ਬਠਿੰਡਾ, 20 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਉਪ ਮੈਜਿਸਟ੍ਰੇਟ ਬਠਿੰਡਾ ਸ਼੍ਰੀਮਤੀ ਸਾਕਸ਼ੀ ਸਾਹਨੀ ਨੇ ਮਿਸ਼ਨ ਆਸ਼ਾ (ਐਸੋਸੀਏਟਿੰਗ ਫਾਰ ਸਮਾਈਲਜ਼, ਹੈਪੀਨੈਸ ਐਂਡ ਐਸਪਾਈਰੇਸ਼ਨ) ਦੀ ਸਮੀਖਿਆ ਬੈਠਕ ਕਰਦਿਆਂ ਦੱਸਿਆ ਕਿ ਬਠਿੰਡਾ ਸ਼ਹਿਰ ਦੇ 171 ਆਂਗਣਵਾੜੀਆਂ ’ਚ ਸਿੱਖਿਆ ਦੀ ਦੀਵਾਰ ਬਣਾਉਣ ਲਈ ਵੱਖ-ਵੱਖ ਸਵੈ-ਸੇਵੀ ਸੰਸਥਾਵਾਂ ਨੇ ਆਪਣੀ ਇੱਛਾ ਜਤਾਈ ਹੈ।ਉਨ੍ਹਾਂ ਕਿਹਾ ਕਿ ਜਿਹੜੀਆਂ ਸੰਸਥਾਵਾਂ ਨੇ ਆਪਣੇ ਇਲਾਕੇ ਦੇ ਆਂਗਣਵਾੜੀ ਕੇਂਦਰਾਂ ’ਚ ਇਸ ਦੀਵਾਰ ਨੂੰ ਵਿਕਸਿਤ ਕਰਨ ਦਾ ਬੀੜ੍ਹਾ ਚੁੱਕਿਆ ਹੈ ਉਨ੍ਹਾਂ ਨੂੰ ਸਬੰਧਤ ਵਿਸ਼ਿਆਂ ਦਾ ਮਟੀਰੀਅਲ ਵੰਡ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੇਂਦਰਾਂ ਦੀ ਇੱਕ ਦੀਵਾਰ ਨੂੰ ਸਿੱਖਿਆ ਦੀ ਕੰਧ ਵਜੋਂ ਵਿਕਸਿਤ ਕੀਤਾ ਜਾ ਰਿਹਾ ਹੈ ਜਿਸ ਵਿਚ ਪੰਜਾਬੀ ਅੱਖਰ, ਗਿਣਤੀ ਅਤੇ ਜੋੜ ਘਟਾਅ ਦੇ ਸਵਾਲ ਪਾਏ ਜਾਣਗੇ।ਉਨ੍ਹਾਂ ਦੱਸਿਆ ਕਿ ਇੱਕ ਹਫ਼ਤੇ ਦੇ ਅੰਦਰ-ਅੰਦਰ ਇਨ੍ਹਾਂ ਕੰਧਾਂ ਦਾ ਕੰਮ ਸ਼ੁਰੂ ਹੋ ਜਾਵੇਗਾ।
ਮਿਸ਼ਨ ਆਸ਼ਾ ਤਹਿਤ ਐਸ.ਡੀ.ਐਮ. ਬਠਿੰਡਾ ਵਲੋਂ ਬੇਸਹਾਰਾ ਗਰੀਬ ਬੱਚਿਆਂ ਲਈ ਚੱਲ ਰਹੇ ਈਵਨਿੰਗ ਸਕੂਲ ਜਿਵੇਂ ਕਿ ਅੱਪੂ ਸੁਸਾਇਟੀ ਦੇ ਸਕੂਲ ਦੀ ਦੌਰਾ ਕੀਤਾ ਗਿਆ ਜਿਥੇ ਕਿ ਲੱਗਭਗ 150 ਦੇ ਕਰੀਬ ਭੀਖ ਮੰਗ ਰਹੇ ਬੱਚਿਆਂ ਨੂੰ ਪੜ੍ਹਾਇਆ ਜਾਂਦਾ ਹੈ।ਇਸੇ ਤਰ੍ਹਾਂ ਹੀ ਗੁੱਡਵਿਲ ਸੁਸਾਇਟੀ ਦੇ ਹਸਪਤਾਲ ਦਾ ਦੌਰਾ ਕੀਤਾ ਗਿਆ ਜਿਥੇ ਸੈਂਟਰਾਂ ਵਿਚ ਬੱਚਿਆਂ ਲਈ ਦਰੀਆਂ ਦਿੱਤੀਆਂ ਗਈਆਂ ਅਤੇ ਸ਼੍ਰੀਮਤੀ ਸਾਕਸ਼ੀ ਸਾਹਨੀ ਵਲੋਂ ਆਂਗਣਵਾੜੀ ਵਰਕਰਾਂ ਨੂੰ ਮਿਸ਼ਨ ਆਸ਼ਾ ਬਾਰੇ ਦੱਸਿਆ ਗਿਆ ਕਿ ਉਨ੍ਹਾਂ ਦਾ ਇਸ ਮਿਸ਼ਨ ਵਿਚ ਇੱਕ ਅਹਿਮ ਕਿਰਦਾਰ ਹੈ ਅਤੇ ਸਿੱਖਿਆ ਦੀ ਕੰਧ ਬਾਰੇ ਵੀ ਦੱਸਿਆ ਗਿਆ। ਮਿਸ਼ਨ ਆਸ਼ਾ ਤਹਿਤ ਨਾ ਸਿਰਫ ਸ਼ਹਿਰ ਦੀਆਂ ਆਂਗਣਵਾੜੀਆਂ ਨੂੰ ਨਵੀਂ ਦਿੱਖ ਦਿੱਤੀ ਜਾ ਰਹੀ ਹੈ ਬਲਕਿ ਬੇਸਹਾਰਾ ਬੱਚਿਆਂ ਦਾ ਆਧਾਰ ਕਾਰਡ ਵੀ ਬਣਵਾਇਆ ਜਾ ਰਿਹਾ ਹੈ। ਇਸ ਤਹਿਤ ਦਫ਼ਤਰ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਵਲੋਂ 186 ਬੇਸਹਾਰਾ ਬੱਚਿਆ ਦੀ ਸ਼ਨਾਖਤ ਕਰ ਲਈ ਗਈ ਹੈ ਅਤੇ ਇਸ ਤੋਂ ਇਲਾਵਾ ਵੱਖ-ਵੱਖ ਸਵੈ-ਸੇਵੀ ਸੰਸਥਾਵਾਂ ਨੂੰ ਵੀ ਪ੍ਰੇਰਿਆ ਜਾ ਰਿਹਾ ਹੈ ਕਿ ਉਹ ਵੀ ਬੇਸਹਾਰਾ ਬੱਚਿਆਂ ਦੀ ਸੂਚੀ ਮੁਹੱਈਆ ਕਰਵਾਉਣ। ਸ਼੍ਰੀਮਤੀ ਸਹਾਨੀ ਨੇ ਕਿਹਾ ਕਿ ਗਰੀਬ ਬੱਚਿਆਂ ਤੋਂ ਇਲਾਵਾ ਉਨ੍ਹਾਂ ਦੇ ਬੇਰੋਜਗਾਰ ਮਾਤਾ-ਪਿਤਾ ਨੂੰ ਵੀ ਕਿੱਤਾਮੁਖੀ ਸਿੱਖਿਆ ਦੇਣ ਦੀ ਤਜ਼ਵੀਜ ਰੱਖੀ ਗਈ ਹੈ ਜਿਸ ਤਹਿਤ ਵੱਖ-ਵੱਖ ਵਿਭਾਗਾਂ ਨਾਲ ਮਿਲ ਕੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਹ ਕਿਸੇ ਵੀ ਬੇਸਹਾਰਾ ਬੱਚੇ ਨੂੰ ਜਾਣਦੇ ਹਨ ਤਾਂ ਉਸ ਬੱਚੇ ਦਾ ਵੇਰਵਾ ਐਸ.ਡੀ.ਐਮ ਦਫ਼ਤਰ ਬਠਿੰਡਾ ਨੂੰ ਦੇਣ।ਇਸ ਬੈਠਕ ’ਚ ਖੇਤੀਬਾੜੀ ਵਿਭਾਗ, ਜ਼ਿਲ੍ਹਾ ਪੁਲਿਸ ਪ੍ਰਸ਼ਾਸਨ, ਜੀ.ਆਰ.ਪੀ, ਰੈਡ ਕਰਾਸ ਸੁਸਾਇਟੀ, ਸਹਾਇਕ ਲੇਵਰ ਕਮਿਸ਼ਨਰ ਅਤੇ ਸਵੈ-ਸੇਵੀ ਸੰਸਥਾਵਾਂ ਦੇ ਮੈਂਬਰ ਵੀ ਹਾਜ਼ਰ ਸਨ।
Check Also
ਵੋਟਰ ਸੂਚੀਆਂ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਹਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਿਭਾਵੇ – ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ) – ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ …
Punjab Post Daily Online Newspaper & Print Media