ਅੰਮ੍ਰਿਤਸਰ, 12 ਜਨਵਰੀ (ਸੁੁੁਖਬੀਰ ਸਿੰਘ)- ਪੰਜਾਬ ਵਿਧਾਨ ਸਭਾ ਚੋਣਾਂ ਸਬੰਧੀ ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਤੇ ਹਦਾਇਤਾਂ ਤੋਂ ਜਾਣੂੰ ਕਰਵਾਉਂਦੇ ਜਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਡਾ. ਬਸੰਤ ਗਰਗ ਨੇ ਸਪੱਸ਼ਟ ਕੀਤਾ ਕਿ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਨੂੰ ਕਿਸੇ ਕੀਮਤ ਤੇ ਬਰਦਾਸ਼ਤ ਨਹੀ ਕੀਤਾ ਜਾਵੇਗਾ ਅਤੇ ਚੋਣਾਂ ਦਾ ਸਮੁੱਚਾ ਕੰਮ ਪੂਰੇ ਪਾਰਦਰਸ਼ੀ ਅਤੇ ਸੁਰੱਖਿਅਤ ਮਾਹੌਲ ਵਿੱਚ ਨੇਪਰੇ ਚੜਾਇਆ ਜਾਵੇਗਾ।

ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹੇ ਦੇ 11 ਵਿਧਾਨ ਸਭਾ ਹਲਕਿਆਂ ’ਚ ਕੁੱਲ 17 ਲੱਖ 21 ਹਜ਼ਾਰ 336 ਵੋਟਰ ਹਨ ਜਿਸਦੇ ਵਿੱਚੋਂ 9 ਲੱਖ 11 ਹਜ਼ਾਰ 705 ਮਰਦ ਵੋਟਰ ਅਤੇ 8 ਲੱਖ 95 ਹਜ਼ਾਰ 48 ਮਹਿਲਾ ਵੋਟਰ ਸ਼ਾਮਿਲ ਹਨ ਜਦਕਿ 9 ਹਜ਼ਾਰ 758 ਸਰਵਿਸ ਵੋਟਰ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਪੇਂਡੂ ਖੇਤਰ ਵਿੱਚ ਇਕ ਬਿਲਡਿੰਗ ’ਚ 2 ਅਤੇ ਸ਼ਹਿਰੀ ਖੇਤਰ ਵਿੱਚ 4 ਪੋਲਿੰਗ ਬੂਥ ਸਥਾਪਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਪੱਤਰ ਦਾਖਲ ਕਰਨ ਉਪਰੰਤ ਉਮੀਦਵਾਰ ਦੇ ਖਰਚੇ ’ਤੇ ਤਿੱਖੀ ਨਜ਼ਰ ਰੱਖੀ ਜਾਵੇਗੀ। ਉਨ੍ਹਾ ਦੱਸਿਆ ਕਿ ਹਰੇਕ ਹਲਕਾ ਪੱਧਰ ’ਤੇ 5 ਫਲਾਇੰਗ ਸੁਕੈਅਡ ਅਤੇ 9 ਸਟੈਟਿਕ ਸਰਵੇਲੈਂਸ ਟੀਮਾਂ ਨਿਯੁਕਤ ਕੀਤੀਆਂ ਗਈਆ ਹਨ। ਉਨ੍ਹਾ ਸਪੱਸ਼ਟ ਕੀਤਾ ਕਿ ਹਰੇਕ ਉਮੀਦਵਾਰ ਨੂੰ ਚੋਣ ਪ੍ਰਚਾਰ ਲਈ ਸਬੰਧਤ ਰਿਟਰਨਿੰਗ ਅਫ਼ਸਰ ਤੋਂ ਪ੍ਰਵਾਨਗੀ ਲੈਣੀ ਲਾਜ਼ਮੀ ਹੋਵੇਗੀ ਤਾਂ ਜੋ ਸਬੰਧਤ ਉਮੀਦਵਾਰ ਦੇ ਰੈਲੀ, ਪ੍ਰੋਗਰਾਮ ਜਾਂ ਪ੍ਰਚਾਰ ਮੁਹਿੰਮ ਤੇ ਆਉਣ ਵਾਲੇ ਖਰਚੇ ਨੂੰ ਉਮੀਦਵਾਰ ਦੇ ਰਜਿਸਟਰ ਵਿੱਚ ਦਰਜ ਕੀਤਾ ਜਾ ਸਕੇ। ਸ੍ਰੀ ਗਰਗ ਨੇ ਦੱਸਿਆ ਕਿ ਇਸ ਵਾਰ ਕੁੱਝ ਹਲਕਿਆਂ ਵਿਚ ਵੀ.ਵੀ.ਪੈਟ ਮਸ਼ੀਨਾਂ ਲਗਾਈਆ ਜਾਣਗੀਆਂ ਜਿਸਦੇ ਨਾਲ ਵੋਟਰ ਨੂੰ ਆਪਣੀ ਭੁਗਤਾਈ ਗਈ ਵੋਟ ਦਾ ਪਤਾ ਲਗ ਜਾਵੇਗਾ।
ਉਨ੍ਹਾਂ ਦੱਸਿਆ ਕਿ ਆਬਕਾਰੀ ਅਤੇ ਕਰ ਵਿਭਾਗ ਨਾਲ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਸਿਆਸੀ ਰੈਲੀਆਂ ਜਾਂ ਹੋਰ ਸਿਆਸੀ ਇਕੱਠਾਂ ਦੌਰਾਨ ਸ਼ਰਾਬ ਦੇ ਠੇਕਿਆਂ ਤੇ ਖਾਸ ਨਜ਼ਰ ਰੱਖੀ ਜਾਵੇ। ਸ੍ਰੀ ਗਰਗ ਨੇ ਦੱਸਿਆ ਕਿ ਮੈਰਿਜ ਪੈਲੇਸਾਂ ਦੇ ਮਾਲਕਾਂ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ ਕਿ ਚੋਣਾਂ ਦੌਰਾਨ ਪੈਲੇਸਾਂ/ਕਮਿਊਨਟੀ ਹਾਲਾਂ ਵਿੱਚ ਹੋਣ ਵਾਲੇ ਸਮਾਰੋਹਾਂ ਦੀ ਬੁਕਿੰਗ ਸਬੰਧੀ ਰੋਜ਼ਾਨਾ ਸ਼ਾਮ 6 ਵਜੇ ਤੱਕ ਨੋਡਲ ਅਫ਼ਸਰ ਖਰਚਾ ਨੂੰ ਰਿਪੋਰਟ ਭੇਜੀ ਜਾਵੇ। ਉਨ੍ਹਾਂ ਦੱਸਿਆ ਕਿ ਪ੍ਰਿਟਿਗ ਪ੍ਰੈਸ ਮਾਲਕਾਂ ਨੂੰ ਆਦਰਸ਼ ਚੋਣ ਜਾਬਤੇ ਤਹਿਤ ਹਦਾਇਤ ਕੀਤੀ ਗਈ ਹੈ ਕਿ ਪ੍ਰਿੰਟਿੰਗ ਪ੍ਰੈੱਸ ਤੋਂ ਛਪਵਾਏ ਜਾਣ ਵਾਲੇ ਸਾਰੇ ਇਸ਼ਤਿਹਾਰਾਂ, ਝੰਡੀਆਂ ਅਤੇ ਪੰਫਲੇਟਾਂ ’ਤੇ ਸਬੰਧਤ ਪ੍ਰੈੱਸ ਨਾਮਦੀ ਦਾ ਨਾਮ ਛਪਿਆ ਹੋਣਾ ਲਾਜ਼ਮੀ ਹੋਵੇਗਾ।ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਵੀ ਪ੍ਰਿਟਿੰਗ ਪ੍ਰੈਸ ਮਾਲਕ ਵੱਲੋਂ ਉਲੰਘਣਾ ਕੀਤੀ ਗਈ ਤਾਂ 6 ਮਹੀਨੇ ਦੀ ਕੈਦ ਅਤੇ 2 ਹਜ਼ਾਰ ਰੁਪਏ ਜੁਰਮਾਨਾ ਜਾਂ ਦੋਵੇ ਹੋ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸਮੂਹ ਬੈਂਕ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਕਿ ਹਰੇਕ ਉਮੀਦਵਾਰ ਵੱਲੋਂ ਚੋਣ ਖਰਚੇ ਲਈ ਵੱਖਰਾ ਖਾਤਾ ਖੁਲਵਾਇਆ ਜਾਵੇਗਾ ਜਿਸਦੇ ਲਈ ਪੂਰਾ ਸਹਿਯੋਗ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਦੀ ਹਦਾਇਤਾਂ ਮੁਤਾਬਿਕ ਕੋਈ ਵੀ ਉਮੀਦਵਾਰ 20 ਹਜ਼ਾਰ ਤੋਂ ਵਧੇਰੇ ਖਰਚਾ ਕਰਾਸ ਚੈਕ, ਆਰ.ਟੀ.ਜੀ.ਐਸ, ਐਨ.ਈ.ਐਫ.ਟੀ ਜਾਂ ਡੀ.ਡੀ. ਦੁਆਰਾ ਹੀ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਜੇਕਰ ਉਮੀਦਵਾਰ ਜਾਂ ਆਸ਼ਰਿਤਾਂ ਦੇ ਖਾਤੇ ਵਿੱਚ ਜੇਕਰ 1 ਲੱਖ ਰੁਪਏ ਤੋਂ ਵੱਧ ਜਮਾ ਜਾਂ ਕਢਵਾਏ ਜਾਂਦੇ ਹਨ ਤਾਂ ਤੁਰੰਤ ਰਿਪੋਰਟ ਕੀਤੀ ਜਾਵੇ।
Punjab Post Daily Online Newspaper & Print Media