
ਪਠਾਨਕੋਟ, 27 ਦਸੰਬਰ (ਪੰਜਾਬ ਪੋਸਟ ਬਿਊਰੋ)- ਖੇਤੀਬਾੜੀ ਵਿਭਾਗ ਵੱਲੋਂ ਸਾਲ 2016 ਦੌਰਾਨ ਕੀਤੀਆਂ ਗਤੀਵਿਧੀਆਂ ਨਾਲ ਜਿਥੇ ਜ਼ਿਲੇ ਦੇ ਕਿਸਾਨਾਂ ਅੰਦਰ ਨਵੀਆਂ ਆਸਾਂ ਵਿੱਚ ਵਾਧਾ ਹੋਇਆ ਹੈ, ਉਥੇ ਇਹ ਸਾਲ ਖੇਤੀਬਾੜੀ ਵਿਭਾਗ ਦੁਆਰਾ ਪ੍ਰਾਪਤ ਕੀਤੀਆਂ ਮਾਣਮੱਤੀ ਪ੍ਰਾਪਤੀਆਂ ਕਾਰਨ ਕਈ ਪੱਖਾਂ ਤੋਂ ਯਾਦਗਾਰੀ ਰਹੇਗਾ। ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਕੁਮਾਰ ਨੇ ਦੱਸਿਆ ਕਿ ਜ਼ਿਲਾ ਪਠਾਨਕੋਟ ਦਾ ਕੁੱਲ 47653 ਹੈਕਟੇਅਰ ਵਾਹੀਯੋਗ ਰਕਬਾ ਹੈ ਜਿਸ ਵਿੱਚੋਂ 25188 ਹੈਕਟੇਅਰ ਸਿੰਚਿਤ ਅਤੇ 20777 ਹੈਟੇਅਰ ਰਕਬਾ ਬਾਰਾਨੀ ਹੈ। ਉਨਾਂ ਕਿਹਾ ਕਿ ਜ਼ਿਲਾ ਪਠਾਨਕੋਟ ਦੀਆਂ ਪ੍ਰਸਥਿਤੀਆਂ ਬਹੁਭਾਂਤੀ ਹੋਣ ਕਾਰਨ ਕਿਸਾਨਾਂ ਦੀਆਂ ਸਮੱਸਿਆਵਾਂ ਜਿਵੇਂ ਬਾਰਾਨੀ ਖੇਤੀ ਦੀ ਅਨਿਸ਼ਤਤਾ, ਜੰਗਲੀ ਜਾਨਵਰਾਂ ਤੋਂ ਫਸਲਾਂ ਨੂੰ ਖਤਰਾ, ਖੇਤੀ ਜਿਨਸਾਂ ਦਾ ਸੁਚੱਜਾ ਮੰਡੀਕਰਨ ਨਾ ਹੋਣਾ, ਮੱਕੀ ਦੀ ਫਸਲ ਨੂੰ ਬਿਮਾਰੀਆਂ ਦਾ ਵਧੇਰੇ ਲੱਗਣਾ, ਸਬਜ਼ੀਆਂ ਹੇਠ ਘੱਟ ਰਕਬਾ,ਕਣਕ ਅਤੇ ਝੋਨੇ ਦੀ ਪ੍ਰਤੀ ਹੈਕਟੇਅਰ ਉਤਪਾਦਕਤਾ ਦਾ ਘੱਟ ਹੋਣਾ ਆਦਿ ਵੀ ਬਹੁਭਾਂਤੀ ਹਨ ਜੋ ਕਿਸਾਨਾਂ ਦੀ ਆਰਥਿਕਤਾ ਨੂੰ ਪ੍ਰਭਾਵਤ ਕਰਦੀਆਂ ਹਨ। ਉਨਾਂ ਕਿਹਾ ਕਿ ਖੇਤੀਬਾੜੀ ਵਿਭਾਗ ਵੱਲੋਂ ਸਿਖਲਾਈ ਕੈਂਪਾਂ,ਸ਼ੋਸ਼ਲ ,ਪ੍ਰਿੰਟ ਅਤੇ ਬਿਜਲਈ ਸੰਚਾਰ ਸਾਧਨਾਂ ਦੀ ਵਰਤੋਂ ਕਰਦਿਆਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨਾਲ ਪੈਦਾ ਹੁੰਦੇ ਦੁਸ਼ਟ ਪ੍ਰਭਾਵਾਂ ਬਾਰੇ ਜਾਗਰੁਕ ਕਰਨ ਲਈ ਕੀਤੇ ਉਪਰਾਲਿਆਂ ਸਦਕਾ ਇਸ ਵਾਰ ਜ਼ਿਲਾ ਪਠਾਨਕੋਟ ਦੇ ਕਿਸਾਨਾਂ ਨੇ ਝੋਨੇ ਦੀ ਪਰਾਲੀ ਨਾਂ ਸਾੜਣ ਕਾਰਨ ਪ੍ਰਦੂਸ਼ਣ ਨਾਮਾਤਰ ਰਿਹਾ ਹੈ,ਜਿਸ ਦੀ ਪੁਸ਼ਟੀ ਅਮਰੀਕਾ ਦੀ ਨਾਸਾ ਏਜੰਸੀ ਵੱਲੋਂ ਜਾਰੀ ਕੀਤੀ ਤਸਵੀਰ ਤੋਂ ਵੀ ਹੁੰਦੀ ਹੈ।ਇਸ ਤੋਂ ਇਲਾਵਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਪੰਜਾਬ ਪੁਲਿਸ ਵੱਲੋਂ ਵਿਖਾਈ ਮੁਸਤੈਦੀ ਕਾਰਨ ਹਵਾ ਦਾ ਪ੍ਰਦੂਸ਼ਣ ਖਤਮ ਕਰਨ ਵਿੱਚ ਮਦਦ ਮਿਲੀ ਹੈ।ਜ਼ਿਲੇ ਦੇ ਕਿਸਾਨਾਂ ਨੇ ਵੀ ਜ਼ਿਲਾ ਪ੍ਰਸ਼ਾਸ਼ਣ ਅਤੇ ਖੇਤੀਬਾੜੀ ਵਿਭਾਗ ਨਾਲ ਸਹਿਯੋਗ ਕਰਦਿਆਂ ਝੋਨੇ ਦੀ ਪਰਾਲੀ ਨੂੰ ਸਾੜਣ ਦੀ ਬਿਜਾਏ ਗੁੱਜਰ ਭਾਈਚਾਰੇ ਨੂੰ ਔਸਤਣ 4200/- ਰੁਪਏ ਪ੍ਰਤੀ ਏਕੜ ਪਰਾਲੀ ਵੇਚ ਕੇ ਜ਼ਿਲਾ ਪਠਾਨਕੋਟ ਨੂੰ ਪ੍ਰਦੂਸ਼ਣ ਰਹਿਤ ਕਰਨ ਵਿੱਚ ਮਦਦ ਕੀਤੀ ਹੈ,ਇਸ ਤਰਾਂ ਕਿਸਾਨਾਂ ਨੂੰ ਤਕਰੀਬਨ 112 ਕਰੋੜ ਦਾ ਸਿੱਧੇ ਅਤੇ ਅਸਿੱਧੇ ਤੌਰ ਤੇ ਫਾਇਦਾ ਹੋਇਆ ਹੈ।ਖੇਤੀਬਾੜੀ ਵਿਭਾਗ ਵੱਲੋਂ ਜ਼ਿਲੇ ਅੰਦਰ ਕਿਸਾਨਾਂ ਅਤੇ ਸਹਿਕਾਰੀ ਸਭਾਵਾਂ ਕੋਲ ਮੌਜੂਦ ਹੈਪੀਸੀਡਰ, ਜ਼ੀਰੋ ਡਰਿਲ ਅਤੇ ਚੌਪਰ ਕਮ ਸ਼ਰੈਡਰ ਦੀ ਵਰਤੋਂ ਕਰਦਿਆਂ ਝੋਨੇ ਦੀ ਪਰਾਲੀ ਸਾੜੇ ਬਗੈਰ ਕਣਕ ਦੀ ਬਿਜਾਈ ਨੂੰ ਉਤਸ਼ਾਹਿਤ ਕੀਤਾ ਗਿਆ ਹੈ।ਉਨਾਂ ਦੱਸਿਆ ਕਿ ਖੇਤੀ ਜਿਨਸਾਂ ਦੇ ਸਿੱਧੇ ਮੰਡੀਕਰਨ ਨੂੰ ਉਤਸ਼ਾਹਿਤ ਕਰਨ ਲਈ ਖੇਤ ਤੋਂ ਘਰ ਤੱਕ ਨਾਮ ਦੀ ਵੈਬਸਾਈਟ ਅਤੇ ਮੋਬਾਇਲ ਐਪ ਜਾਰੀ ਕੀਤੀ ਗਈ।ਉਨਾਂ ਦੱਸਿਆ ਕਿ ਵੈਬਸਾਈਟ ਅਤੇ ਸ਼ੋਸ਼ਲ ਮੀਡੀਆ ਦੀ ਵਰਤੋਂ ਨਾਲ ਦੇਸੀ ਮੱਕੀ ਉਤਪਾਦਕਾਂ ਨੂੰ 700/- ਰੁਪਏ ਪ੍ਰਤੀ ਕੁਇੰਟਲ ਵਧੇਰੇ ਆਮਦਨ ਹੋਈ ਜਿਸ ਨਾਲ ਭਵਿੱਖ ਵਿੱਚ ਮੱਕੀ ਹੇਠ ਰਕਬਾ ਵਧਾਉਣ ਵਿੱਚ ਮਦਦ ਮਿਲੇਗੀ।ਉਨਾਂ ਦੱਸਿਆ ਕਿ ਕਿਸਾਨਾਂ ਅਤੇ ਖਪਤਕਾਰਾਂ ਵਿੱਚ ਬੇਹਤਰ ਸੰਬੰਧ ਬਨਾਉਣ ਲਈ ਕਿਸਾਨ ਬਾਜ਼ਾਰ ਸ਼ੁਰੂ ਕੀਤਾ ਗਿਆ ਹੈ ਤਾਂ ਜੋ ਕਿਸਾਨਾਂ ਨੂੰ ਖੇਤੀ ਜਿਨਸਾਂ ਦਾ ਬੇਹਤਰ ਭਾਅ ਅਤੇ ਖਪਤਕਾਰਾਂ ਨੂੰ ਤਾਜ਼ੀਆਂ ਅਤੇ ਵਾਜ਼ਬ ਭਾਅ ਤੇ ਖੇਤੀ ਜਿਨਸਾਂ ਮਿਲ ਸਕਣ।ਉਨਾਂ ਦੱਸਿਆ ਕਿ ਕਿਸਾਨ ਬਾਜ਼ਾਰ ਨੂੰ ਸ਼ਹਿਰ ਦੇ ਖਪਤਕਾਰਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਜਿਸ ਨਾਲ ਕਿਸਾਨ ਵੀ ਖੁਸ਼ ਹਨ।ਉਨਾਂ ਕਿਹਾ ਕਿ ਮੱਕੀ ਦੀਆਂ ਬਿਮਾਰੀਆਂ ਨਾਲ ਸੰਬੰਧਤ ਸਮੱਸਿਆਵਾਂ ਦੇ ਹੱਲ ਲਈ ਰਾਸ਼ਟਰੀ ਮੱਕੀ ਖੋਜ ਸੰਸਥਾ ਦੀ ਮਦਦ ਨਾਲ ਮੱਕੀ ਦੀ ਬੇਹਤਰ ਕਿਸਮ ਦੀ ਚੋਣ ਲਈ ਪ੍ਰੋਗਰਾਮ ਉਲੀਕਿਆ ਗਿਆ ਹੈ ਤਾਂ ਜੋ ਕਿਸਾਨਾਂ ਨੂੰ ਬੇਹਤਰ ਮੱਕੀ ਦਾ ਬੀਜ ਮੁਹੱਈਆ ਕਰਵਾਇਆ ਜਾ ਸਕੇ।ਉਨਾਂ ਦੱਸਿਆ ਕਿ ਮੱਕੀ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ 51.16 ਕੁਇੰਟਲ ਬੀਜ ਕਿਸਾਨਾਂ ਨੂੰ ਮੁਹੱਈਆ ਕਰਵਾਇਆ ਗਿਆ ਅਤੇ ਕਿਸਾਨਾਂ ਦੇ ਖਾਤਿਆਂ ਵਿੱਚ 4 ਲੱਖ 93 ਹਜ਼ਾਰ 494 ਰੁਪਏ ਦੀ ਰਾਸ਼ੀ ਪਾ ਦਿੱਤੀ ਗਈ ਹੈ।ਉਨਾਂ ਦੱਸਿਆ ਕਿ ਪਾਣੀ ਦੀ ਬੱਚਤ ਕਰਨ ਲਈ ਝੋਨੇ ਦੀ ਸਿੱਧੀ ਬਿਜਾਈ ਨੂੰ ਵੀ ਉਤਸ਼ਾਹਿਤ ਕੀਤਾ ਗਿਆ ਹੈ।ਉਨਾਂ ਦੱਸਿਆ ਕਿ ਕਣਕ ਦੇ ਬੀਜ ਦੀ ਬਦਲਣ ਦਰ ਵਧਾਉਣ ਲਈ 2562.2 ਕੁਇੰਟਲ ਤਸਦੀਕ ਸ਼ੁਦਾ ਬੀਜ 1000/-ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਸਬਸਿਡੀ ਤੇ ਦਿੱਤਾ ਗਿਆ ਅਤੇ ਸਬਸਿਡੀ ਦੀ ਰਕਮ ਕਿਸਾਨਾਂ ਦੇ ਖਾਤਿਆਂ ਵਿੱਚ ਬਹੁਤ ਜਲਦ ਪਾ ਦਿੱਤੀ ਜਾਵੇਗੀ।ਉਨਾਂ ਕਿਹਾ ਕਿ ਜ਼ਿਲੇ ਦੀ ਮਿੱਟੀ ਦੀ ਉਤਪਾਦਿਕਤਾ ਦਾ ਪਤਾ ਲਾਉਣ ਲਈ 31 ਮਾਰਚ ਤੱਕ 5000 ਮਿੱਟੀ ਦੇ ਸੈਂਪਲ ਪਰਖ ਕਰਕੇ ਜ਼ਮੀਨ ਦੀ ਸਿਹਤ ਨੂੰ ਦਰਸਾਉਂਦਾ ਜ਼ਿਲੇ ਦਾ ਨਕਸ਼ਾ ਤਿਆਰ ਕਰਵਾਇਆ ਜਾ ਰਿਹਾ ਹੈ ਤਾਂ ਜੋ ਖਾਦਾਂ ਦੀ ਸੰਤੁਲਤ ਵਰਤੋਂ ਕਰਕੇ ਸਿਹਤਮੰਦ ਫਸਲਾਂ ਅਤੇ ਸਬਜ਼ੀਆਂ ਦੀ ਕਾਸ਼ਤ ਕਰਨ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਉਨਾਂ ਕਿਹਾ ਕਿ ਸਾਲ 2016 ਦੌਰਾਨ ਖੇਤੀਬਾੜੀ ਵਿਭਾਗ ਦੁਆਰਾ ਜ਼ਿਲਾ,ਬਲਾਕ,ਪਿੰਡ ਪੱਧਰੀ ਕਿਸਾਨ ਸਿਖਲਾਈ/ਜਾਗਰੁਕਤਾ ਕੈਂਪ ਅਤੇ ਫਾਰਮ ਸਕੂਲ ਲਗਾਉਣ ਨਾਲ,ਝੋਨੇ ਦੀ ਕਾਸ਼ਤ ਦੌਰਾਨ ਬੇਲੋੜੀਆਂ ਕੀਟਨਾਸ਼ਕਾਂ ਅਤੇ ਰਸਾਇਣਕ ਖਾਦਾਂ ਦੀ ਵਰਤੋਂ ਨੂੰ ਘਟਾ ਕੇ ਕਿਸਾਨਾਂ ਨੂੰ ਪ੍ਰਤੀ ਹੈਕਟੇਅਰ ਤਕਰੀਬਨ 4500/- ਦਾ ਫਾਇਦਾ ਹੋਇਆ ਹੈ। ਉਨਾਂ ਦੱਸਿਆ ਕਿ ਸਿੱਲ ਵਾਲੇ ਇਲਾਕਿਆਂ ਵਿੱਚ ਕਣਕ ਦੀ ਫਸਲ ਨੂੰ ਹੁੰਦੇ ਨੁਕਸਾਨ ਨੂੰ ਘੱਟ ਕਰਨ ਬੈੱਡ ਪਲਾਟਿੰਗ ਨੂੰ ਉਤਸ਼ਾਹਿਤ ਕੀਤਾ ਗਿਆ ਹੈ।ਕਿਸਾਨਾਂ ਦੀ ਬਿਹਤਰੀ ਲਈ ਖੇਤੀਬਾੜੀ ਵਿਭਾਗ ਦੀਆ ਭਵਿੱਖੀ ਯੋਜਨਾਵਾਂ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਿਸਾਨਾਂ ਨੂੰ ਜੰਗਲੀ ਜਾਨਵਰਾਂ ਤੋਂ ਰਾਹਤ ਦਿਵਾਉਣ ਲਈ ਜਲਦੀ ਹੀ ਜੰਗਲੀ ਜਾਨਵਰ ਰੀਪੈਲੈਂਟ ਦਵਾਈ ਦੇ ਤਜ਼ਰਬੇ ਸ਼ੁਰੂ ਕੀਤੇ ਜਾ ਰਹੇ ਹਨ ਜਿਸ ਨਾਲ ਜੰਗਲੀ ਜਾਨਵਰਾਂ ਤੋਂ ਫਸਲਾਂ ਦੇ ਹੁੰਦੇ ਨੁਕਸਾਨ ਨੂੰ ਖਤਮ ਕੀਤਾ ਜਾ ਸਕੇਗਾ।ਉਨਾਂ ਕਿਹਾ ਕਿ ਮਟਰਾਂ ਅਤੇ ਆਲੂਆਂ ਦੀ ਕਾਸ਼ਤ ਤੋਂ ਬਾਅਦ ਅਤੇ ਝੋਨੇ ਦੀ ਕਾਸਤ ਤੋਂ ਪਹਿਲੇ ਸਮੇਂ ਦੌਰਾਨ ਬਹਾਰ ਰੁੱਤ ਦੀ ਮੱਕੀ ਅਤੇ ਰਾਜਮਾਂਹ ਦੀ ਖੇਤੀ ਨੂੰ ਉਤਸਾਹਿਤ ਕੀਤਾ ਜਾਵੇਗਾ।ਉਨਾਂ ਦੱਸਿਆ ਕਿ ਇਨਾਂ ਦੋਨਾਂ ਫਸਲਾਂ ਦੀ ਕਾਸ਼ਤ ਕਰਨ ਦੇ ਚਾਹਵਾਨ ਕਿਸਾਨਾਂ ਨੂੰ ਤਕਨੀਕੀ ਗਿਆਨ ਤੋਂ ਇਲਾਵਾ ਸੁਧਰਿਆ ਬੀਜ ਵੀ ਮੁਹੱਈਆ ਕਰਵਾਇਆ ਜਾਵੇਗਾ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media