ਮਜੀਠਾ, 12 ਜਨਵਰੀ (ਪੰਜਾਬ ਪੋਸਟ ਬਿਊਰੋ)- ਵਿਧਾਨ ਸਭਾ ਚੋਣਾਂ 2017 ਲਈ ਹਲਕਾ ਮਜੀਠਾ ਤੋਂ ਅਕਾਲੀ ਦਲ ਭਾਜਪਾ ਗੱਠਜੋੜ ਦੇ ਉਮੀਦਵਾਰ ਮਾਲ ਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਬਾਅਦ ਦੁਪਹਿਰ ਮਜੀਠਾ ਵਿਖੇ ਰਿਟਰਨਿੰਗ ਅਫ਼ਸਰ ਦਮਨਜੀਤ ਸਿੰਘ ਮਾਨ ਕੋਲ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਹਨ। ਰੋਡ ਸ਼ੋਅ ਨੂੰ ਕੁੱਝ ਸਮੇਂ ਲਈ ਵਿਚਾਲੇ ਛੱਡ ਕੇ ਨਾਮਜ਼ਦਗੀ ਭਰਨ ਆਏ ਮਜੀਠੀਆ ਨੇ ਇਸ ਉਪਰੰਤ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕਿਹਾ ਕਿ ਹਲਕਾ ਮਜੀਠਾ ਵਾਸੀਆਂ ਨੇ ਅਕਾਲੀ ਭਾਜਪਾ ਨੂੰ ਪਿਛਲੀਆਂ ਚੋਣਾਂ ਦੌਰਾਨ ਵੀ ਵੱਡੀ ਜਿੱਤ ਦਿਵਾਈ ਹੈ। ਇਸ ਵਾਰ ਵੀ ਉਹ ਲੋਕਾਂ ਦੇ ਅਸ਼ੀਰਵਾਦ ਨਾਲ ਆਏ ਹਨ ਤੇ ਆਸ ਹੈ ਕਿ ਲੋਕ ਉਸ ਵੱਲੋਂ ਕਰਾਏ ਗਏ ਵਿਕਾਸ ਕਾਰਜਾਂ, ਭਾਈਚਾਰਕ ਸਾਂਝ ਦੀ ਮਜ਼ਬੂਤੀ ਅਤੇ ਪੰਜਾਬ ਦੀ ਤਰੱਕੀ ਖੁਸ਼ਹਾਲੀ ਲਈ ਉਸ ਨੂੰ ਅਤੇ ਅਕਾਲੀ ਭਾਜਪਾ ਦੇ ਉਮੀਦਵਾਰਾਂ ਨੂੰ ਵੱਡੀ ਜਿੱਤ ਦਵਾ ਕੇ ਗੱਠਜੋੜ ਦੀ ਮੁੜ ਸਰਕਾਰ ਲਿਆਉਣ ਕੇ ਅਤੇ ਪ੍ਰਕਾਸ਼ ਸਿੰਘ ਬਾਦਲ ਨੂੰ ਮੁੜ ਮੁੱਖ ਮੰਤਰੀ ਬਣਾਉਣਗੇ।

ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਕਾਂਗਰਸ ਦੇ ਪੰਜੇ ਦੀ ਗੁਰੂ ਨਾਨਕ ਦੇਵ ਜੀ ਦੇ ਪੰਜੇ ਨਾਲ ਤੁਲਣਾ ਕੀਤੇ ਜਾਣ ਬਾਰੇ ਪੁੱਛੇ ਜਾਣ ’ਤੇ ਮਜੀਠੀਆ ਨੇ ਕਿਹਾ ਕਿ ਗਾਂਧੀ ਪਰਿਵਾਰ ਦਾ ਮਕਸਦ ਹੀ ਸਿੱਖ ਭਾਵਨਾਵਾਂ ਨੂੰ ਸੇਠ ਪਹੁੰਚਾਉਂਦੇ ਰਹਿਣਾ ਹੈ। ਉਹਨਾਂ ਅਫ਼ਸੋਸ ਜ਼ਾਹਿਰ ਕਰਦਿਆਂ ਕਿਹਾ ਕਿ ਗਾਂਧੀ ਪਰਿਵਾਰ ਪੰਜਾਬ ਵਿਰੋਧੀ ਸਿੱਖ ਵਿਰੋਧੀ ਮਾਨਸਿਕਤਾ ਨੂੰ ਤਿਆਗ ਨਹੀਂ ਸਕੀ, ਰਾਜੀਵ ਗਾਂਧੀ ਦੇ ਸਮੇਂ ਜੋ ਸਿੱਖਾਂ ਦੇ ਕਤਲੇਆਮ ਹੋਏ ਅਤੇ ਇੰਦਰਾ ਗਾਂਧੀ ਨੇ ਸਿੱਖਾਂ ਦੇ ਮੁਕੱਦਸ ਅਸਥਾਨ ਸ੍ਰੀ ਦਰਬਾਰ ਸਾਹਿਬ ’ਤੇ ਤੋਪਾਂ ਟੈਂਕਾਂ ਨਾਲ ਹਮਲਾ ਕਰਾਇਆ ਜਿਸ ਨੂੰ ਪੰਜਾਬ ਦੇ ਲੋਕ ਅੱਜ ਤਕ ਨਹੀਂ ਭੁੱਲੇ ਹਨ। ਅੱਜ ਫਿਰ ਸੋਚੀ ਸਮਝੀ ਸ਼ਰਾਰਤ ਪੂਰਨ ਸਾਜ਼ਿਸ਼ ਅਧੀਨ ਕਾਂਗਰਸ ਦੇ ਪੰਜੇ ਦੀ ਗੁਰੂ ਨਾਨਕ ਦੇ ਪਾਵਨ ਪੰਜੇ ਨਾਲ ਤੁਲਣਾ ਕਰ ਕੇ ਨਾਨਕ ਨਾਮ ਲੇਵਾ ਸੰਗਤਾਂ ਦੇ ਹਿਰਦਿਆਂ ਨੂੰ ਠੇਸ ਪਹੁੰਚਾਈ ਗਈ ਹੈ ਜਿਸ ਲਈ ਪੂਰੀ ਕਾਂਗਰਸ ਪਾਰਟੀ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ। ਨਹੀਂ ਤਾਂ ਸਿੱਖ ਅਤੇ ਸ੍ਰੀ ਅਕਾਲ ਤਖ਼ਤ ਨੂੰ ਇਹਨਾਂ ਲੋਕਾਂ ਵਿਰੁੱਧ ਸਖ਼ਤ ਫੈਸਲੇ ਲੈਣੇ ਚਾਹੀਦੇ ਹਨ।
ਮਜੀਠੀਆ ਨੇ ਕਿਹਾ ਕਿ ਉਸ ਦੀ ਕਿਸੇ ਵੀ ਆਗੂ ਨਾ ਤਲਖ਼ੀ ਨਹੀਂ ਹੈ ਉਹ ਵਿਕਾਸ ਕੰਮਾਂ ਦੇ ਬਲ ਬੂਤੇ ਲੋਕਾਂ ’ਚ ਜਾ ਰਿਹਾ ਹੈ ਅਤੇ ਅੱਜ ਜਿਸ ਤਰਾਂ ਰੋਡ ਸ਼ੋਅ ਦੌਰਾਨ ਲੋਕਾਂ ਨੂੰ ਭਾਰੀ ਗਿਣਤੀ ’ਚ ਸ਼ਮੂਲੀਅਤ ਕਰ ਕੇ ਉਸ ਦੀ ਜਿੱਤ ਨੂੰ ਯਕੀਨੀ ਬਣਾ ਦਿੱਤਾ ਹੈ।ਉਹਨਾਂ ਅਰਵਿੰਦ ਕੇਜਰੀਵਾਲ ਅਤੇ ’ਆਪ’ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਜਦ ਆਪ ਨੂੰ ਪੰਜਾਬ ਵਿੱਚ ਰਾਜਸੀ ਲਾਹਾ ਨਾ ਮਿਲਿਆ ਤਾਂ ਉਹਨਾਂ ਸੋਚੀ ਸਮਝੀ ਤਰੀਕੇ ਨਾਲ ਪੰਜਾਬੀਆਂ ਨੂੰ ਆਪਸ ਵਿੱਚ ਲੜਾਉਣ ਦੀ ਵਿਉਂਤ ਬਣਾਈ ਅਤੇ ਰਾਜ ਵਿੱਚ ਅਸਥਿਰਤਾ ਪੈਦਾ ਕਰਨ ਲਈ ਲੋਕਾਂ ਵਿੱਚ ਭਰਮ ਭੁਲੇਖੇ ਪੈਦਾ ਕੀਤੇ ਗਏ ਹਨ। ਉਹਨਾਂ ਕਿਹਾ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਮਾਮਲਿਆਂ ਦੀ ਜਾਂਚ ਸੀ ਬੀ ਆਈ ਕਰ ਰਹੀ ਹੈ ਜਿਸ ਦੇ ਠੋਸ ਨਤੀਜੇ ਨਿਕਲਣਗੇ ਅਤੇ ਦੋਸ਼ੀ ਬਖ਼ਸ਼ੇ ਨਹੀਂ ਜਾਣਗੇ। ਉਹਨਾਂ ਕਿਹਾ ਕਿ ਜੁੱਤੀ ਸੁੱਟਣ ਵਾਲੇ ਕਲਚਰ ਨੂੰ ਕੇਜਰੀਵਾਲ ਨੇ ਬੜ੍ਹਾਵਾ ਦਿੱਤਾ ਉਸ ਨੇ ਖ਼ਜ਼ਾਨਾ ਮੰਤਰੀ ’ਤੇ ਜੁੱਤੀ ਸੁੱਟਣ ਵਾਲੇ ਨੂੰ ਟਿਕਟ ਦੇਣ ਦੀ ਪਹਿਲ ਕੀਤੀ ਅੱਜ ਉਸ ਵੱਲੋਂ ਉਹੀ ਰਾਜਨੀਤੀ ਪੰਜਾਬ ਵਿੱਚ ਖੇਡੀ ਜਾ ਰਹੀ ਹੈ।
ਉਹਨਾਂ ਕਿਹਾ ਇਹ ਨਾਕਾਰਾਤਮਕ ਕਲਚਰ ਪੰਜਾਬੀਆਂ ਦਾ ਨਹੀਂ ਹੈ ਤੇ ਪੰਜਾਬੀਆਂ ਨੂੰ ਠੇਸ ਪਹੁੰਚਾਉਣ ਲਈ ਉਸ ਨੂੰ ਵੱਡਾ ਖ਼ਮਿਆਜ਼ਾ ਭੁਗਤਣਾ ਪਵੇਗਾ। ਭਾਜਪਾ ਵੱਲੋਂ ਰਾਜਿੰਦਰ ਮੋਹਨ ਸਿੰਘ ਛੀਨਾ ਨੂੰ ਲੋਕ ਸਭਾ ਲਈ ਉਮੀਦਵਾਰ ਬਣਾਏ ਜਾਣ ਬਾਰੇ ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ ਦੇ ਲੋਕਾਂ ਨੂੰ ਧੋਖਾ ਦਿੱਤਾ ਹੈ। ਜਿਸ ਦਾ ਠੋਕਵਾਂ ਜਵਾਬ ਲੋਕ ਛੀਨਾ ਨੂੰ ਵੱਡੀ ਲੀਡ ਨਾਲ ਜਿਤਾ ਕੇ ਕਾਂਗਰਸ ਨੂੰ ਦੇਣਗੇ। ਇਸ ਮੌਕੇ ਉਹਨਾਂ ਨਾਲ ਰਾਜ ਮਹਿੰਦਰ ਸਿੰਘ ਮਜੀਠਾ, ਜੋਧ ਸਿੰਘ ਸਮਰਾ ਅਤੇ ਪ੍ਰੋ: ਸਰਚਾਂਦ ਸਿੰਘ ਮੌਜੂਦ ਸਨ।
Punjab Post Daily Online Newspaper & Print Media