ਪਠਾਨਕੋਟ, 27 ਜਨਵਰੀ (ਪੰਜਾਬ ਪੋਸਟ ਬਿਊਰੋ)- ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਸ੍ਰੀ ਮਨੀਸ਼ ਸਿਸੋਦੀਆ ਨੇ ਪਠਾਨਕੋਟ ਜਿਲੇ ਵਿਚ ਪਾਰਟੀ ਉਮੀਦਵਾਰਾਂ ਦੇ ਹੱਕ ਵਿਚ ਪ੍ਰਚਾਰ ਕਰਦਿਆਂ ਲੋਕਾਂ ਨੂੰ ਪੰਜਾਬ ਦੀ ਭਲਾਈ ਲਈ ਬਾਦਲਾਂ ਅਤੇ ਕੈਪਟਨ ਦਾ ਗੱਠਜੋਨ ਤੋੜਣ ਦਾ ਸੱਦਾ ਦਿੱਤਾ।ਮਨੀਸ਼ ਸਿਸੋਦੀਆ ਨੇ ਦੇਸ਼ ਦੇ ਨਾਲ-ਨਾਲ ਪੰਜਾਬ ਨੂੰ ਵੀ 1947 ਵਿਚ ਅੰਗਰੇਜਾਂ ਕੋਲੋਂ ਤਾਂ ਅਜ਼ਾਦੀ ਮਿਲ ਗਈ ਸੀ, ਪਰੰਤੂ ਪੰਜਾਬ ਨੂੰ ਲੁੱਟਣ ਵਾਲੀਆਂ ਜਮਾਤਾਂ ਤੋਂ ਲੋਕਾਂ ਨੂੰ ਅੱਜ ਤੱਕ ਅਜ਼ਾਦੀ ਨਹੀ ਮਿਲ ਸਕੀ।

ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਜਿਹੀਆਂ ਲੁਟੇਰੀਆਂ ਪਾਰਟੀਆਂ ਤੋਂ ਲੋਕਾਂ ਨੂੰ ਅਜ਼ਾਦੀ ਆਮ ਆਦਮੀ ਪਾਰਟੀ ਹੀ ਦਿਵਾ ਸਕਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਬੱਚਿਆਂ ਦੇ ਸੁਨਹਿਰੇ ਭਵਿੱਖ ਲਈ ਇੰਨ੍ਹਾ ਕਾਰੋਬਾਰੀ ਪਰਿਵਾਰਾਂ ਨੂੰ ਚਲਦਾ ਕਰਨਾ ਜਰੂਰੀ ਹੈ। ਮਨੀਸ਼ ਸਿਸੋਧੀਆ ਵਿਧਾਨਸਭਾ ਹਲਕਾ ਸੁਜਾਨਪੁਰ ਤੋਂ ਪਾਰਟੀ ਉਮੀਦਵਾਰ ਕੁਲਭੂਸ਼ਨ ਸਿੰਘ ਮਿਨਹਾਸ, ਪਠਾਨਕੋਟ ਤੋਂ ਉਮੀਦਵਾਰ ਰਾਜ ਕੁਮਾਰ ਮਹਾਜਨ ਅਤੇ ਦੀਨਾ ਨਗਰ ਹਲਕੇ ਤੋਂ ਉਮੀਦਵਾਰ ਜੋਗਿੰਦਰ ਛੀਨਾ ਦੇ ਹੱਕ ਵਿਚ ਰੈਲੀਆਂ ਨੂੰ ਸੰਬੋਧਨ ਕਰ ਰਹੇ ਸਨ।
ਮਨੀਸ਼ ਸਿਸੋਦੀਆ ਨੇ ਕਿਹਾ ਕਿ ਅਕਾਲੀ ਦਲ ਆਪਣੇ ਆਪ ਨੂੰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਪਹਿਰੇਦਾਰ ਕਹਿੰਦਾ ਹੈ ਪਰੰਤੂ ਇਸਦੇ ਆਗੂਆਂ ਨੇ ਪਿਛਲੇ 10 ਸਾਲਾਂ ਵਿਚ ਪੰਜਾਬ ਨੂੰ ਪੂਰੀ ਤਰਾਂ ਬਰਬਾਦ ਕਰਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਪੰਜਾਬ ਦੇ ਕੁਦਰਤੀ ਸਰੋਤਾਂ ਦੀ ਲੁੱਟ ਦੇ ਨਾਲ-ਨਾਲ ਲੋਕਾਂ ਦੀਆਂ ਜੇਬਾਂ ’ਤੇ ਵੀ ਡਾਕਾ ਮਾਰਿਆ।ਅਕਾਲੀ ਦਲ ਦੇ ਆਗੂਆਂ ਨੇ ਪੰਜਾਬ ਦੇ ਹਰ ਮੁਨਾਫਾ ਦੇਣ ਵਾਲੇ ਕਾਰੋਬਾਰ ’ਤੇ ਕਬਜ਼ਾ ਕਰਕੇ ਪੰਜਾਬ ਅਤੇ ਪੰਜਾਬੀਆਂ ਨਾਲ ਵੱਡਾ ਧ੍ਰੋਹ ਕਮਾਇਆ ਹੈ ਜਿਸ ਕਾਰਨ ਪੰਜਾਬੀ ਇੰਨ੍ਹਾਂ ਨੂੰ ਕਦੀ ਮਾਫ ਨਹੀਂ ਕਰਣਗੇ।ਆਪਣੀਆਂ ਤਿਜ਼ੋਰੀਆਂ ਭਰਨ ਦੀ ਲਾਲਸਾ ਵਿਚ ਅਕਾਲੀ ਦਲ ਦੇ ਆਗੂਆਂ ਨੇ ਪੰਜਾਬ ਦੇ ਵਪਾਰੀਆਂ ਅਤੇ ਵਪਾਰ ਨੂੰ ਪੂਰੀ ਤਰਾਂ ਖਤਮ ਕਰ ਦਿੱਤਾ।ਵੱਡੇ ਉਦਯੋਗ ਬੰਦ ਹੋ ਗਏ ਜਾਂ ਸੂਬੇ ਤੋਂ ਪਲਾਇਨ ਕਰ ਗਏ।ਕਿਸਾਨਾਂ ਦੀ ਹਾਲਤ ਇੰਨੀ ਮਾੜੀ ਕਰ ਦਿੱਤੀ ਗਈ ਕਿ ਪਿਛਲੇ 10 ਸਾਲਾਂ ਵਿਚ ਹਜ਼ਾਰਾਂ ਹੀ ਕਿਸਾਨ ਖੁਦਕੁਸ਼ੀ ਕਰ ਗਏ।
ਉਨ੍ਹਾ ਕਿਹਾ ਕਿ ਪੰਜਾਬ ਦੇ ਪੜ੍ਹੇ-ਲਿਖੇ ਨੌਜਵਾਨ ਸੜਕਾਂ ’ਤੇ ਰੁਲਣ ਲਈ ਛੱਡ ਦਿੱਤੇ ਗਏ ਅਤੇ ਹੱਕ ਮੰਗਣ ’ਤੇ ਉਨ੍ਹਾਂ ’ਤੇ ਡਾਂਗਾਂ ਵਰ੍ਹਾਈਆਂ ਗਈਆਂ ਅਤੇ ਜੇਲ੍ਹਾਂ ਵਿਚ ਸੁੱਟਿਆ ਗਿਆ।ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾ ਕੇ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਿਆ ਗਿਆ ਅਤੇ ਪੰਜਾਬ ਦੀਆਂ ਧੀਆਂ-ਭੈਣਾਂ ਦੀਆਂ ਇੱਜਤਾਂ ਸੜਕਾਂ ’ਤੇ ਰੋਲੀਆਂ ਗਈਆਂ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਵੀ ਸਰਕਾਰ ਦੇ ਇੰਨ੍ਹਾਂ ਜੁਲਮਾਂ ਦੇ ਖਿਲਾਫ ਆਵਾਜ਼ ਨਾ ਚੁੱਕ ਕੇ ਲੋਕਾਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਬਾਦਲ ਅਤੇ ਕੈਪਟਨ ਵਰਗੇ ਕਾਰੋਬਾਰੀ ਘਰਾਣੇ ਆਪਸ ਵਿਚ ਮਿਲਕੇ ਲੋਕਾਂ ਦੀ ਲੁੱਟ ਕਰਦੇ ਆਏ ਹਨ ਪਰੰਤੂ ਹੁਣ ਲੋਕਾਂ ਨੂੰ ਪਾਰਟੀਆਂ ਦੀ ਅਸਲੀਅਤ ਦਾ ਪਤਾ ਲੱਗ ਚੁੱਕਾ ਹੈ ਅਤੇ ਲੋਕ ਹੁਣ ਇੰਨਾਂ ਦੀਆਂ ਗੱਲਾਂ ਵਿਚ ਨਹੀ ਆਉਣਗੇ।
Punjab Post Daily Online Newspaper & Print Media