
ਅੰਮ੍ਰਿਤਸਰ, 19 ਦਸੰਬਰ (ਗੁਰਪ੍ਰੀਤ ਸਿੰਘ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਭਾਰਤ ਸਮੇਤ ਸਮੁੱਚੇ ਸੰਸਾਰ ਵਿੱਚ ਵੱਸਦੇ ਗੁਰੂ ਨਾਨਕ ਨਾਮ ਲੇਵਾ ਸਿੱਖਾਂ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਉਹ 22 ਦਸੰਬਰ ਨੂੰ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜਾਦਿਆਂ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਸਵੇਰੇ 11 ਵਜੇ ਤੋਂ ਲੈ ਕੇ 11.30 ਵਜੇ ਤੱਕ ਜਪੁਜੀ ਸਾਹਿਬ ਤੇ ਚੌਪਈ ਸਾਹਿਬ ਦੇ ਪਾਠ ਕਰਨ ਉਪਰੰਤ ਸਰਬੱਤ ਦੇ ਭਲੇ ਦੀ ਅਰਦਾਸ ਕਰਨ।
ਜ਼ਿਕਰਯੋਗ ਹੈ ਕਿ 1704 ਈਸਵੀਂ ਵਿੱਚ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜਾਦੇ ਹੱਕ ਸੱਚ ਦੀ ਲੜਾਈ ਲੜਦਿਆਂ ਜ਼ਾਲਮ ਸ਼ਾਹੀ ਫੌਜਾਂ ਦੇ ਹੱਥੋਂ ਚਮਕੌਰ ਦੀ ਧਰਤੀ ਤੇ ਸ਼ਹਾਦਤ ਨੂੰ ਪ੍ਰਾਪਤ ਕਰ ਗਏ ਸਨ।ਗੁਰੂ ਜੀ ਦੇ ਛੋਟੇ ਸਾਹਿਬਜਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਹਿ ਸਿੰਘ ਨੂੰ ਸੂਬਾ ਸਰਹੰਦ ਦੇ ਜ਼ਾਲਮ ਵਜ਼ੀਰ ਖਾਂ ਨੇ ਨੀਂਹਾਂ ਵਿੱਚ ਚਿਣਵਾਂ ਕੇ ਸ਼ਹੀਦ ਕਰ ਕਰਵਾ ਦਿੱਤਾ ਸੀ।ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਸਾਹਿਬਜਾਦਿਆਂ ਦੇ ਸ਼ਹੀਦੀ ਜੋੜ ਮੇਲ ਸਮੇਂ ਆਉਣ ਵਾਲੀ ਸੰਗਤ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਸਾਫ-ਸਫਾਈ ਦਾ ਵਿਸ਼ੇਸ਼ ਧਿਆਨ ਰੱਖਣ ਅਤੇ ਲੰਗਰ ਦੇ ਪੰਡਾਲਾਂ ਵਿੱਚ ਮਰਯਾਦਾ ਦਾ ਵਿਸ਼ੇਸ਼ ਖਿਆਲ ਰੱਖਿਆ ਜਾਵੇ।
Punjab Post Daily Online Newspaper & Print Media