ਅੰਮ੍ਰਿਤਸਰ, 25 ਜਨਵਰੀ (ਜਗਦੀਪ ਸਿੰਘ ਸੱਗੂ)- ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਵਿਖੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦੀ ਵਾਰਸ਼ਿਕ ਪਰੀਖਿਆ ਵਿੱਚ ਸਫ਼ਲਤਾ ਲਈ ‘ਅਰਦਾਸ ਦਿਵਸ’ ਦਾ ਆਯੋਜਨ ਕੀਤਾ ਗਿਆ ।
ਇਸ ਸੰਬੰਧ ਵਿੱਚ ਚੀਫ਼ ਖ਼ਾਲਸਾ ਦੀਵਾਨ ਦੇ ਗੁਰਦੁਆਰਾ ਸਾਹਿਬ ਵਿਖੇ ਮਿਤੀ 23 ਜਨਵਰੀ 2017 ਨੂੰ ਸ੍ਰੀ ਅਖੰਡ ਪਾਠ ਸਾਹਿਬ ਦਾ ਅਰੰਭ ਕਰਵਾਇਆ ਗਿਆ ਸੀ, ਜਿਸਦੇ ਅੱਜ ਭੋਗ ਪਾਏ ਗਏ । ਉਪਰੰਤ ਸਕੂਲੀ ਵਿਦਿਆਰਥੀਆਂ ਵੱਲੋਂ ਗੁਰਬਾਣੀ ਦੇ ਮਨੋਹਰ ਕੀਰਤਨ ਦੁਆਰਾ ਗੁਰੂ-ਚਰਨਾਂ ਵਿੱਚ ਹਾਜ਼ਰੀ ਲਗਵਾਈ ਗਈ ਅਤੇ ਵਿਦਿਆਰਥੀਆਂ ਦੀ ਆਉਣ ਵਾਲੀ ਵਾਰਸ਼ਿਕ ਪਰੀਖਿਆ ਵਿੱਚ ਸਫਲਤਾ ਲਈ ਅਰਦਾਸ ਕੀਤੀ ਗਈ । ਸਕੂਲ ਦੇ ਮੈਂਬਰ ਇੰਚਾਰਜ ਸ੍ਰ. ਹਰਮਿੰਦਰ ਸਿੰਘ ਨੇ ਆਈਆਂ ਸੰਗਤਾਂ ਨੂੰ ‘ਜੀ ਆਇਆਂ’ ਆਖਿਆ । ਉਹਨਾਂ ਨੇ ਵਿਦਿਆਰਥੀਆਂ ਨੂੰ ਆਉਣ ਵਾਲੀ ਪਰੀਖਿਆ ਦੀ ਤਿਆਰੀ ਪੂਰੀ ਲਗਨ ਅਤੇ ਮਿਹਨਤ ਨਾਲ ਕਰਨ ਲਈ ਕਿਹਾ ਅਤੇ ਪਰੀਖਿਆ ਦੌਰਾਨ ਧਿਆਨ ਰੱਖਣਯੋਗ ਕੁਝ ਉਪਯੋਗੀ ਗੱਲਾਂ ਦੱਸੀਆਂ । ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਸ੍ਰ. ਚਰਨਜੀਤ ਸਿੰਘ ਚੱਢਾ ਨੇ ਵਿਦਿਆਰਥੀਆਂ ਨੂੰ ਪੂਰੀ ਇਕਾਗਰਤਾ, ਲਗਨ ਅਤੇ ਮਿਹਨਤ ਨਾਲ ਪ੍ਰੀਖਿਆਵਾਂ ਦੀ ਤਿਆਰੀ ਕਰਨ ਲਈ ਪ੍ਰੇਰਿਤ ਕੀਤਾ । ਅੱਜ ਦੇ ਸਮਾਰੋਹ ਵਿੱਚ ਸਕੂਲ ਦੀਆਂ ਅਧਿਆਪਕਾਵਾਂ ਸ਼੍ਰੀਮਤੀ ਪ੍ਰਭਜੋਤ ਕੌਰ, ਸ਼੍ਰੀਮਤੀ ਜਸਬੀਰ ਕੌਰ, ਸ਼੍ਰੀਮਤੀ ਪ੍ਰਦੀਪ ਕੌਰ, ਸ਼੍ਰੀਮਤੀ ਜਗਮੀਤ ਕੌਰ ਅਤੇ ਸ਼੍ਰੀਮਤੀ ਅਮਨਪ੍ਰੀਤ ਕੌਰ ਨੂੰ ਉਹਨਾਂ ਦੇ ਪਿਛਲੇ ਸੈਸ਼ਨ ਦੇ ਵਿਦਿਆਰਥੀਆਂ ਵੱਲੋਂ +2 ਦੀ ਪ੍ਰੀਖਿਆ ਵਿੱਚ ਉੱਚਤਮ ਅੰਕ ਹਾਸਲ ਕਰਨ ਲਈ ਸਨਮਾਨਿਤ ਕੀਤਾ ਗਿਆ । ਇਸਦੇ ਨਾਲ ਹੀ ਬਾਰਵੀਂ ਜਮਾਤ ਦੇ ਉਹਨਾਂ 13 ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਜਿਨਾਂ ਨੇ ਵੱਖ-ਵੱਖ ਗਤੀਵਿਧੀਆਂ ਵਿੱਚ ਵਧੀਆ ਕਾਰਗੁਜਾਰੀ ਦਿਖਾਈ ਸੀ । ਇਸ ਮੌਕੇ ਸੀ.ਕੇ.ਡੀ. ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਦੇ ਪਿ੍ਰੰਸੀਪਲ ਡਾ: ਐਚ. ਐਸ. ਸੰਧੂ ਨੂੰ ਉਹਨਾਂ ਵੱਲੋਂ ਨਿਭਾਈਆਂ ਜਾ ਰਹੀਆਂ ਵਧੀਆ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ । ਸਮਾਰੋਹ ਦੇ ਅੰਤ ਵਿੱਚ ਸਕੂਲ ਦੇ ਪ੍ਰਿੰਸੀਪਲ/ਡਾਿੲਰੈਕਟਰ ਡਾ: ਧਰਮਵੀਰ ਸਿੰਘ ਨੇ ਆਏ ਹੋਏ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਆਉਣ ਵਾਲੀਆਂ ਪਰੀਖਿਆਵਾਂ ਵਿੱਚ ਸਕੂਲ ਦੀ ਸਫਲਤਾ ਲਈ ਕਾਮਨਾ ਕੀਤੀ । ਅੱਜ ਦੇ ਇਸ ਸਮਾਰੋਹ ਵਿੱਚ ਮੈਂਬਰ ਇੰਚਾਰਜ ਸ੍ਰ. ਨਵਪ੍ਰੀਤ ਸਿੰਘ ਸਾਹਣੀ, ਡਾ: ਸ਼੍ਰੀਮਤੀ ਅਮਰਪਾਲੀ ਕੌਰ, ਇੰਜੀ: ਜੈਦੀਪ ਸਿੰਘ, ਸਕੂਲ ਦੀਆਂ ਮੁੱਖ ਅਧਿਆਪਕਾਵਾਂ ਸ਼੍ਰੀਮਤੀ ਰੇਣੂ ਆਹੂਜਾ, ਸ਼੍ਰੀਮਤੀ ਨਿਸ਼ਚਿੰਤ ਕੌਰ, ਸ਼੍ਰੀਮਤੀ ਕਿਰਨਜੋਤ ਕੌਰ, ਸੁਪਰਵਾਈਜ਼ਰ ਸ਼੍ਰੀਮਤੀ ਰਵਿੰਦਰ ਕੌਰ, ਸ਼੍ਰੀਮਤੀ ਮੰਜੂ ਤੋਂ ਇਲਾਵਾ ਸਕੂਲ ਦੇ ਵਿਦਿਆਰਥੀ, ਉਹਨਾਂ ਦੇ ਮਾਤਾ-ਪਿਤਾ ਅਤੇ ਅਧਿਆਪਕ ਸਾਹਿਬਾਨ ਵੀ ਸ਼ਾਮਲ ਹੋਏ।
Check Also
ਯੂਨੀਵਰਸਿਟੀ ਵੱਲੋਂ ‘ਸੰਗੀਤ ਤੇ ਖੇਤੀਬਾੜੀ ਦਾ ਅੰਤਰਵਿਸ਼ਾ ਦ੍ਰਿਸ਼ਟੀਕੋਣ’ ਵਿਸ਼ੇ ‘ਤੇ ਤਿੰਨ ਦਿਨਾਂ ਵਰਕਸ਼ਾਪ
ਅੰਮ੍ਰਿਤਸਰ, 26 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਐਂਡ ਪਰਫਾਰਮਿੰਗ …
Punjab Post Daily Online Newspaper & Print Media