ਨਵੀਂ ਦਿੱਲੀ, 10 ਫਰਵਰੀ (ਪੰਜਾਬ ਪੋਸਟ ਬਿਊਰੋ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਵਿਚ ਹਕੀਕਤ ਅਤੇ ਲਾਲਚ ਦੀ ਲੜਾਈ ਵਿਚ ਹਕੀਕਤ ਦੀ ਜਿੱਤ ਹੋਵੇਗੀ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ ਨੇ ਮੀਡੀਆ ਨੂੰ ਜਾਰੀ ਬਿਆਨ ਵਿਚ ਕੀਤਾ। ਉਨ੍ਹਾਂ ਕਿਹਾ ਕਿ ਸ੍ਰ. ਮਨਜੀਤ ਸਿੰਘ ਜੀ.ਕੇ ਦੀ ਅਗਵਾਈ ਹੇਠ ਕਮੇਟੀ ਵੱਲੋਂ ਬੀਤੇ 4 ਸਾਲਾਂ ਦੌਰਾਨ ਕੀਤੇ ਗਏ ਕੰਮਾਂ ਤੇ ਚਰਚਾ ਕਰਨ ਤੋਂ ਪਾਸਾ ਵੱਟ ਕੇ ਵਿਰੋਧੀ ਧਿਰਾਂ ਨੇ ਆਪਣੀ ਹਾਰ ਕਬੂਲ ਕਰ ਲਈ ਹੈ।
ਉਨ੍ਹਾਂ ਹੈਰਾਨੀ ਜਤਾਈ ਕਿ ਵਿਰੋਧੀਆਂ ਦਾ ਸਾਰਾ ਪ੍ਰਚਾਰ ਹਕੀਕਤ ਦਾ ਸਾਹਮਣਾ ਕਰਨ ਤੋਂ ਹਟ ਕੇ ਵਿਰੋਧ ਦੀ ਰਸਮ ਅਦਾਇਗੀ ਤੱਕ ਸਿਮਟ ਗਿਆ ਹੈ।ਵਿਰੋਧੀਆਂ ਵੱਲੋਂ ਪੰਜਾਬ ਵਿਖੇ ਹੋਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਕਥਿਤ ਬੇਅਦਬੀ ਅਤੇ ਡੇਰਾ ਸਿਰਸਾ ਵੱਲੋਂ ਅਕਾਲੀ-ਭਾਜਪਾ ਉਮੀਦਵਾਰਾਂ ਨੂੰ ਵਿਧਾਨ ਸਭਾ ਚੋਣਾਂ ਦੌਰਾਨ ਹਮਾਇਤ ਕਰਨ ਦੇ ਕੀਤੇ ਗਏ ਐਲਾਨ ਨੂੰ ਮੁੱਦਾ ਬਣਾਉਣ ਦੀ ਕਮੇਟੀ ਚੋਣਾਂ ਵਿਚ ਕੀਤੀ ਜਾ ਰਹੀ ਕੋਸ਼ਿਸ਼ ਨੂੰ ਉਨ੍ਹਾਂ ਨੇ ਵਿਰੋਧੀਆਂ ਦੀ ਹਾਰ ਦੀ ਬੁਖਲਾਹਟ ਨਾਲ ਜੋੜਿਆ।
ਉਨ੍ਹਾਂ ਕਿਹਾ ਕਿ ਤਮਾਮ ਸਰਵੇ ਦਿੱਲੀ ਕਮੇਟੀ ਚੋਣਾਂ ਵਿਚ ਅਕਾਲੀ ਦਲ ਦੀ ਇੱਕਤਰਫ਼ਾ ਜਿੱਤ ਦਾ ਇਸ਼ਾਰਾ ਕਰ ਰਹੇ ਹਨ। ਇਸ ਕਰਕੇ ਮੁੱਦਾ ਰਹਿਤ ਵਿਰੋਧੀ ਸੰਗਤਾਂ ਨੂੰ ਵਿਕਾਸ ਦੇ ਏਜੰਡੇ ਤੋਂ ਲੀਹੋ ਲਾਹੁਣ ਲਈ ਸਰਗਰਮ ਨਜ਼ਰ ਆਉਂਦੇ ਹੈ। ਸਰਨਾ ਅਤੇ ਉਨ੍ਹਾਂ ਦੇ ਪੁਰਾਣੇ ਵਫ਼ਾਦਾਰਾਂ ਵੱਲੋਂ ਕਾਇਮ ਕੀਤੀ ਗਈ ਪੰਥਕ ਸੇਵਾ ਦਲ, ਭਾਈ ਰਣਜੀਤ ਸਿੰਘ ਤੇ ਭਾਈ ਬਲਦੇਵ ਸਿੰਘ ਵਡਾਲਾ ਦੀਆਂ ਜਥੇਬੰਦੀਆਂ ਦਾ ਇੱਕੋ ਟੀਚਾ ਸ਼੍ਰੋਮਣੀ ਅਕਾਲੀ ਦਲ ਨੂੰ ਦਿੱਲੀ ਕਮੇਟੀ ਦੀ ਸੇਵਾ ਤੋਂ ਬਾਹਰ ਕਰਨ ਦਾ ਦੱਸਦੇ ਹੋਏ ਉਨ੍ਹਾਂ ਨੇ ਵਿਰੋਧੀ ਧਿਰਾਂ ਨੂੰ ਕਮੇਟੀ ਵੱਲੋਂ ਕੀਤੇ ਗਏ ਕਾਰਜਾਂ ’ਤੇ ਬਹਿਸ ਕਰਨ ਲਈ ਵੀ ਲਲਕਾਰਿਆ।
ਪੰਜਾਬ ਤੋਂ ਦਿੱਲੀ ਵਿਖੇ ਸਿਆਸਤ ਕਰਨ ਆਏ ਭਾਈ ਰਣਜੀਤ ਸਿੰਘ ਅਤੇ ਭਾਈ ਵਡਾਲਾ ਨੂੰ ਮੋਸਮੀ ਸਿਆਸਤਦਾਨ ਦੱਸਦੇ ਹੋਏ ਉਨ੍ਹਾਂ ਨੇ 1 ਮਾਰਚ, 2017 ਤੋਂ ਬਾਅਦ ਦੋਨਾਂ ਦੇ ਦਿੱਲੀ ਵਿਖੇ ਬਤੌਰ ਸਿਆਸਤਦਾਨ ਨਾਂ ਨਜ਼ਰ ਆਉਣ ਦੀ ਵੀ ਸੰਭਾਵਨਾਂ ਜਤਾਈ। ਉਨਾਂ੍ਹ ਕਿਹਾ ਕਿ ਦਿੱਲੀ ਦੀ ਸੰਗਤ ਸੂਝਵਾਨ ਹੈ ਤੇ ਉਨ੍ਹਾਂ ਨੂੰ ਦਿਨ ਅਤੇ ਰਾਤ ਦੇ ਵਿਚ ਭੇਦ ਕਰਨ ਦੀ ਪੂਰੀ ਸਮਝ ਹੈ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media