ਬਠਿੰਡਾ, 20 ਜਨਵਰੀ (ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਵਧੀਕ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਚਿਲਡਰਨ ਹੋਮ ਜੋ ਕਿ ਸਮਾਜਿਕ ਸੁਰੱਖਿਆ ਵਿਭਾਗ ਵਲੋਂ ਬਠਿੰਡਾ ਵਿਖੇ ਚਲਾਇਆ ਜਾ ਰਿਹਾ ਹੈ ਦੇ ਅਧਿਕਾਰੀਆਂ ਨੂੰ ਰਿਫਾਇਨਰੀ ਵਲੋਂ 2.70 ਲੱਖ ਰੁਪਏ ਦਾ ਸਮਾਨ ਸੌਂਪਿਆ। ਬੱਚਿਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਚਿਲਡਰਨ ਹੋਮ ਵਿਖੇ ਰਹਿ ਰਹੇ ਬੱਚਿਆਂ ਨੂੰ ਵਿਦਿਆ ਦੇ ਨਾਲ-ਨਾਲ ਕਿੱਤਾ ਮੁਖੀ ਟ੍ਰੇਨਿੰਗ ਦੇਣ ਲਈ ਵੀ ਪ੍ਰਬੰਧ ਕੀਤੇ ਜਾਣਗੇ।

ਉਨ੍ਹਾਂ ਕਿਹਾ ਕਿ ਸਮੇਂ ਦੀ ਲੋੜ ਵਿਦਿਆਰਥੀਆਂ ਦਾ ਤਕਨੀਕੀ ਤੌਰ ’ਤੇ ਸਿੱਖਿਅਤ ਹੋਣਾ ਅਤਿ ਜ਼ਰੂਰੀ ਹੈ ਤਾਂ ਜੋ ਪੜ੍ਹਾਈ ਖਤਮ ਹੋਣ ਉਪਰੰਤ ਉਹ ਆਰਥਿਕ ਤੌਰ ’ਤੇ ਸਥਿਰ ਹੋਣ ਲਈ ਆਪਣਾ ਕੰਮਕਾਰ ਸ਼ੁਰੂ ਕਰ ਸਕਣ। ਉਨ੍ਹਾਂ ਰਿਫਾਇਨਰੀ ਅਧਿਕਾਰੀਆਂ ਵਲੋਂ ਚਿਲਡਰਨ ਹੋਮ ਲਈ ਦਿੱਤੇ ਸਮਾਨ ਲਈ ਸ਼ਲਾਘਾ ਕੀਤੀ।ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਨਵੀਨ ਗਡਵਾਲ ਨੇ ਦੱਸਿਆ ਕਿ ਇਸ ਸਮੇਂ ਚਿਲਡਰਨ ਹੋਮ ਵਿਚ 7 ਤੋਂ 18 ਸਾਲ ਦੀ ਉਮਰ ਦੇ 22 ਬੱਚੇ ਰਹਿ ਰਹੇ ਹਨ ਅਤੇ ਇਨ੍ਹਾਂ ਵਿਚੋਂ 7 ਬੱਚੇ ਦੇਸ਼ ਰਾਜ ਸੀਨੀਅਰ ਸੰਕੈਡਰੀ ਸਕੂਲ ਵਿਖੇ ਅਤੇ 13 ਬੱਚੇ ਸਰਕਾਰੀ ਐਲੀਮੈਂਟਰੀ ਸਕੂਲ ਚੰਦਸਰ ਬਸਤੀ ਵਿਖੇ ਵਿਦਿਆ ਹਾਸਲ ਕਰ ਰਹੇ ਹਨ।ਉਨ੍ਹਾਂ ਦੱਸਿਆ ਕਿ ਇਹ ਸੈਂਟਰ ਪੰਜਾਬ ਦੇ 6 ਜ਼ਿਲ੍ਹੇ ਬਠਿੰਡਾ, ਮਾਨਸਾ, ਫਰੀਦਕੋਟ, ਮੋਗਾ, ਫਿਰੋਜ਼ਪੁਰ ਅਤੇ ਮੁਕਤਸਰ ਵਿਚੋਂ ਬਾਲ ਸੁਰੱਖਿਆ ਅਧਿਕਾਰੀਆਂ ਰਾਹੀਂ ਭੇਜੇ ਬੱਚਿਆਂ ਲਈ ਰਿਹਾਇਸ਼ੀ ਸਥਾਨ ਹੈ।ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸੈਂਟਰ ਵਿਚ ਰਹਿ ਚੁੱਕੇ 4 ਬੱਚੇ ਭਾਰਤੀ ਫੌਜ ਵਿਚ ਵੀ ਭਰਤੀ ਹੋ ਚੁੱਕੇ ਹਨ।ਉਨ੍ਹਾਂ ਦੱਸਿਆ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੀ ਵਿੱਤੀ ਸਹਾਇਤਾ ਨਾਲ ਇਹ ਸੈਂਟਰ ਚੱਲ ਰਿਹਾ ਹੈ।ਚਰਨਜੀਤ ਸਿੰਘ ਸਹਾਇਕ ਜਨਰਲ ਮੈਨੇਜਰ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਨੇ ਦੱਸਿਆ ਕਿ ਰਿਫਾਇਨਰੀ ਵਲੋਂ ਚਿਲਡਰਨ ਹੋਮ ਵਿਚ ਰਹਿ ਰਹੇ ਬੱਚਿਆਂ ਦੀ ਸਹੂਲਤ ਲਈ 10 ਸਾਈਕਲ, ਆਰ.ਓ. ਸਿਸਟਮ, ਡਬਲ ਬੈਟਰੀ ਇਨਵਰਟਰ, ਕਿਤਾਬਾਂ, ਅਲਮਾਰੀਆਂ, ਐਲ.ਈ.ਡੀ, ਫਲੱਡ ਲਾਈਟਸ ਅਤੇ ਕੰਬਲ ਆਦਿ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਰਿਫਾਇਨਰੀ ਵਲੋਂ ਪੀ.ਆਰ.ਓ. ਵਾਹਿਗੁਰੂ ਪਾਲ ਸਿੰਘ ਅਤੇ ਸੀ.ਐਸ.ਆਰ. ਕੁਆਰਡੀਨੇਟਰ ਸੰਦੀਪ ਸਿੰਘ ਨੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਦੇ ਨਾਲ ਚਿਲਡਰਨ ਹੋਮ ਦਾ ਦੌਰਾ ਕੀਤਾ ਅਤੇ ਬੱਚਿਆਂ ਦੀ ਲੋੜ ਅਨੁਸਾਰ 2.70 ਲੱਖ ਰੁਪਏ ਦਾ ਉਕਤ ਸਮਾਨ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਮੇਂ-ਸਮੇਂ ਸਿਰ ਰਿਫਾਇਨਰੀ ਵਲੋਂ ਇਨ੍ਹਾਂ ਬੱਚਿਆਂ ਦੀ ਲੋੜ ਅਨੁਸਾਰ ਸਹਾਇਤਾ ਕੀਤੀ ਜਾਂਦੀ ਰਹੇਗੀ।
Punjab Post Daily Online Newspaper & Print Media