
ਅੰਮ੍ਰਿਤਸਰ, 22 ਦਸੰਬਰ (ਗੁਰਪ੍ਰੀਤ ਸਿੰਘ) – ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ-ਕੀਰਤਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਆਪਣੇ ਤੀਸਰੇ ਦਿਨ ਲਈ ਗੁਰਦੁਆਰਾ ਸ੍ਰੀ ਮੰਜੀ ਸਾਹਿਬ (ਬਾਉਲੀ ਸਾਹਿਬ) ਪਾਤਸ਼ਾਹੀ ਛੇਵੀਂ ਅਤੇ ਦਸਵੀਂ ਤੋਂ ਸ੍ਰੀ ਪਟਨਾ ਸਾਹਿਬ ਲਈ ਰਵਾਨਾ ਹੋਇਆ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ‘ਚ ਵਿਸ਼ਾਲ ਨਗਰ ਕੀਰਤਨ ਦੀ ਅਰੰਭਤਾ ਦੀ ਅਰਦਾਸ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੇ ਮ੍ਰੁੱਖ ਗ੍ਰੰਥੀ ਗਿਆਨੀ ਸਤਨਾਮ ਸਿੰਘ ਨੇ ਕੀਤੀ ਉਪਰੰਤ ਪਵਿੱਤਰ ਹੁਕਮਨਾਮਾ ਲਿਆ। ਸਤਿਨਾਮੁ ਵਾਹਿਗਰੂ ਦਾ ਜਾਪੁ ਕਰਨ ਉਪਰੰਤ ਪੰਜ ਪਿਆਰੇ ਸਾਹਿਬਾਨ ਤੇ ਨਿਸ਼ਾਨਚੀ ਸਿੰਘਾਂ ਨੂੰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ੍ਰ: ਬਲਦੇਵ ਸਿੰਘ ਕਾਇਮਪੁਰੀ ਨੇ ਸਿਰੋਪਾਓ ਦੇ ਕੇ ਦਸਮੇਸ਼ ਪਿਤਾ ਦੇ ਜਨਮ ਅਸਥਾਨ ਸ੍ਰੀ ਪਟਨਾ ਸਾਹਿਬ ਲਈ ਜੈਕਾਰਿਆਂ ਦੀ ਗੂੰਝ ਨਾਲ ਰਵਾਨਾ ਕੀਤਾ।
ਇਸ ਮੌਕੇ ‘ਤੇ ਸ੍ਰ: ਬਲਦੇਵ ਸਿੰਘ ਕਾਇਮਪੁਰ ਸੀਨੀਅਰ ਮੀਤ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਹਿਬ-ਏ-ਕਮਾਲ, ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸੰਗਤਾਂ ਨੂੰ ਵਧਾਈਆਂ ਦਿੰਦਿਆਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਵਿਲੱਖਣ ਤੇ ਬੇਮਿਸਾਲ ਹੈ। ਉਹ ਇਕ ਸਮਾਜ ਸੁਧਾਰਕ ਹੋਣ ਦੇ ਨਾਲ-ਨਾਲ ਇਨਕਲਾਬੀ ਵੀ ਸਨ। ਸ੍ਰੀ ਪਟਨਾ ਸਾਹਿਬ ਦੀ ਧਰਤੀ ‘ਤੇ ਜਨਮੇ ਕਲਗੀਧਰ ਦਸਮੇਸ਼ ਪਿਤਾ ਧਰਮ ਰੱਖਿਅਕ ਬਣ ਕੇ ਉੱਭਰੇ ਤੇ ਆਪਣਾ ਸਰਬੰਸ ਵਾਰਦਿਆਂ ਪਹਿਲਾਂ ਪਿਤਾ ਸ਼ਹੀਦ ਕਰਵਾਇਆ ਤੇ ਅੰਤ ਚਾਰੋਂ ਲਾਲ ਤੇ ਮਾਤਾ ਗੁੱਜਰ ਕੌਰ ਜੀ। ਗੁਰੂ ਸਾਹਿਬ ਨੇ ਗੁਰਮਤਿ ਦੇ ਆਦਰਸ਼ਾਂ ਨੂੰ ਸੰਪੂਰਨ ਰੂਪ ਵਿਚ ਸੰਪੰਨ ਕੀਤਾ। ਸਿੱਖ ਧਰਮ ਦੀ ਪੰਜ ਕਕਾਰੀ ਰਹਿਤ ਮਰਿਯਾਦਾ ਤੇ ਸਿੱਖੀ ਸਰੂਪ ਨਿਸ਼ਚਿਤ ਕਰਕੇ ਸਿੱਖ ਧਰਮ ਦੀ ਸਮਾਜ ਵਿੱਚ ਵੱਖਰੀ ਤੇ ਨਿਆਰੀ ਪਹਿਚਾਣ ਕਾਇਮ ਕੀਤੀ। ਉਨ੍ਹਾਂ ਸਮੁੱਚੀਆਂ ਸਿੱਖ ਸੰਗਤਾਂ ਨੂੰ ਗੁਰਬਾਣੀ ਅਨੁਸਾਰ ਆਪਣਾ ਜੀਵਨ ਢਾਲਣ ਤੇ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸੀਸ ਨਿਵਾਉਣ ਲਈ ਅਪੀਲ ਕੀਤੀ।
ਫੁੱਲਾਂ ਨਾਲ ਸਜ਼ੀ ਪਾਲਕੀ ਸਾਹਿਬ ਵਾਲੀ ਗੱਡੀ ਵਿੱਚ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਸ਼ੋਭਿਤ ਸਨ ਤੇ ਪਿੱਛੇ-ਪਿੱਛੇ ਗੁਰੂ ਸਾਹਿਬ ਜੀ ਦੇ ਸ਼ਸਤਰਾਂ-ਬਸਤਰਾਂ ਵਾਲੀ ਗੱਡੀ ਜਾ ਰਹੀ ਸੀ। ਜਿਸ ਵਿੱਚ ਮੀਰੀ-ਪੀਰੀ ਦੇ ਮਾਲਿਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸ਼ਸਤਰ ਅਤੇ ਚੋਲਾ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਸਤਰ ਅਤੇ ਹੱਥ ਲਿਖਤ ਪੋਥੀ ਸੁਸ਼ੋਭਿਤ ਸੀ। ਨਗਰ-ਕੀਰਤਨ ਦੀ ਅਰੰਭਤਾ ਤੋਂ ਪਹਿਲਾਂ ਅੰਬਾਲਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਵੱਲੋਂ ਸਕੂਲ ਬੈਂਡ ਨਾਲ ਜੁਗੋ-ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੁੰ ਸ਼ਰਧਾ ਤੇ ਸਤਿਕਾਰ ਭੇਟ ਕਰਦਿਆਂ ਸਲਾਮੀ ਦਿੱਤੀ ਗਈ। ਦੂਰ ਦੁਰਾਡੇ ਤੋਂ ਆਈਆਂ ਸੰਗਤਾਂ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਿਕ ਹੋ ਕੇ ਅਤੇ ਸ਼ਸਤਰਾਂ-ਬਸਤਰਾਂ ਦੇ ਦਰਸ਼ਨ-ਦੀਦਾਰੇ ਕਰਕੇ ਨਿਹਾਲ ਹੋ ਰਹੀਆਂ ਸਨ। ਨਗਰ ਕੀਰਤਨ ਦੇ ਅੱਗੇ-ਅੱਗੇ ਨਗਾਰਚੀ ਸਿੰਘ ਚੜ੍ਹਦੀ ਕਲਾ ਦਾ ਪ੍ਰਤੀਕ ਨਗਾਰਾ ਵਜਾ ਰਹੇ ਸਨ। ਨਗਰ ਕੀਰਤਨ ‘ਚ ਧਾਰਮਿਕ ਸਭਾ ਸੁਸਾਇਟੀਆਂ, ਗੱਤਕਾ ਪਾਰਟੀਆਂ, ਸਕੂਲਾਂ/ਕਾਲਜਾਂ ਦੇ ਵਿਦਿਆਰਥੀਆਂ ਤੋਂ ਇਲਾਵਾ ਵੱਡੀ ਗਿਣਤੀ ‘ਚ ਸੰਗਤ ਨੇ ਸਤਿਨਾਮੁ ਵਾਹਿਗੁਰੂ ਦਾ ਜਾਪੁ ਕਰਦਿਆਂ ਹੋਇਆਂ ਸ਼ਮੂਲੀਅਤ ਕੀਤੀ।
ਸ੍ਰ: ਬਲਦੇਵ ਸਿੰਘ ਕਾਇਮਪੁਰ ਸੀਨੀਆ ਮੀਤ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਗਰ-ਕੀਰਤਨ ਵਿੱਚ ਹਾਜ਼ਰ ਸ੍ਰ: ਰਘੂਜੀਤ ਸਿੰਘ ਵਿਰਕ ਸਾਬਕਾ ਸੀਨੀਅਰ ਮੀਤ ਪ੍ਰਧਾਨ ਸ਼ੋ੍ਰਮਣੀ ਕਮੇਟੀ, ਸ੍ਰ: ਹਰਭਜਨ ਸਿੰਘ, ਸ੍ਰ: ਭੂਪਿੰਦਰ ਸਿੰਘ ਅਸੰਦ, ਸ੍ਰ: ਨਿਰਮਲ ਸਿੰਘ ਜੌਲਾ ਕਲਾਂ ਮੈਂਬਰ ਤੇ ਬੀਬੀ ਮਨਜੀਤ ਕੌਰ ਮੈਂਬਰ ਸ਼ੋ੍ਰਮਣੀ ਕਮੇਟੀ, ਸ੍ਰ: ਗੁਰਦੀਪ ਸਿੰਘ ਭਾਨੋਖੇੜੀ ਸਾਬਕਾ ਮੈਂਬਰ ਅਤੇ ਅੰਬਾਲਾ ਸ਼ਹਿਰ ਦੇ ਆਹਲਾ ਅਧਿਕਾਰੀਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
ਇਸ ਤੋਂ ਪਹਿਲਾਂ ਹਰਿਆਣਾ ਰਾਜ ਵਿੱਚ ਦਾਖਲ ਹੁੰਦਿਆਂ ਹਰਿਆਣਾ ਸਰਕਾਰ ਵੱਲੋਂ ਸ੍ਰ: ਬਖਸ਼ੀਸ਼ ਸਿੰਘ ਵਿਰਕ ਚੀਫ਼ ਪਾਰਲੀਮਾਨੀ ਸਕੱਤਰ, ਅੰਬਾਲਾ (ਹਰਿਆਣਾ), ਸ੍ਰ: ਨਾਇਬ ਸਿੰਘ ਸੈਣੀ ਰਾਜ ਮੰਤਰੀ ਹਰਿਆਣਾ, ਸ੍ਰੀ ਅਸੀਮ ਗੋਇਲ ਵਿਧਾਇਕ, ਸ੍ਰੀ ਮਤੀ ਬੰਤੋ ਕਟਾਰੀਆ ਸੁਪੱਤਨੀ ਸ੍ਰੀ ਰਤਨ ਲਾਲ ਕਟਾਰੀਆ ਮੈਂਬਰ ਪਾਰਲੀਮੈਂਟ, ਸ੍ਰ: ਪ੍ਰਭਜੋਤ ਸਿੰਘ ਡਿਪਟੀ ਕਮਿਸ਼ਨਰ, ਹਰਿਆਣਾ, ਸ੍ਰੀ ਅਭਿਸ਼ੇਕ ਜੋਰਵਾਲ ਡੀ ਐਸ ਪੀ, ਸ੍ਰੀ ਸੁਭਾਸ਼ ਚੰਦਰ ਜੀ ਸਹਿਵਾਲ ਐਸ ਡੀ ਐਮ ਅੰਬਾਲਾ, ਸ੍ਰ: ਪਰਮਜੀਤ ਸਿੰਘ ਡੀ ਪੀ ਆਰ ਓ, ਸ੍ਰ: ਹਰਦੀਪ ਸਿੰਘ ਏ ਪੀ ਆਰ ਓ ਅਤੇ ਹਰਿਆਣਾ ਰਾਜ ਦੀਆਂ ਜਾਨੀਆਂ ਮਾਨੀਆਂ ਹਸਤੀਆਂ ਨੇ ਨਗਰ-ਕੀਰਤਨ ਦਾ ਜੋਰਦਾਰ ਸਵਾਗਤ ਕੀਤਾ। ਸ਼ੋ੍ਰਮਣੀ ਕਮੇਟੀ ਦੇ ਮੀਤ ਸਕੱਤਰ ਸ੍ਰ: ਚਾਨਣ ਸਿੰਘ ਨੇ ਸਾਰੀਆਂ ਪ੍ਰਮੁੱਖ ਸਖ਼ਸ਼ੀਅਤਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
ਇਹ ਨਗਰ ਕੀਰਤਨ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ 31 ਦਸੰਬਰ ਨੂੰ ਪਹੁੰਚਕੇ ਦਸਮ ਪਿਤਾ ਦੇ ਪ੍ਰਕਾਸ਼ ਦਿਹਾੜੇ ਸਬੰਧੀ ਸਮਾਗਮਾ ਵਿੱਚ ਸ਼ਮੂਲੀਅਤ ਕਰੇਗਾ। ਗੁਰਦੁਆਰਾ ਸ੍ਰੀ ਮੰਜੀ ਸਾਹਿਬ ਅੰਬਾਲਾ (ਹਰਿਆਣਾ) ਤੋਂ ਰਵਾਨਾ ਹੋ ਕੇ ਨਗਰ-ਕੀਰਤਨ ਵਾਇਆ ਜਗਾਧਰੀ ਤੋਂ ਹੁੰਦਾ ਹੋਇਆ ਰਾਤ ਦਾ ਵਿਸ਼ਰਾਮ ਗੁਰਦੁਆਰਾ ਸ੍ਰੀ ਕਪਾਲ ਮੋਚਨ ਸਾਹਿਬ (ਹਰਿਆਣਾ) ਵਿਖੇ ਹੋਵੇਗਾ। ਅੱਜ 23 ਦਸੰਬਰ ਨੂੰ ਇਹ ਨਗਰ-ਕੀਰਤਨ ਗੁਰਦੁਆਰਾ ਸ੍ਰੀ ਕਪਾਲ ਮੋਚਨ ਸਾਹਿਬ ਤੋਂ ਰਵਾਨਾ ਹੋ ਕੇ ਜਗਾਧਰੀ, ਯਮੁਨਾ ਨਗਰ, ਸਿਰਸਾਵਾਂ, ਸਹਾਰਨਪੁਰ ਤੋਂ ਹੁੰਦਾ ਹੋਇਆ ਰਾਤ ਦਾ ਵਿਸ਼ਰਾਮ ਨਾਨਕਪੁਰਾ ਆਸ਼ਰਮ ਹਰਿਦੁਆਰ (ਉੱਤਰਾਖੰਡ) ਵਿਖੇ ਕਰੇਗਾ।
ਇਸ ਮੌਕੇ ਸ੍ਰ: ਲਖਵਿੰਦਰ ਸਿੰਘ ਵਧੀਕ ਮੈਨੇਜਰ, ਸ੍ਰ: ਪਰਮਜੀਤ ਸਿੰਘ ਮੈਨੇਜਰ ਗੁਰਦੁਆਰਾ ਮੰਜੀ ਸਾਹਿਬ ਅੰਬਾਲਾ, (ਹਰਿਆਣਾ), ਸ੍ਰ: ਜਰਨੈਲ ਸਿੰਘ ਡੀਂਗਰਾ ਮੈਨੇਜਰ ਗੁਰਦੁਆਰਾ ਪੰਚਕੂਲਾ, ਹਰਿਆਣਾ, ਸ੍ਰ: ਸੁਖਦੇਵ ਸਿੰਘ ਮੈਨੇਜਰ, ਸ੍ਰ: ਨਰਿੰਦਰਜੀਤ ਸਿੰਘ ਮੈਨੇਜਰ ਗੁਰਦੁਆਰਾ ਸਾਹਿਬ ਕਪਾਲ ਮੋਚਨ, ਸ੍ਰ: ਮੰਗ ਪ੍ਰੀਤ ਸਿੰਘ ਇੰਚਾਰਜ ਸਿੱਖ ਮਿਸ਼ਨ, ਹਰਿਆਣਾ, ਸ੍ਰ: ਪਰਮਜੀਤ ਸਿੰਘ ਇੰਚਾਰਜ ਸਬ-ਆਫ਼ਿਸ, ਕੁਰਕੂਸ਼ੇਤਰ, ਹਰਿਆਣਾ, ਸ੍ਰ: ਸਤਨਾਮ ਸਿੰਘ ਤੇ ਸ੍ਰ: ਤੇਜਿੰਦਰ ਸਿੰਘ ਪੱਡਾ ਇੰਚਾਰਜ, ਬਾਬਾ ਅਜੀਤ ਮੁੱਖ ਸੇਵਾਦਾਰ ਬਾਬਾ ਦੀਪ ਸਿੰਘ ਟਰੱਸਟ, ਬਾਬਾ ਹਰੀ ਸਿੰਘ ਟਾਹਲੀ ਸਾਹਿਬ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦਾ ਸਟਾਫ ਤੇ ਵੱਡੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ।
Check Also
ਨਗਰ ਨਿਗਮ ਵੱਲੋਂ ਵਿਸ਼ਾਲ ਐਂਟੀ-ਇਨਕਰੋਚਮੈਂਟ ਵਿਸ਼ੇਸ਼ ਮੁਹਿੰਮ ਚਲਾਈ ਗਈ
ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਗੋਲ ਬਾਗ (ਰੇਲਵੇ ਸਟੇਸ਼ਨ ਦੇ …
Punjab Post Daily Online Newspaper & Print Media