ਟਾਹਲੀ ਸਾਹਿਬ, 9 ਫ਼ਰਵਰੀ (ਪੰਜਾਬ ਪੋਸਟ ਬਿਊਰੋ)- ਪੰਜਾਬ ਦੇ ਕੁੱਲ 48 ਪੋਲਿੰਗ ਬੂਥਾਂ ਵਿੱਚੋਂ ਮਜੀਠਾ ਵਿਧਾਨ ਸਭਾ ਹਲਕੇ ਦੇ 28 ਬੂਥਾਂ ‘ਤੇ ਮੁੜ ਵੋਟਾਂ ਪੈਣ ਦੇ ਕੰਮ ਦੌਰਾਨ ਅੱਜ ਹਲਕੇ ਦੇ ਪਿੰਡ ਬਾਬੋਵਾਲ ਵਿਖੇ 10 ਆਪ ਵਾਲੰਟੀਅਰ ਪੁਲਿਸ ਨੇ ਚੁੱਕ ਲਏ, ਉੱਚ ਅਧਿਕਾਰੀਆਂ ਦੇ ਦਖ਼ਲ ਉਪਰੰਤ ਇੱਕ ਘੰਟੇ ਅੰਦਰ ਹੀ ਮੁੜ ਬੂਥ ‘ਤੇ ਪਹੁੰਚ ਗਏ।
ਆਮ ਆਦਮੀ ਪਾਰਟੀ ਦੇ ਉਮੀਦਵਾਰ ਐਡਵੋਕੇਟ ਹਿੰਮਤ ਸਿੰਘ ਸ਼ੇਰਗਿੱਲ ਨੇ ਦੋਸ਼ ਲਾਇਆ ਕਿ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਅਕਾਲੀ ਵਰਕਰਾਂ ਵੱਲੋਂ ਕੱਲ੍ਹ ਪੰਨਵਾਂ ਅਤੇ ਮਰੜ੍ਹੀ ਕਲਾਂ ਵਿਖੇ ਦੋ ਪ੍ਰਮੁੱਖ ਕਾਂਗਰਸੀ ਆਗੂਆਂ ਨੂੰ ਵੱਖ-ਵੱਖ ਦੋਸ਼ਾਂ ਤਹਿਤ ਗ੍ਰਿਫ਼ਤਾਰ ਕਰਵਾਏ ਜਾਣ ਉਪਰੰਤ ਅੱਜ ਟਾਹਲੀ ਸਾਹਿਬ ਨੇੜਲੇ ਪਿੰਡ ਬਾਬੋਵਾਲ ਵਿਖੇ ਵੀ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਕਹਿਣ ‘ਤੇ ਪੁਲਿਸ ਨੇ 10 ਆਪ ਵਾਲੰਟੀਅਰਾਂ ਨੂੰ ਹਿਰਾਸਤ ‘ਚ ਲੈ ਲਿਆ।ਮਜੀਠਾ ਹਲਕੇ ਦੇ ਪਿੰਡਾਂ ਦੇ ਹੀ ਵਸਨੀਕ ਇਹ ਆਪ ਵਾਲੰਟੀਅਰ ਬਾਬੋਵਾਲ ਪਿੰਡ ਦੇ ਬਾਹਰੀ ਬੂਥ ‘ਤੇ ਬੈਠੇ ਸਨ ਕਿ ਅਕਾਲੀ ਵਰਕਰਾਂ, ਜਿਨ੍ਹਾਂ ‘ਚ ਖ਼ੁਦ ਅੰਮ੍ਰਿਤਸਰ ਸ਼ਹਿਰ ਦੇ ਦੋ ਕੌਂਸਲਰ ਸ਼ਾਮਲ ਸਨ, ਨੇ ਇਨ੍ਹਾਂ ਨੂੰ ਬਾਹਰੀ ਵਿਅਕਤੀ ਦੱਸ ਕੇ ਝਗੜਾ ਕਰਨ ਦਾ ਯਤਨ ਕੀਤਾ।ਸ਼ੇਰ ਗਿਲ ਦੇ ਚੋਣ ਇੰਚਾਰਜ ਐਡਵੋਕੇਟ ਫ਼ੈਰੀ ਨੇ ਮੌਕੇ ‘ਤੇ ਪੁੱਜ ਕੇ ਮਜੀਠੀਆ ਨਾਲ ਬਹਿਸ ਕੀਤੀ ਅਤੇ ਇਸ ਨੂੰ ਧੱਕੇਸ਼ਾਹੀ ਕਰਾਰ ਦਿੱਤਾ ਪਰ ਥਾਣਾ ਕੱਥੂਨੰਗਲ ਦੀ ਪੁਲਿਸ ਇਨ੍ਹਾਂ ਆਪ ਵਾਲੰਟੀਅਰਾਂ ਨੂੰ ਹਿਰਾਸਤ ‘ਚ ਲੈ ਕੇ ਥਾਣੇ ਲੈ ਗਈ।
ਸ਼ੇਰਗਿਲ ਨੇ ਕਿਹਾ ਹੈ ਕਿ ਪੁਲਿਸ ਕਾਰਵਾਈ ਦਾ ਪਤਾ ਲੱਗਣ ‘ਤੇ ਐਡਵੋਕੇਟ ਫ਼ੈਰੀ, ਪ੍ਰਗਟ ਸਿੰਘ ਚੋਗਾਵਾਂ, ਸੁਖਦੀਪ ਸਿੱਧੂ ਅਤੇ ਹੋਰ ਆਪ ਆਗੂ ਥਾਣੇ ਪਹੁੰਚ ਗਏ ਜਿਥੇ ਉਹ (ਸ਼ੇਰਗਿੱਲ) ਵੀ, ਇਸ ਤਰਾਂ ਉਥੇ ਮੌਜੂਦ ਐਸ.ਪੀ (ਡੀ) ਜਗਤਪ੍ਰੀਤ ਸਿੰਘ ਨਾਲ ਭਖ਼ਵੀਂ ਬਹਿਸ ਅਤੇ ਗਰਮਾਗਰਮੀ ਵੀ ਹੋਈ। ਉਨਾਂ ਇਹ ਸਾਰਾ ਮਾਮਲਾ ਚੋਣ ਕਮਿਸ਼ਨ ਦੇ ਉੱਚ ਅਧਿਕਾਰੀਆਂ ਦੇ ਧਿਆਨ ‘ਚ ਲਿਆਉਣ ਉਪਰੰਤ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਦਖ਼ਲ ਦੇ ਕੇ ਸਾਰੇ ਆਪ ਵਾਲੰਟੀਅਰਾਂ ਨੂੰ ਤੁਰੰਤ ਛੱਡਣ ਦੇ ਆਦੇਸ਼ ਦਿੱਤੇ। ਇਸ ਉਪਰੰਤ ਜੇਤੂ ਰੌਂਅ ‘ਚ ਆਮ ਆਦਮੀ ਪਾਰਟੀ ਵੱਲੋਂ ਹਿਰਾਸਤ ‘ਚੋਂ ਛੁਡਵਾਏ ਗਏ ਵਾਲੰਟੀਅਰਾਂ ਨੂੰ ਮੁੜ ਬਾਬੋਵਾਲ ਬੂਥ ‘ਤੇ ਜਾ ਕੇ ਬਿਠਾਇਆ ਗਿਆ ਅਤੇ ਇਸ ਸਮੁੱਚੀ ਕਾਰਵਾਈ ਨੂੰ ਸ਼ੇਰਗਿੱਲ ਨੇ ਜ਼ੁਲਮ-ਜ਼ਬਰ ਦੀ ਹਾਰ ਕਰਾਰ ਦਿੱਤਾ ਗਿਆ।ਆਪ ਵਾਲਮਟੀਅਰਾਂ ‘ਚ ਸ਼ਾਮਲ ਇੱਕ ਅੰਮ੍ਰਿਤਧਾਰੀ ਸਿੰਘ ਜੋ ਸਤਿਕਾਰ ਕਮੇਟੀ ਮੈਂਬਰ ਵੀ ਹੈ, ਨੇ ਦੋਸ਼ ਲਾਇਆ ਕਿ ਮਾਲ ਮੰਤਰੀ ਬਿਕਰਮ ਮਜੀਠੀਆ ਨੇ ਖ਼ੁਦ ਉਸ ਨੂੰ ਧੀਆਂ-ਭੈਣਾਂ ਦੀਆਂ ਗਾਲ੍ਹਾਂ ਕੱਢੀਆਂ।ਇਸ ਮੌਕੇ ‘ਤੇ ਆਪ ਆਗੂ ਪ੍ਰਗਟ ਸਿੰਘ ਚੋਗਾਵਾਂ, ਸੁਖਦੀਪ ਸਿੰਘ ਸਿੱਧੂ, ਹਰਿੰਦਰ ਸਿੰਘ ਸੇਖੋਂ, ਸ਼ਿਸ਼ਪਾਲ ਸਿੰਘ ਤਲਵੰਡੀ, ਜਸਪਾਲ ਸਿੰਘ ਚੋਗਾਵਾਂ ਅਤੇ ਕ੍ਰਿਪਾਲ ਸਿੰਘ ਮਜੀਠਾ ਆਦਿ ਵੀ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ ਦੋ ਰੋਜ਼ਾ ਅੱਖਾਂ ਦੀ ਜਾਂਚ ਕੈਂਪ ਲਗਾਇਆ ਗਿਆ
ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਰੋਟਰੈਕਟ ਕਲੱਬ ਅਤੇ ਇੰਸਟੀਚਿਊਸ਼ਨਜ਼ ਇਨੋਵੇਸ਼ਨ …
Punjab Post Daily Online Newspaper & Print Media