ਅੰਮ੍ਰਿਤਸਰ, 7 ਜਨਵਰੀ (ਜਗਦੀਪ ਸਿੰਘ ਸੱਗੂ)- ਅੰਮ੍ਰਿਤਸਰ ਵਿਕਾਸ ਮੰਚ ਦੀ ਸਮੁੱਚੀ ਕਾਰਜਕਾਰਨੀ ਵੱਲੋਂ ਪੰਜਾਬੀ ਮਾਂ-ਬੋਲੀ ਦੇ ਸਾਹਿਤਕ ਭੰਡਾਰ ਵਿੱਚ

ਨਿਵੇਕਲਾ ਯੋਗਦਾਨ ਪਾਉਣ ਸਦਕਾ ਪ੍ਰਿੰ: ਬਲਵਿੰਦਰ ਸਿੰਘ ਫਤਿਹਪੁਰੀ ਨੂੰ ਅੱਜ ਮਿਤੀ 7 ਜਨਵਰੀ 2017 ਨੂੰ 11.30 ਤੋਂ 2 ਵਜੇ ਬਾਅਦ ਦੁਪਹਿਰ ਤੱਕ ਵਿਰਸਾ ਵਿਹਾਰ ਦੇ ਨਾਨਕ ਸਿੰਘ ਹਾਲ ਵਿਖੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੀ ਰਚੀ ਹੋਈ ਪੁਸਤਕ ‘‘ਇੱਕ ਯੋਧੇ ਦੀ ਦਾਸਤਾਨ ਸ਼ਹੀਦ ਊਧਮ ਸਿੰਘ’’ ਨੂੰ ਪਾਠਕਾਂ ਸਨਮੁੱਖ ਜਾਰੀ ਕੀਤਾ ਗਿਆ।ਪ੍ਰਿੰ: ਫਤਿਹਪੁਰੀ ਨੇ 9 ਨਾਵਲ, 21 ਨਿਬੰਧ ਪੁਸਤਕਾਂ ਅਤੇ ਇੱਕ ਕਾਵਿ-ਸੰਗ੍ਰਹਿ ਦੀ ਰਚਨਾ ਕਰਕੇ ਪੰਜਾਬੀ ਸਹਿਤ-ਸਮਾਜ ਵਿੱਚ ਵਰਨਣ ਯੋਗ ਸਥਾਨ ਹਾਸਲ ਕੀਤਾ ਹੈ। ਇਨ੍ਹਾਂ ਨੇ ਇਤਿਹਾਸਕ, ਸਮਾਜਿਕ, ਰਾਜਨੀਤਿਕ ਅਤੇ ਆਰਥਿਕ ਵਿਸ਼ਿਆਂ ਦਾ ਬੜੀ ਬਰੀਕ-ਬੀਨੀ ਨਾਲ ਵਿਸ਼ਲੇਸ਼ਣ ਕਰਕੇ ਆਪਣੀਆਂ ਰਚਨਾਵਾਂ ਨੂੰ ਪੰਜਾਬੀ ਸਾਹਿਤ-ਭੰਡਾਰ ਦਾ ਸ਼ਿੰਗਾਰ ਬਣਾਇਆ ਹੈ।ਇਨ੍ਹਾਂ ਦੀ ਪੇਂਡੂ ਜੀਵਨ ਦੇ ਵੱਖ-ਵੱਖ ਪਹਿਲੂਆਂ ਤੇ ਨਜਦੀਕੀ ਪਕੜ ਹੋਣ ਕਾਰਨ ਪੇਂਡੂ ਪਾਤਰਾਂ ਦੇ ਕਿਰਦਾਰ ਘੜਨ ਵਿੱਚ ਮੁਹਾਰਤ ਹਾਸਲ ਹੈ। ਫਤਿਹਪੁਰੀ ਦੀ ਠੇਠ, ਮੁਹਾਵਰੇਦਾਰ ਅਤੇ ਸਾਹਿਤਕ ਬੋਲੀ ਤੇ ਪਕੜ ਹੋਣ ਸਦਕਾ ਇਨ੍ਹਾਂ ਦੀਆਂ ਰਚਨਾਵਾਂ ਵਿੱਚ ਪਾਠਕ-ਰਸ ਪ੍ਰਧਾਨ ਹੈ ਅਤੇ ਇਨ੍ਹਾਂ ਦੀਆਂ ਰਚਨਾਵਾਂ ਪੜ੍ਹਣ ਵਾਲਿਆਂ ਦਾ ਘੇਰਾ ਵਿਸ਼ਾਲ ਹੈ। ਸਨਮਾਨ ਸਮਾਰੋਹ ਨੂੰ ਸ਼ੂਰੂ ਕਰਦਿਆਂ ਹੋਇਆਂ ਇੰਜੀਨੀਅਰ ਦਲਜੀਤ ਸਿੰਘ ਕੋਹਲੀ ਨੇ ਹਾਜਰੀ ਪੱਖੋਂ ਭਰਪੂਰ ਹਾਲ ਵਿੱਚ ਸ਼ਖਸੀਅਤਾਂ ਨੂੰ ਭਾਵਪੂਰਤ ਅੰਦਾਜ ਵਿੱਚ ਖੁਸ਼ਆਮਦੀਦ ਕਿਹਾ।

ਅੰਮ੍ਰਿਤਸਰ ਵਿਕਾਸ ਮੰਚ ਦੇ ਪ੍ਰਧਾਨ ਪ੍ਰਿੰ: ਕੁਲਵੰਤ ਸਿੰਘ ਅਣਖੀ ਅਤੇ ਉਘੇ ਚਿੰਤਕ ਡਾ. ਇੰਦਰਜੀਤ ਸਿੰਘ ਗੋਗੋਆਣੀ ਨੇ ਸ਼ਹੀਦ ਊਧਮ ਸਿੰਘ ਦੀ ਜੀਵਨੀ ਅਲੌਕਿਕ ਕੁਰਬਾਨੀ ਤੇ ਆਧਾਰਿਤ ਰਚੀ ਇਸ ਪੁਸਤਕ ਨੂੰ ਇਤਿਹਾਸਿਕ ਦਸਤਾਵੇਜ ਦਾ ਰੁਤਬਾ ਦੇਂਦਿਆਂ ਹੋਇਆਂ ਕਿਹਾ ਕਿ ਕਿਸੇ ਇਤਿਹਾਸਿਕ ਨਾਇਕ ਬਾਰੇ ਪੁਸਤਕ ਲਿਖਣ ਲਈ ਡੂੰਘੀ ਖੋਜ, ਤੱਥਾਂ ਦੀ ਪੜਤਾਲ ਉਪਰੰਤ ਯਥਾਰਥਿਕ ਪਹੁੰਚ ਅਪਨਾਉਣਾ ਅਤੇ ਪ੍ਰਾਪਤ ਇਤਿਹਾਸਿਕ ਦਸਤਾਵੇਜਾਂ ਦਾ ਵਿਗਿਆਨਿਕ ਅਧਿਆਨ ਅਤਿਅੰਤ ਜਰੂਰੀ ਹੈ। ਫਤਿਹਪੁਰੀ ਨੇ ਇਨ੍ਹਾਂ ਸਾਰੇ ਪੱਖਾਂ ਤੇ ਨਿੱਠ ਕੇ ਧਿਆਨ ਕੇਂਦਰਿਤ ਕਰਕੇ ਇਹ ਪੁਸਤਕ ਸਹਿਤ ਪ੍ਰੇਮੀਆਂ ਦੇ ਸਨਮੁੱਖ ਕੀਤੀ ਹੈ।
‘‘ਇੱਕ ਯੋਧੇ ਦੀ ਦਾਸਤਾਨ ਸ਼ਹੀਦ ਊਧਮ ਸਿੰਘ’’ ਪੁਸਤਕ ਪਾਠਕਾਂ ਨੂੰ ਅਰਪਣ ਕਰਦਿਆਂ ਹੋਇਆਂ ਸਮਾਗਮ ਦੇ ਮੁੱਖ ਮਹਿਮਾਨ ਅਤੇ ਅੰਮ੍ਰਿਤਸਰ ਦੀ ਉਘੀ ਸ਼ਖਸ਼ੀਅਤ ਰਜਿੰਦਰ ਮੋਹਮ ਸਿੰਘ ਛੀਨਾ ਨੇ ਸ਼ਹੀਦ ਉਧਮ ਸਿੰਘ ਬਾਰੇ ਜ਼ਜਬਾਤ ਭਰਪੂਰ ਅਤੇ ਤੱਥਾਂ ਤੇ ਆਧਾਰਿਤ ਜਾਣਕਾਰੀ ਸਾਂਝੀ ਕਰਦਿਆਂ ਹੋਇਆਂ ਕਿਹਾ ਕਿ ਊਧਮ ਸਿੰਘ ਨੂੰ ਜਨਰਲ ਅਡਵਾਇਰ ਨੂੰ ਗੋਲੀਆਂ ਨਾਲ ਭੁੰਨਣ ਤੋਂ ਬਾਅਦ ਆਪਣੇ ਕੈਦ ਹੋਣ ਬਾਰੇ ਕੋਈ ਫਿਕਰ ਨਹੀਂ ਸੀ, ਉਸਨੂੰ ਫਿਕਰ ਤਾਂ ਸਿਰਫ ਇਸ ਗੱਲ ਦਾ ਸੀ ਕਿ ਕਿਤੇ ਉਹ ਜਾਲਮ ਬੱਚ ਤਾਂ ਨਹੀਂ ਗਿਆ।ਜਦ ਉਸਨੂੰ ਯਕੀਨ ਹੋ ਗਿਆ ਕਿ ਉਸਨੇ ਪਾਪੀ ਨੂੰ ਮਾਰ ਕੇ ਜੀਵਨ ਮੰਜਿਲ ਹਾਸਿਲ ਕਰ ਲਈ ਹੈ ਤਾਂ ਉਸ ਨੂੰ ਸਕੂਨ ਹੋਇਆ।
ਡਾ. ਇਕਬਾਲ ਕੌਰ ਸੌਂਧ ਅਤੇ ਸ਼੍ਰੀਮਤੀ ਅਤਿੰਦਰ ਸੰਧੂ ਨੇ ਵੀ ਸ਼ਹੀਦ ਊਧਮ ਸਿੰਘ ਦੀ ਜੀਵਨੀ ਅਤੇ ਕੁਰਬਾਨੀ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਹੋਇਆਂ ਕਿਹਾ ਕਿ ਉਤੱਮ-ਪੁਰਖੀ ਵਿਧਾ ਵਿੱਚ ਲਿਖੀ ਇਹ ਕਿਤਾਬ ਵਰਤਮਾਨ ਸਹਿਤ ਭੰਡਾਰ ਵਿੱਚ ਨਿਵੇਕਲਾ ਸਥਾਨ ਰਖੱਦੀ ਹੈ, ਜਿਸ ਦੀ ਰਚਨਾ ਲਈ ਫਤਿਹਪੁਰੀ ਨੇ ਘੋਰ ਤਪੱਸਿਆ ਜਿੰਨੀ ਮਿਹਨਤ ਕੀਤੀ ਹੈ।
ਪ੍ਰੋ: ਮੋਹਣ ਸਿੰਘ ਨੇ ਬਲਵਿੰਦਰ ਫਤਿਹਪੁਰੀ ਦੀ ਲਿਖਣ ਸ਼ੈਲੀ ਦੀ ਭਰਪੂਰ ਪ੍ਰਸ਼ੰਸਾ ਕਰਦਿਆਂ ਹੋਇਆਂ ਨਾਲ ਹੀ ਅੰਮ੍ਰਿਤਸਰ ਵਿਕਾਸ ਮੰਚ ਦੀਆਂ ‘ਪੱਟੀ ਫਿਰੋਜਪੁਰ ਰੇਲ ਲਿੰਕ ਦੀ ਉਸਾਰੀ’ ਅਤੇ ਘਰਿੰਡਾ ਵਿਖੇ ਉਸਾਰੇ ਗਏ ਰੇਡੀਓ-ਟੀ.ਵੀ. ਟਾਵਰ ਨੂੰ ਚਾਲੂ ਕਰਨ ਦੀਆਂ ਮੰਗਾਂ ਉਭਾਰੀਆਂ
ਸਾਰੇ ਪ੍ਰੋਗਰਾਮ ਦੌਰਾਨ ਪ੍ਰਸਿੱਧ ਗਾਇਕ ਮਖੱਣ ਭੈਣੀਵਾਲਾ ਨੇ ਸੰਗੀਤ ਭਰਪੂਰ ਗੀਤ ਪੇਸ਼ ਕਰਕੇ ਸਰੋਤਿਆਂ ਦਾ ਭਰਪੂਰ ਮਨੋਰੰਜਨ ਕੀਤਾ। ਸਟੇਜ ਸਕੱਤਰ ਦੀ ਅਹਿਮ ਭੂਮਿਕਾ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਦਾਨਿਸ਼ਮੰਦ ਮੀਤ-ਪ੍ਰਧਾਨ ਅਤੇ ਕਥਾਕਾਰ ਦੀਪ ਦਵਿੰਦਰ ਸਿੰਘ ਨੇ ਬਹੁਤ ਹੀ ਪ੍ਰਸ਼ੰਸਾ ਯੋਗ ਢੰਗ ਨਾਲ ਨਿਭਾਈ। ਅੰਤ ਵਿੱਚ ਬਲਵਿੰਦਰ ਸਿੰਘ ਫਤਿਹਪੁਰੀ ਨੇ ਅੰਮ੍ਰਿਤਸਰ ਵਿਕਾਸ ਮੰਚ ਦੇ ਸਮੂਹ ਮੈਂਬਰਾਂ ਅਤੇ ਆਏ ਪਤਵੰਤਿਆਂ ਦਾ ਧੰਨਵਾਦ ਕੀਤਾ ਅਤੇ ਹਾਜਰੀਨ ਨੂੰ ਉਸਾਰੂ ਸੋਚ ਅਪਣਾ ਕੇ ਸ਼ਹੀਦਾਂ ਦੇ ਸੁਪਨੇ ਸਕਾਰ ਕਰਨ ਲਈ ਯਤਨਸ਼ੀਲ ਹੋਣ ਦਾ ਹੋਕਾ ਦਿੱਤਾ। ਹਾਜਰੀਨ ਸਰੋਤਿਆਂ ਵਿੱਚ ਅਤਰ ਸਿੰਘ ਤਰਸਿੱਕਾ, ਜਰਮਨਜੀਤ ਸਿੰਘ ਬਾਠ, ਧਰਵਿੰਦਰ ਸਿੰਘ ਔਲਖ, ਗੁਰਬਾਜ ਸਿੰਘ ਤੋਲਾਨੰਗਲ, ਸ਼੍ਰੀਮਤੀ ਰਤਨਜੀਤ ਕੌਰ, ਪ੍ਰਿੰਸੀਪਲ ਪ੍ਰਭਪ੍ਰੀਤ ਸਿੰਘ, ਰਾਜ ਖੁਸ਼ਵੰਤ ਸਿੰਘ ਸੰਧੂ, ਲਖਬੀਰ ਸਿੰਘ ਘੁੰਮਣ, ਹਰਦੀਪ ਸਿੰਘ ਚਾਹਲ, ਜਸਬੀਰ ਸਿੰਘ ਸੱਗੂ, ਮਨਜੀਤ ਸਿੰਘ ਸੈਣੀ, ਮੋਹਣ ਸਿੰਘ ਭੱਟੀ, ਕੁਲਬੀਰ ਸਿੰਘ ਸੂਰੀ, ਲਲਿਤ ਭੱਲਾ, ਮਨਮੋਹਨ ਸਿੰਘ ਬਰਾੜ, ਜਸਬੀਰ ਸਿੰਘ ਸੱਗੂ, ਸੇਵਕ ਸਿੰਘ, ਪ੍ਰਿੰਸੀਪਲ ਜੋਗਿੰਦਰ ਸਿੰਘ, ਨਾਵਲਕਾਰਾ ਜਸਬੀਰ ਕੌਰ, ਮਨਮੋਹਣ ਬਾਸਰਕੇ, ਮਨਜੀਤ ਸਿੰਘ ਠੱਠਾ, ਪ੍ਰਿੰਸੀਪਲ ਗੁਰਦੀਪ ਸਿੰਘ ਆਦਿ ਹਾਜਿਰ ਸਨ।
Punjab Post Daily Online Newspaper & Print Media