ਪਠਾਨਕੋਟ, 7 ਫਰਵਰੀ (ਪੰਜਾਬ ਪੋਸਟ ਬਿਊਰੋ)- ਜਿਲਾ ਪਠਾਨਕੋਟ ਦੀਆਂ ਭੁਗੋਲਿਕ ਪ੍ਰਸਥਿਤੀਆਂ ਵੱਖ-ਵੱਖ ਹੋਣ ਕਾਰਨ ਕਿਸਾਨਾਂ ਨੂੰ ਕਈ ਤਰਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸੇਮ ਵਰਗੇ ਹਾਲਾਤਾਂ ਦਾ ਸਾਹਮਣਾ ਕਰ ਰਹੇ ਪਿੰਡਾਂ ਜਿਵੇਂ ਬੱਸੀ, ਸੈਦੋਵਾਲ, ਸ਼ਹੀਦਪੁਰ, ਚਛਮਾ, ਜਕਰੌਰ, ਗੁਜਰਾਤ ਅਤੇ ਖੰਨੀਖੂਹੀ ਦੇ ਵੱਡੇ ਰਕਬੇ ਵਿੱਚ ਬਰਸਾਤ ਦਾ ਪਾਣੀ ਖੜਾ ਹੋਣ ਨਾਲ ਕਣਕ ਦੀ ਫਸਲ ਪ੍ਰਭਾਵਤ ਹੋ ਰਹੀ ਹੈ ਉਥੇ ਬਾਰਾਨੀ ਇਲਾਕਿਆਂ ਵਿੱਚ ਕਣਕ ਦੀ ਫਸਲ ਦੀ ਬਿਜਾਈ ਪਿਛੇਤੀ ਹੋਣ ਕਾਰਨ ਉਤਪਾਦਨ ਤੇ ਬੁਰਾ ਪ੍ਰਭਾਵ ਪੈਣ ਦੀ ਸੰਭਾਵਨਾ ਹੈ।ਪਿਛਲੇ ਦਿਨੀਂ ਹੋਈ ਬਰਸਾਤ ਅਤੇ ਗੜੇਮਾਰੀ ਕਾਰਨ ਪ੍ਰਭਾਵਤ ਕਣਕ ਦੀ ਫਸਲ ਦਾ ਜਾਇਜ਼ਾ ਲੈਣ ਲਈ ਡਾ. ਇੰਦਰਜੀਤ ਸਿੰਘ ਮੁੱਖ ਖੇਤੀਬਾੜੀ ਅਪਸਰ ਦੇ ਆਦੇਸ਼ਾਂ ਤੇ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਨੇ ਸੁਭਾਸ਼ ਚੰਦਰ ਅਤੇ ਜਤਿੰਦਰ ਕੁਮਾਰ ਖੇਤੀ ਵਿਸਥਾਰ ਅਫਸਰ ਨਾਲ ਬੱਸੀ, ਸੈਦੋਵਾਲ, ਸ਼ਹੀਦਪੁਰ, ਚਛਮਾ, ਜਕਰੌਰ, ਗੁਜਰਾਤ ਅਤੇ ਖੰਨੀਖੂਹੀ ਦਾ ਦੌਰਾ ਕੀਤਾ।

ਪਿੰਡ ਚਸ਼ਮਾ ਵਿੱਚ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਕਣਕ ਦੀ ਫਸਲ ਵਿੱਚੋਂ ਬਰਸਾਤ ਦੇ ਪਾਣੀ ਦਾ ਨਿਕਾਸ ਨਾਂ ਹੋਣ ਦਾ ਮੁੱਖ ਕਾਰਨ ਕਿਸਾਨਾਂ ਵੱਲੋਂ ਨਿਕਾਸੀ ਨਾਲਿਆਂ ਨੂੰ ਬੰਦ ਕਰਨਾ ਹੈ। ਉਨਾਂ ਕਿਹਾ ਕਿ ਜੇਕਰ ਪਾਣੀ ਕੁੱਝ ਦਿਨ ਹੋਰ ਖੜਾ ਰਿਹਾ ਤਾਂ ਕਣਕ ਦੀ ਫਸਲ ਪ੍ਰਭਾਵਤ ਹੋ ਸਕਦੀ ਹੈ ,ਇਸ ਲਈ ਜਿੰਨੀ ਜਲਦੀ ਹੋ ਸਕੇ ਖੇਤਾਂ ਵਿੱਚੋਂ ਪਾਣੀ ਦੀ ਨਿਕਾਸੀ ਨੂੰ ਯਕੀਨੀ ਬਣਾਇਆ ਜਾਵੇ। ਉਨਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਕਣਕ ਝੋਨੇ ਦੀ ਲਗਾਤਾਰ ਖੇਤੀ ਹੋਣ ਕਾਰਨ ਮਿੱਟੀ ਦੀ ਹੇਠਲੀ ਸਤਾਹ ਸਖਤ ਹੋ ਗਈ ਹੈ, ਨਤੀਜਤਨ ਪਾਣੀ ਜ਼ਮੀਨ ਹੇਠਾਂ ਘੱਟ ਰਿਸਣ ਕਾਰਨ ਵੀ ਖੇਤਾਂ ਬਰਸਾਤ ਦਾ ਵਾਧੂ ਪਾਣੀ ਖੜਾ ਹੋ ਜਾਂਦਾ ਹੈ।ਉਨਾਂ ਕਿਹਾ ਕਿ ਖੇਤਾਂ ਵਿੱਚ ਪਾਣੀ ਖੜਾ ਹੋਣ ਦੀ ਸਮੱਸਿਆ ਨੂੰ ਤਹਿ ਤੋੜ ਹੱਲ ਦੀ ਵਰਤੋਂ ਕਰਕੇ ਅਤੇ ਕਣਕ ਦੀ ਫਸਲ ਦੀ ਬਿਜਾਈ ਬੈਡ ਪਲਾਂਟਰ ਨਾਲ ਕਰਨ ਨਾਲ ਵੀ ਇਸ ਸਮੱਸਿਆ ਨੂੰ ਘਟਾਇਆ ਜਾ ਸਕਦਾ ਹੈ। ਉਨਾਂ ਦੱਸਿਆ ਕਿ ਪਿੰਡ ਜਗਤਪੁਰ ਵਿੱਚ ਕਣਕ ਦੀ ਫਸਲ ਦੀ ਬਿਜਾਈ ਬੈੱਡ ਪਲਾਂਟਰ ਨਾਲ ਕਰਕੇ ਨਮੂਨੇ ਦਾ ਪਲਾਟ ਲਗਾਇਆ ਗਿਆ ਹੈ ਜਿਸ ਬਾਰੇ ਛੇਤੀ ਹੀ ਖੇਤ ਦਿਵਸ ਮਨਾ ਕੇ ਕਿਸਾਨਾਂ ਨੂੰ ਕਣਕ ਦੀ ਬਿਜਾਈ ਬੈੱਡ ਪਲਾਂਟਰ ਨਾਲ ਕਰਨ ਲਈ ਪ੍ਰੇਰਿਤ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਇਸ ਸਮੱਸਿਆ ਦੇ ਸਥਾਈ ਹੱਲ ਲਈ ਸਮੁਚੇ ਹਾਲਾਤ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ। ਠਾਕੁਰ ਦੀਵਾਨ ਸਿੰਘ ਨੇ ਕਿਹਾ ਕਿ ਬਰਸਾਤੀ ਪਾਣੀ ਦਾ ਨਿਕਾਸ ਠੀਕ ਨਾਂ ਹੋਣ ਕਾਰਨ ਕਿਸਾਨਾਂ ਨੂੰ ਹਰ ਸਾਲ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਪਿੰਡ ਸ਼ਹੀਦਪੁਰ ਦੇ ਅਗਾਂਹਵਧੂ ਕਿਸਾਨ ਮਨਦੀਪ ਸਿੰਘ ਨੇ ਕਿਹਾ ਕਿ 10-15 ਸਾਲ ਪਹਿਲਾਂ ਨਿਕਾਸੀ ਨਾਲਿਆਂ ਦੀ ਹਾਲਤ ਠੀਕ ਹੋਣ ਕਾਰਨ ਇਸ ਸਮੱਸਿਆ ਦਾ ਸਾਹਮਣਾ ਨਹੀਂ ਸੀ ਕਰਨਾ ਪੈਂਦਾ ਪਰ ਪਿਛਲੇ ਕੁਝ ਸਮੇਂ ਤੋਂ ਕਿਸਾਨਾਂ ਵੱਲੋਂ ਨਿੱਜੀ ਮੁਫਾਦਾਂ ਕਾਰਨ ਨਿਕਾਸੀ ਨਾਲੇ ਵਾਹ ਕੇ ਖੇਤਾਂ ਵਿੱਚ ਮਿਲਾਉਣ ਕਾਰਨ ਇਸ ਸਮੱਸਿਆ ਦੇ ਵਧਣ ਕਾਰਨ ਹਰ ਸਾਲ ਕਣਕ ਦੀ ਫਸਲ ਦਾ ਨੁਕਸਾਨ ਹੁੰਦਾ ਹੈ। ਉਨਾਂ ਮੰਗ ਕੀਤੀ ਕਿ ਨਿਕਾਸੀ ਨਾਲਿਆਂ ਦੀ ਦੁਬਾਰਾ ਨਿਸ਼ਾਨਦੇਈ ਕਰਵਾ ਕੇ ਖੁਦਾਈ ਕਰਵਾਈ ਜਾਵੇ ਤਾਂ ਜੋ ਕਿਸਾਨਾਂ ਨੂੰ ਇਸ ਸਮੱਸਿਆ ਤੋਂ ਨਿਜ਼ਾਤ ਦਵਾਈ ਜਾ ਸਕੇ ।
Punjab Post Daily Online Newspaper & Print Media