
ਫਾਜ਼ਿਲਕਾ, 25 ਦਸੰਬਰ (ਵਿਨੀਤ ਅਰੋੜਾ)- ਅੱਜ ਅਕਾਲੀ ਭਾਜਪਾ ਗਠਜੋੜ ਵੱਲੋਂ ਫਾਜ਼ਿਲਕਾ ਦੇ ਸਰਕਾਰੀ ਐਮ.ਆਰ ਕਾਲਜ ਦੇ ਖੇਡ ਸਟੇਡੀਅਮ ਵਿਚ ਕੀਤੀ ਜਾ ਰਹੀ ਵਿਸ਼ਾਲ ਕਿਸਾਨ ਰੈਲੀ ਦੌਰਾਨ ਸੀਪੀਐਫ ਕਰਮਚਾਰੀ ਯੂਨੀਅਨ ਵੱਲੋਂ ਆਪਣੀ ਇੱਕੋ ਇੱਕ ਹੱਕੀ ਅਤੇ ਜਾਇਜ ਮੰਗ ਪੁਰਾਣੀ ਪੈਨਸ਼ਨ ਬਹਾਲ ਕਰਨ ਸਬੰਧੀ ਕੀਤੇ ਜਾਣ ਵਾਲੇ ਗੁਪਤ ਐਕਸ਼ਨ ਦੇ ਐਲਾਣ ਕਾਰਨ ਜਿੱਥੇ ਭਾਰਤ ਦੇ ਗ੍ਰਹਿ ਮੰਤਰੀ ਰਾਜ ਨਾਥ ਸਿੰਘ ਅਤੇ ਮੁੱਖ ਮੰਤਰੀ ਪੰਜਾਬ ਪਰਕਾਸ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਨੇ ਰੈਲੀ ਵਿਚ ਆਉਣ ਦਾ ਪ੍ਰੋਗਰਾਮ ਰੱਦ ਕਰ ਦਿੱਤਾ। ਉਥੇ ਹੀ ਦੂਜੇ ਪਾਸੇ ਪੰਜਾਬ ਪੁਲਸ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਉਸ ਸਮੇਂ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਵੱਖ ਵੱਖ ਜ਼ਿਲ੍ਹਿਆਂ ਤੋਂ ਆਏ ਵੱਡੀ ਗਿਣਤੀ ਵਿਚ ਸੀਪੀਐਫ ਕਰਮਚਾਰੀਆਂ ਨੇ ਗੁਪਤ ਐਕਸ਼ਨ ਦੇ ਐਲਾਨ ਦੇ ਤਹਿਤ ਫਾਜ਼ਿਲਕਾ ਦੇ ਰੇਲਵੇ ਓਵਰਬ੍ਰਿਜ਼ ਤੇ ਧਰਨਾ ਦੇਕੇ ਆਵਾਜ਼ਾਈ ਠੱਪ ਕਰ ਦਿੱਤੀ।
ਇਸ ਮੌਕੇ ਇੱਕ ਪਾਸੇ ਜਿੱਥੇ ਕਰਮਚਾਰੀਆਂ ਨੇ ਆਪਣੀ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਮੰਗ ਕੀਤੀ ਉੱਥੇ ਹੀ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀਆਂ ਕਰਮਚਾਰੀ ਵਿਰੋਧੀ ਨੀਤੀਆਂ ਅਤੇ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ, ਪੁਲਸ ਪ੍ਰਸ਼ਾਸਨ ਵੱਲੋਂ ਕਰਮਚਾਰੀਆਂ ਨਾਲ ਕੀਤੇ ਜਾਣ ਵਾਲੇ ਰਵਈਏ ਸਬੰਧੀ ਜ਼ੋਰਦਾਰ ਨਾਅਰੇਬਾਰੀ ਕਰਕੇ ਪਿਟਸਿਆਪਾ ਵੀ ਕੀਤਾ।ਹਾਜ਼ਰੀਨ ਨੂੰ ਸੰਬੋਧਤ ਕਰਦੇ ਹੋਏ ਯੂਨੀਅਨ ਦੇ ਸੂਬਾ ਪ੍ਰਧਾਨ ਸਖਜੀਤ ਸਿੰਘ ਨੇ ਕਿਹਾ ਕਿ ਸੀਪੀਐਫ ਕਰਮਚਾਰੀ ਯੂਨੀਅਨ ਪੰਜਾਬ ਵੱਲੋਂ ਲਗਭਗ ਪਿਛਲੇ ਇੱਕ ਮਹੀਨੇ ਤੋਂ ਆਪਣੀ ਇੱਕੋ ਇੱਕ ਹੱਕੀ ਅਤੇ ਜਾਇਜ ਮੰਗ ਪਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕਰਵਾਉਣ ਸਬੰਧੀ ਪੰਜਾਬ ਦੇ ਉੱਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਵਿਧਾਨ ਸਭਾ ਹਲਕੇ ਜਲਾਲਾਬਾਦ ਵਿਚ ਪੱਕਾ ਮੋਰਚਾ ਲਗਾਤਾਰ ਜਾਰੀ ਹੈ। ਉਨ੍ਹਾਂ ਕਿਹਾ ਕਿ ਇਸ ਪੱਕੇ ਮੋਰਚੇ ਦੌਰਾਨ ਜਿੱਥੇ ਉਪ ਮੁੱਖ ਮੰਤਰੀ ਵੱਲੋਂ ਉਨ੍ਹਾਂ ਦੀ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਉਨ੍ਹਾਂ ਨਾਲ ਦੋ ਵਾਰ ਮੀਟਿੰਗਾਂ ਕਰਕੇ ਲਾਅਰੇ ਲਗਾਏ ਗਏ ਉੱਥੇ ਹੀ ਰਾਤ ਦੇ ਸਮੇਂ ਪੱਕੇ ਮੋਰਚੇ ਵਾਲੀ ਥਾਂ ਤੇ ਟੈਂਟ ਲਗਾਉਣ ਲਈ ਜਲਾਲਾਬਾਦ ਪੁਲਸ ਪ੍ਰਸ਼ਾਸਨ ਵੱਲੋਂ ਇਜਾਜਤ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਪਿਛਲੇ 25 ਦਿਨਾਂ ਤੋਂ ਯੂਨੀਅਨ ਦਾ ਜਲਾਲਾਬਾਦ ਵਿਚ ਪੱਕਾ ਮੋਰਚਾ ਜਾਰੀ ਹੈ ਅਤੇ ਰਾਤ ਨੂੰ ਕੜਕਦੀ ਠੰਡ ਦੌਰਾਨ ਵੀ ਬਿਨਾ ਟੈਂਟ ਤਰਪੈਲ ਤੋਂ ਕਰਮਚਾਰੀ ਆਪਣੀ ਹੱਕੀ ਮੰਗ ਪੁਰਾਣੀ ਪੈਨਸ਼ਨ ਲਈ ਡੱਟੇ ਹੋਏ ਹਨ। ਪਰ ਇਸ ਨਿਕਮੀ ਸਰਕਾਰ ਅਤੇ ਉਸਦੀ ਅਸਫ਼ਰਸ਼ਾਹੀ ਵੱਲੋਂ ਕਰਮਚਾਰੀਆਂ ਦੀਆਂ ਮੰਗ ਵੱਲ ਧਿਆਨ ਨਾ ਦੇਕੇ ਉਨ੍ਹਾਂ ਨੂੰ ਲਾਅਰੇ ਲਗਾਏ ਜਾ ਰਹੇ ਹਨ ਅਤੇ ਇਹ ਸਰਕਾਰ ਮੰਗ ਮੰਨਣ ਦੀ ਥਾਂ ਤੇ ਅੱਖਾਂ ਬੰਦ ਕਰਕੇ ਬੈਠੀ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਦੇ ਸੀਪੀਐਫ ਕਰਮਚਾਰੀਆਂ ਪ੍ਰਤੀ ਇਸ ਰਵਈਏ ਤੋਂ ਤੰਗ ਆਕੇ ਅੱਜ ਪੰਜਾਬ ਕਿਸਾਨ ਰੈਲੀ ਦੇ ਮੌਕੇ ਤੇ ਸੀਪੀਐਫ ਕਰਮਚਾਰੀ ਧਰਨਾ ਅਤੇ ਆਵਾਜ਼ਾਈ ਠੱਪ ਕਰਨ ਲਈ ਮਜ਼ਬੂਰ ਹੋ ਗਏ ਹਨ। ਉਨ੍ਹਾਂ ਕਿਹਾ ਕਿ ਕਰਮਚਾਰੀ ਆਪਣਾ ਸੰਘਰਸ਼ ਲਗਾਤਾਰ ਜਾਰੀ ਰੱਖਣਗੇ ਅਤੇ ਸਰਕਾਰ ਨੂੰ ਕਰਮਚਾਰੀਆਂ ਦੀ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਮੰਗ ਪ੍ਰਤੀ ਅੱਖਾਂ ਖੋਲਣ ਲਈ ਮਜ਼ਬੂਰ ਕਰ ਦੇਣਗੇ। ਇਸ ਤੋਂ ਪਹਿਲਾਂ ਪੁਲਸ ਪ੍ਰਸ਼ਾਸਨ ਵੱਲੋਂ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਨਾਲ ਮੁਲਾਕਾਤ ਕਰਵਾਉਣ ਲਈ ਸੁਖਜੀਤ ਸਿੰਘ ਅਤੇ ਨਿਸ਼ਾਂਤ ਅਗਰਵਾਲ, ਅਮਨਦੀਪ ਸਿੰਘ ਅਤੇ ਰਾਧੇਸ਼ਾਮ ਨੂੰ ਰੈਲੀ ਵਾਲੀ ਥਾਂ ਤੇ ਲੈ ਗਏ ਅਤੇ ਨਜ਼ਰਬੰਦ ਕਰ ਦਿੱਤਾ।ਇਨ੍ਹਾਂ ਨੂੰ ਨਾ ਛੱਡਣ ਤੇ ਕਰਮਚਾਰੀਆਂ ਵੱਲੋਂ ਇਹ ਰੋਸ ਧਰਨਾ ਲਗਾਇਆ ਗਿਆ।ਕੁੱਝ ਕਰਮਚਾਰੀ ਮੌਕੇ ਤੇ ਪਹੁੰਚੇ ਜਿਨ੍ਹਾਂ ਨੇ ਸੀਪੀਐਫ ਕਰਮਚਾਰੀਆਂ ਨੇ ਧਰਨਾ ਚੁੱਕਣ ਦੀ ਗੱਲ ਕਹੀ ਤਾਕਿ ਆਵਾਜ਼ਾਈ ਨੂੰ ਸ਼ੁਰੂ ਕਰਵਾਇਆ ਜਾ ਸਕੇ ਪਰ ਸੀ.ਪੀ.ਐਫ ਕਰਮਚਾਰੀ ਆਪਣੀ ਮੰਗ ਤੇ ਡਟੇ ਰਹੇ। ਜਿਸ ਤੋਂ ਬਾਅਦ ਵੱਡੀ ਗਿਣਤੀ ਵਿਚ ਪੰਜਾਬ ਦੇ ਪੁਲਸ ਦੇ ਅਧਿਕਾਰੀ ਅਤੇ ਕਰਮਚਾਰੀ ਮੌਕੇ ਤੇ ਆਏ ਅਤੇ ਜਿਨ੍ਹਾਂ ਨੇ ਬਿਨਾ ਕੋਈ ਗੱਲਬਾਤ ਕੀਤੇ ਜਬਰਦਸਤੀ ਕਰਮਚਾਰੀਆਂ ਨੂੰ ਫੜ੍ਹ ਕੇ ਪੰਜਾਬ ਪੁਲਸ ਦੀ ਬੱਸ ਵਿਚ ਚੜ੍ਹਾਕੇ ਥਾਣੇ ਲੈ ਗਏ।ਕਰਮਚਾਰੀਆਂ ਵੱਲੋਂ ਕੁਝ ਸੀਪੀਐਫ ਕਰਮਚਾਰੀਆਂ ਨਾਲ ਧੱਕਾਮੁੱਕੀ ਕਰਦੇ ਹੋਏ ਮਾਰਕੁੱਟ ਵੀ ਕੀਤੀ ਗਈ।
ਇਸ ਮੋਕੇ ਜਨਰਲ ਸਕੱਤਰ ਰਣਬੀਰ ਸਿੰਘ ਢੰਡੇ, ਸੁਖਜੀਤ ਸਿੰਘ, ਅਮਨਦੀਪ ਸਿੰਘ, ਸੰਗਤ ਸਿੰਘ, ਹਰਜੀਤ ਤਲਵਾਰ, ਦਵਿੰਦਰ ਕੁਮਾਰ, ਰਕੇਸ਼ ਮੀਨੂ, ਗੋਰਵ, ਅਨਿਲ ਕੁਮਾਰ, ਗੁਰਪ੍ਰੀਤ ਸਿੰਘ, ਸੱਚਦੇਵ, ਚੰਦਰ ਸ਼ੇਖਰ, ਲਵਕੁਸ਼, ਸੀਸ਼ੂਪਾਲ, ਜਤਿੰਦਰ ਧੂੜੀਆ, ਧਰਮਿੰਦਰ ਗੁਪਤਾ, ਕੁਲਦੀਪ ਸਬਰਵਾਲ, ਅਮਨ ਬਰਾੜ, ਨਿਸ਼ਾਂਤ ਅਗਰਵਾਲ, ਸਵੀਕਾਰ ਗਾਂਧੀ, ਜਲਾਲਾਬਾਦ ਤੋਂ ਰਾਧੇਸ਼ਾਮ, ਵਿਨੈ ਮੱਕੜ, ਪ੍ਰਦੀਪ ਕਾਲੜਾ, ਅਮਨਦੀਪ ਸੋਢੀ, ਦਪਿੰਦਰ ਸਿੰਘ, ਸਤਿੰਦਰ ਸਚਦੇਵਾ, ਵਰਿੰਦਰ ਸਿੰਘ, ਜਗਨੰਦਨ ਸਿੰਘ ਜ਼ਿਲ੍ਹਾ ਪ੍ਰਧਾਨ ਈਟੀਯੂ ਫਾਜ਼ਿਲਕਾ, ਅਸ਼ੋਕ ਸਰਾਰੀ, ਦਰਸ਼ਨ ਸਿੰਘ, ਪਰਮਿੰਦਰ ਸਿੰਘ, ਹਰਪ੍ਰੀਤ ਸਿੰਘ, ਸ਼ਾਮ ਚੰਦਰ, ਸਤੀਸ਼ ਕੁਮਾਰ, ਹਰਕੰਵਲ ਲੁਧਿਆਣਾ ਤੋਂ, ਭੁਪਿੰਦਰ ਸਿੰਘ, ਨਰਿੰਦਰ ਸਿੰਘ ਪਟਵਾਰੀ ਆਨੰਦਪੁਰ ਸਾਹਿਬ, ਵਿਨੈ ਮੱਕੜ, ਰਾਧੇਸ਼ਾਮ, ਅਮਨਦੀਪ ਸਿੰਘ, ਓਮ ਪ੍ਰਕਾਸ਼ ਅਤੇ ਹੋਰ ਕਰਮਚਾਰੀ ਹਾਜ਼ਰ ਸਨ।
Punjab Post Daily Online Newspaper & Print Media