾਂ ਕਿਹਾ ਕਿ ਪਿਛਲੇ 10 ਸਾਲ ਕੇਂਦਰ ਵਿੱਚ ਰਾਜ ਕਰਨ ਮੌਕੇ ਕਾਂਗਰਸ ਨੇ ਕਿਉਂ ਨਹੀਂ ਕਰਜ਼ੇ ਮੁਆਫ਼ ਕਰਾਏ? ਪੰਜਾਬ ਹੋਵੇ ਜਾਂ ਦੂਜੇ ਹੋਰ ਰਾਜ ਜਿੱਥੇ ਜਦ ਵੀ ਕਾਂਗਰਸ ਦੀਆਂ ਸਰਕਾਰਾਂ ਆਈਆਂ ਜਾਂ ਅੱਜ ਵੀ ਜਿੱਥੇ ਕਾਂਗਰਸ ਦੀਆਂ ਸਰਕਾਰਾਂ ਹਨ ਉਥੇ ਕਿਸਾਨਾਂ ਦੇ ਕਰਜ਼ੇ ਕਿਉਂ ਨਹੀਂ ਮੁਆਫ਼ ਕੀਤੇ ਗਏ।ਮਜੀਠੀਆ ਨੇ ਕਿਹਾ ਕਿ ਕੈਪਟਨ ਦੇ ਕਿਸਾਨ ਹਿਤੈਸ਼ੀ ਹੋਣ ਬਾਰੇ ਲੋਕਾਂ ਨੂੰ ਕੋਈ ਭੁਲੇਖਾ ਨਹੀਂ ਹੈ, ਲੋਕ ਜਾਣਦੇ ਹਨ ਕਿ ਕੈਪਟਨ ਨੇ ਸਤਾ ਵਿੱਚ ਆਉਂਦਿਆਂ ਪਿਛਲੀ ਵਾਰ ਕਿਸਾਨਾਂ ਦੀਆਂ ਮੋਟਰਾਂ ਨੂੰ ਮਿਲਦੀ ਫਰੀ ਬਿਜਲੀ ਬੰਦ ਕਰ ਕੇ ਬਿਲ ਲਗਾ ਦਿੱਤੇ ਸਨ।
ਉਨਾ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਵੱਲੋਂ 27 ਹਜ਼ਾਰ ਕੱਚੇ, ਆਰਜ਼ੀ ਅਤੇ ਠੇਕਾ ਆਧਾਰਿਤ ਮੁਲਾਜ਼ਮਾਂ ਦੇ ਭਵਿੱਖ ਦਾ ਫੈਸਲਾ ਪੂਰੀ ਦ੍ਰਿੜ੍ਹਤਾ ਨਾਲ ਉਹਨਾਂ ਦੇ ਹੱਕ ਵਿੱਚ ਕਰਨ ਲਈ ਵਿਧਾਨ ਸਭਾ ਦੀ ਹੰਗਾਮੀ ਇਜਲਾਸ ਨੂੰ ਰੋਕਣ ਦੀ ਪੂਰੀ ਵਾਹ ਲਗਾ ਕੇ ਕੈਪਟਨ ਨੇ ਇੱਕ ਵਾਰ ਫਿਰ ਮੁਲਾਜ਼ਮ ਮਾਰੂ ਚਿਹਰਾ ਦਿਖਾ ਦਿਤਾ ਹੈ। ਅਜਿਹਾ ਹੀ ਉਹਨਾਂ ਐਸ ਵਾਈ ਐਲ ਨਹਿਰ ਸੰਬੰਧੀ ਬਿਲ ਪਾਸ ਕਰਨ ਲਈ ਸੱਦੇ ਇਜਲਾਸ ਦਾ ਬਾਈਕਾਟ ਕਰ ਕੇ ਕੀਤਾ।ਕੈਪਟਨ ਅਤੇ ਰਾਹੁਲ ਵੱਲੋਂ ਇੱਕ ਧਾਰਮਿਕ ਡੇਰੇ ਵਿੱਚ ਰਾਤ ਬਿਤਾਉਣ ਬਾਰੇ ਪੁੱਛੇ ਜਾਣ ‘ਤੇ ਮਜੀਠੀਆ ਨੇ ਕਿਹਾ ਕਿ ਕਾਂਗਰਸ ਆਪਣੀ ਨਮੋਸ਼ੀਜਨਕ ਹਾਰ ਨੂੰ ਦੇਖ ਕੇ ਬੌਖਲਾਹਟ ਅਤੇ ਨਿਰਾਸ਼ਾ ਵਿੱਚ ਹੈ।15 ਸਾਲਾਂ ਬਾਅਦ ਭਾਰਤ ਦਾ ਵਿਸ਼ਵ ਜੂਨੀਅਰ ਹਾਕੀ ਚੈਂਪੀਅਨਸ਼ਿਪ ਕੱਪ ਜਿੱਤਣ ‘ਤੇ ਮਜੀਠੀਆ ਨੇ ਪੂਰੀ ਟੀਮ ਅਤੇ ਭਾਰਤ ਵਾਸੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ 70 ਫੀਸਦੀ ਪੰਜਾਬੀ ਨੌਜਵਾਨ ਦੀ ਸ਼ਮੂਲੀਅਤ ਵਾਲੀ ਉਕਤ ਟੀਮ ਦਾ ਵਿਸ਼ਵ ਕੱਪ ਜਿੱਤਣਾ ਉਹਨਾਂ ਲੋਕਾਂ ਦੇ ਮੂੰਹ ‘ਤੇ ਕਰਾਰਾ ਚਪੇੜ ਹੈ ਜੋ ਕਹਿੰਦੇ ਹਨ ਕਿ ਪੰਜਾਬ ਦੇ ਨੌਜਵਾਨ ਨਸ਼ੇਈ ਹਨ। ਮਜੀਠੀਆ ਮੁੱਖ ਮੰਤਰੀ ਤੋਂ ਉਕਤ ਟੀਮ ਨੂੰ ਵੱਡਾ ਸਨਮਾਨ ਦੇਣ ਦੀ ਮੰਗ ਕਰਨਗੇ।ਇਸ ਮੌਕੇ ਮੇਜਰ ਸ਼ਿਵੀ, ਦਿਲਬਾਗ ਸਿੰਘ ਲਹਿਰਕਾ, ਸਰਪੰਚ ਸਤਪਾਲ ਸਿੰਘ, ਕੁਲਵਿੰਦਰ ਧਾਰੀਵਾਲ, ਹਿੰਮਤ ਸਿੰਘ ਕਾਦਰਾਬਾਦ, ਹਰਦੀਪ ਸਿੰਘ, ਗੁਰਵੇਲ ਸਿੰਘ ਅਲਕੜੇ, ਡਾ: ਰਛਪਾਲ, ਬਲਜੀਤ ਸਿੰਘ, ਬਾਪੂ ਕਰਮ ਸਿੰਘ, ਅਵਤਾਰ ਗਿੱਲ, ਸਤਨਾਮ ਸਿੰਘ ਅਬਦਾਲ, ਸੂਬੇਦਾਰ ਬਲਵਿੰਦਰ ਸਿੰਘ, ਪ੍ਰਿੰਸੀਪਲ ਕ੍ਰਿਸ਼ਨ ਲਾਲ, ਸੂਬੇਦਾਰ ਰਣਜੀਤ ਸਿੰਘ, ਸਤਨਾਮ ਸਿੰਘ ਬੀਈਓ, ਮਾ: ਬਲਵਿੰਦਰ ਸਿੰਘ,ਪਾਲ ਸਿੰਘ ਪਰਜਾਪਤ, ਤਰਲੋਕ ਸਿੰਘ, ਤੇ ਹੀਰਾ ਸਿੰਘ ਆਦਿ ਮੌਜੂਦ ਸਨ।

Check Also

ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …

Leave a Reply