ਅੰਮ੍ਰਿਤਸਰ, 27 ਜਨਵਰੀ (ਗੁਰਪ੍ਰੀਤ ਸਿੰਘ)- ਅਮਰੀਕਾ ਵਰਗੇ ਸੱਭਿਅਕ ਦੇਸ਼ ਅੰਦਰ ਲਗਾਤਾਰ ਸਿੱਖਾਂ ਉਪਰ ਵਧ ਰਹੇ ਨਸਲੀ ਹਮਲੇ ਤੇ ਨਫਰਤ ਭਰੇ ਸ਼ਬਦਾਂ ਦੀ ਵਰਤੋਂ ਸਮੁੱਚੇ ਸਿੱਖ ਭਾਈਚਾਰੇ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ। ਇਸਨੂੰ ਰੋਕਣ ਲਈ ਅਮਰੀਕਾ ਦੀ ਸਰਕਾਰ ਨੂੰ ਆਪਣੇ ਤੌਰ ‘ਤੇ ਸਖਤ ਕਦਮ ਚੁੱਕਣੇ ਚਾਹੀਦੇ ਹਨ ਤਾਂ ਕਿ ਅਮਰੀਕਾ ਵਿਚ ਵੱਸਣ ਵਾਲੇ ਸਿੱਖਾਂ ਦੇ ਮਨਾਂ ਅੰਦਰੋਂ ਡਰ ਤੇ ਸਹਿਮ ਦਾ ਮਾਹੌਲ ਖਤਮ ਹੋ ਸਕੇ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪ੍ਰੋ: ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤਾ।

ਜ਼ਿਕਰਯੋਗ ਹੈ ਕਿ ਅਮਰੀਕਾ ਦੇ ਰਾਜ ਕੈਲੇਫੋਰਨੀਆਂ ਦੇ ਸ਼ਹਿਰ ਵੁਡਲੈਂਡ ਵਿਚ ਕੁਇਜ਼ਨੋਜ ਨਾਮਕ ਰੈਸਟੋਰੈਂਟ ਚਲਾਉਣ ਵਾਲੇ ਸੀ.ਜੇ ਸਿੰਘ ਦੇ ਰੈਸਟੋਰੈਂਟ ਦੀ ਕੰਧ ਉਪਰ ਸ਼ਰਾਰਤੀ ਅਨਸਰਾਂ ਵੱਲੋਂ ਅੱਤਵਾਦੀ ਸ਼ਬਦ ਲਿਖਣ ਅਤੇ ਉਨ੍ਹਾਂ ਵੱਲੋਂ ਪਰਉਪਕਾਰੀ ਕਾਰਜਾਂ ਲਈ ਰੱਖੇ ਗਏ ਰੁਪਏ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਅਮਰੀਕੀ ਸਿੱਖ ਨਿਵਾਸੀ ਸੀ.ਜੇ ਸਿੰਘ ਦੇ ਰੈਸਟੋਰੈਂਟ ਦੀ ਕੰਧ ਉਪਰ ਸ਼ਰਾਰਤੀ ਅਨਸਰਾਂ ਵੱਲੋਂ ਅੱਤਵਾਦੀ ਸ਼ਬਦ ਲਿਖਣਾ ਇਕ ਕਾਇਰਤਾਪੂਰਨ ਕਾਰਵਾਈ ਹੈ।ਸਿੱਖ ਗੁਰੂ ਸਾਹਿਬਾਨ ਨੇ ਹਮੇਸ਼ਾਂ ਹੀ ਸੰਸਾਰ ਭਰ ਵਿਚ ਵੱਸਦੀ ਲੋਕਾਈ ਨੂੰ ਸਰਬ ਸਾਂਝੀਵਾਲਤਾ ਅਤੇ ਆਪਸੀ ਭਾਈਚਾਰਕ ਦੀ ਸਾਂਝ ਨੂੰ ਮਜ਼ਬੂਤ ਕਰਨ ਦਾ ਸੰਦੇਸ਼ ਦਿੱਤਾ ਹੈ। ਇਸੇ ਉਦੇਸ਼ ਦੀ ਪੂਰਤੀ ਹਿਤ ਸਿੱਖ ਧਰਮ ਵਿਚ ਕਿਸੇ ਨਾਲ ਵਿਤਕਰਾ ਤੇ ਨਾ ਹੀ ਧਰਮ ਜਾਤ ਅਤੇ ਨਸਲ ਦਾ ਭਿੰਨ ਭੇਦ ਕੀਤਾ ਜਾਂਦਾ ਹੈ।
ਪ੍ਰਧਾਨ ਬਡੂੰਗਰ ਨੇ ਕਿਹਾ ਕਿ ਸੰਸਾਰ ਦੇ ਵੱਖ ਵੱਖ ਦੇਸ਼ਾਂ ਖਾਸ ਕਰਕੇ ਅਮਰੀਕਾ ਅੰਦਰ ਵੱਸਣ ਵਾਲੇ ਸਿੱਖਾਂ ਨੇ ਜਿਥੇ ਉਥੋਂ ਦੀ ਆਰਥਿਕ ਖੁਸ਼ਹਾਲੀ ਤੇ ਤਰੱਕੀ ਵਿਚ ਆਪਣਾ ਮਹੱਤਵਪੂਰਨ ਯੋਗਦਾਨ ਪਾਇਆ ਉਥੇ ਨਾਲ ਕਈ ਉਚ ਅਹੁਦਿਆਂ ਨੂੰ ਪ੍ਰਾਪਤ ਕਰਕੇ ਅਤੇ ਅਮਰੀਕਾ ਦੀ ਹਥਿਆਰਬੰਦ ਸੈਨਾ ਅੰਦਰ ਆਪਣੀਆਂ ਸ਼ਾਨਦਾਰ ਸੇਵਾਵਾਂ ਦੇ ਕੇ ਸੱਚੀ ਨਿਸ਼ਠਾ ਤੇ ਵਿਸ਼ਵਾਸ ਦਾ ਪ੍ਰਗਟਾਵਾ ਕੀਤਾ ਹੈ। ਪਰ ਬਹੁਤ ਅਫਸੋਸ ਦੀ ਗੱਲ ਹੈ ਕਿ ਅੱਜ ਅਮਰੀਕਾ ਅੰਦਰ ਵੱਸਣ ਵਾਲੇ ਸਿੱਖ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਉਨ੍ਹਾਂ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਜ਼ੋਰਦਾਰ ਅਪੀਲ ਕੀਤੀ ਹੈ ਕਿ ਅਮਰੀਕਾ ਅੰਦਰ ਵੱਸਣ ਵਾਲੇ ਸਿੱਖਾਂ ਦੀ ਸੁਰੱਖਿਆ ਲਈ ਠੋਸ ਪ੍ਰਬੰਧ ਕੀਤੇ ਜਾਣ ਅਤੇ ਨਸਲੀ ਹਿੰਸਾ ਦੀਆਂ ਕਾਰਵਾਈਆਂ ਨੂੰ ਰੋਕਣ ਦੇ ਲਈ ਸ਼ਰਾਰਤੀ ਅਨਸਰਾਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਉਨ੍ਹਾਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣ।
Punjab Post Daily Online Newspaper & Print Media