ਅੰਮ੍ਰਿਤਸਰ, 29 ਜਨਵਰੀ (ਪੰਜਾਬ ਪੋਸਟ ਸੁਖਬੀਰ ਸਿੰਘ)- ਅਕਾਲੀ-ਭਾਜਪਾ ਗਠਜੋੜ ਦੇ ਰਾਜ ‘ਚ ਬਾਦਲ ਮਾਰਦਾ ਰਿਹਾ ਬੱਦਲਾਂ ਤੋਂ ਪਰ੍ਹੇ ਦੀ ਗੱਪ ਅਤੇ ਮੋਦੀ ਨੇ ਲਗਾਈ ਰੱਖੀ ਨੋਟ ਬੰਦੀ ਦੀ ਰੱਟ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਦੱਖਣੀ ਤੋਂ ਆਪ ਪਾਰਟੀ ਦੇ ਵਿਧਾਨ ਸਭਾ ਹਲਕਾ ਦੱਖਣੀ ਦੇ ਉਮੀਦਵਾਰ ਡਾ: ਇੰਦਰਬੀਰ ਸਿੰਘ ਨਿੱਜਰ ਨੇ ਹਲਕੇ ਵਿਚ ਇਕ ਜਨਸਭਾ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਪੰਜਾਬ ਦੀ ਬਾਦਲ ਸਰਕਾਰ ਜੋ ਵਿਕਾਸ-ਵਿਕਾਸ ਦੀ ਰੱਟ ਲਗਾ ਰਹੀ ਹੈ ਉਸ ਨੇ ਵਿਕਾਸ ਤਾਂ ਕੀਤਾ, ਪਰ ਨਸ਼ਿਆਂ ਦੇ ਦਰਿਆਵਾਂ ਦਾ, ਰਿਸ਼ਵਤ ਖੋਰੀ ਦਾ, ਭ੍ਰਿਸ਼ਟਾਚਾਰ ਦਾ, ਗੁੰਡਾ ਗਰਦੀ ਦਾ, ਹਾਊਸ ਟੈਕਸ ਤੇ ਟੋਲ ਟੈਕਸ ਦਾ, ਬੇਰੋਜ਼ਗਾਰੀ ਵਧਾਉਣ ਦਾ, ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਤੇ ਪੰਜਾਬ ਦੀ ਜਵਾਨੀ ਨੂੰ ਗਰਕ ਕਰਨ ਦਾ ਤੇ ਬੁੱਢੇ ਮਾਪਿਆਂ ਨੂੰ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਹੋਣ ਦਾ।
ਇਸੇ ਤਰ੍ਹਾਂ ਕੇਂਦਰ ‘ਚ ਬੈਠੇ ਭਾਜਪਾ ਦੇ ਮੋਦੀ ਨੇ ਨੋਟ ਬੰਦੀ ਲਗਾ ਕੇ ਹਿੰਦੁਸਤਾਨ ਦੀ ਗਰੀਬ ਜਨਤਾ ਦੇ ਮੂੰਹ ‘ਚੋਂ ਰੁੱਖੀ-ਸੁੱਕੀ ਰੋਟੀ ਖੋਹਣ ਦਾ। ਡਾ. ਨਿੱਜਰ ਨੇ ਕਿਹਾ ਕਿ ਜੇਕਰ ਕੈਪਟਨ ਦੀ ਕਾਂਗਰਸ ਸਰਕਾਰ ਦਾ ਜਿਕਰ ਕਰੀਏ ਤਾਂ ਉਸ ਨੇ ਤਾਂ ਲੋਕਾਂ ਨੂੰ ਐਸੇ ਜ਼ਖਮ ਦਿਤੇ ਹਨ, ਜੋ ਨਾ-ਭੁਲਣਯੋਗ ਅਤੇ ਨਾ-ਬਖ਼ਸ਼ਣਯੋਗ ਹਨ।ਇਥੇ ਹੀ ਬਸ ਨਹੀਂ ਕਾਂਗਰਸ ਦੇ ਸਾਰੇ ਵੱਡੇ ਨੇਤਾ ਘੋਟਾਲਿਆਂ ਤੋਂ ਵੀ ਜਾਣੇ ਜਾਂਦੇ ਹਨ।ਜਿਸ ਕਰਕੇ ਪੂਰੇ ਦੇਸ਼ ਵਿਚੋਂ ਕਾਂਗਰਸ ਨੂੰ ਬੁਰ੍ਹੀ ਤਰ੍ਹਾਂ ਨਾਲ ਨਾਕਾਰਿਆ ਜਾ ਰਿਹਾ ਹੈ। ਡਾ. ਨਿਜਰ ਨੇ ਕਿਹਾ ਕਿ ਸਰਕਾਰ ਭਾਵੇਂ ਅਕਾਲੀ-ਭਾਜਪਾ ਦੀ ਹੋਵੇ ਜਾਂ ਕਾਂਗਰਸ ਦੀ ਇਨ੍ਹਾਂ ਤਿੰਨੇ ਪਾਰਟੀਆਂ ਦੀ ਤਿਕੜੀ ਨੇ ਜਨਤਾ ਨੂੰ ਸਬਜ਼ ਬਾਗ ਦਿਖਾ ਕੇ ਪਹਿਲਾਂ ਵੋਟਾਂ ਕਰਕੇ ਸਿਰਫ ਖੁਦ ਸੱਤਾ ਦਾ ਸੁੱਖ ਮਾਣਿਆ ਹੈ ਤੇ ਗਰੀਬ-ਭੋਲੀਭਾਲੀ ਜਨਤਾ ਨੂੰ ਲੁੱਟਿਆ ਤੇ ਕੁੱਟਿਆ ਹੈ।ਡਾ. ਨਿੱਜਰ ਨੇ ਕਿਹਾ ਕਿ ‘ਆਪ’ ਦੀਆਂ ਨੀਤੀਆਂ ਮੁਤਾਬਕ ਉਹ ਪੰਜਾਬ ਦੀ ਜਵਾਨੀ ਨੂੰ ਨਵਾਂ ਨਰੋਆ ਜੀਵਨ ਦਾਨ ਦੇ ਕੇ ਪੰਜਾਬ ਨੂੰ ਸਭ ਤੋਂ ਮੋਹਰੀ ਖੁਸ਼ਹਾਲ ਸੂਬਾ ਬਣਾਉਣਗੇ। ਜਨਸਭਾ ਦੇ ਅਖੀਰ ‘ਚ ਡਾ. ਨਿੱਜਰ ਨੇ ਜਨਤਾ ਨੂੰ ਅਪੀਲ ਕੀਤੀ ਕਿ 4 ਫਰਵਰੀ ਨੂੰ ਵੋਟ ਸਿਰਫ ਝਾੜੂ ਨੂੰ ਪਾਉਣ।
ਇਸ ਮੌਕੇ ਕੌਂਸਲਰ ਸੁਰਿੰਦਰ ਸਿੰਘ ਸੁਲਤਾਨਵਿੰਡ, ਜਗਜੀਤ ਸਿੰਘ ਸੈਣੀ, ਹਰਵਿੰਦਰ ਸਿੰਘ ਡਾਇਮੰਡ, ਕੁਲਬੀਰ ਸਿੰਘ ਗੰਡੀਵਿੰਡ, ਨਿਸ਼ਾਨ ਸਿੰਘ, ਜਗਦੀਪ ਸਿੰਘ, ਜਸਪ੍ਰੀਤ ਸਿੰਘ ਸਮੇਤ ਵੱਡੀ ਗਿਣਤੀ ਵਿਚ ਲੋਕ ਮੌਜੂਦ ਸਨ।
Check Also
ਯੂਨੀਵਰਸਿਟੀ ਵੱਲੋਂ ‘ਸੰਗੀਤ ਤੇ ਖੇਤੀਬਾੜੀ ਦਾ ਅੰਤਰਵਿਸ਼ਾ ਦ੍ਰਿਸ਼ਟੀਕੋਣ’ ਵਿਸ਼ੇ ‘ਤੇ ਤਿੰਨ ਦਿਨਾਂ ਵਰਕਸ਼ਾਪ
ਅੰਮ੍ਰਿਤਸਰ, 26 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਐਂਡ ਪਰਫਾਰਮਿੰਗ …
Punjab Post Daily Online Newspaper & Print Media