ਅੰਮ੍ਰਿਤਸਰ, 28 ਫਰਵਰੀ (ਪੰਜਾਬ ਪੋਸਟ ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵੱਲੋਂ ਇੱਕ ਰੋਜ਼ਾ ਰਾਸ਼ਟਰੀ ਕਾਨਫ਼ਰੰਸ ‘ਵਿਸ਼ਵ ਕਲਾਸਿਕੀ ਸਾਹਿਤ: ਮਹੱਤਵ ਤੇ ਪ੍ਰਾਸੰਗਿਕਤਾ’ ਵਿਸ਼ੇ ’ਤੇ ਕਰਵਾਈ ਗਈ।ਇਸ ਦੇ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਡਾ. ਰਤਨ ਸਿੰਘ ਜੱਗੀ ਨੇ ਕੀਤੀ ਅਤੇ ਕੁੰਜੀਵਤ ਭਾਸ਼ਣ ਸ੍ਰੀ ਜੰਗ ਬਹਾਦਰ ਗੋਇਲ ਨੇ ਕੀਤਾ।ਸਮਾਗਮ ਦੇ ਆਰੰਭ ਵਿਚ ਵਿਭਾਗ ਦੇ ਮੁਖੀ ਡਾ. ਰਮਿੰਦਰ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਕੁੰਜੀਵਤ ਭਾਸ਼ਾਣ ਦੌਰਾਨ ਸ੍ਰੀ ਗੋਇਲ ਨੇ ਵਿਸ਼ਵ ਦੀਆਂ ਕਲਾਸੀਕਲ ਰਚਨਾਵਾਂ ਦੇ ਹਵਾਲੇ ਨਾਲ ਕਲਾਸੀਕਲ ਸਾਹਿਤ ਦੇ ਸੰਕਲਪ ਅਤੇ ਸਰੂਪ ਨੂੰ ਸਪੱਸ਼ਟ ਕੀਤਾ। ਡਾ. ਜੱਗੀ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਭਾਰਤੀ ਧਰਮ, ਦਰਸ਼ਨ ਅਤੇ ਮਿੱਥ ਪਰੰਪਰਾ ਦੇ ਪਰਿਪੇਖ ਵਿਚ ਕਲਾਸੀਕਲ ਸਾਹਿਤ ਦਾ ਬਿੰਬ ਉਸਾਰਿਆ। ਕਾਨਫ਼ਰੰਸ ਦੇ ਪਹਿਲੇ ਅਕਾਦਮਿਕ ਸ਼ੈਸਨ ਦੀ ਪ੍ਰਧਾਨਗੀ ਡਾ. ਜਸਪਾਲ ਸਿੰਘ ਸਾਬਕਾ ਸੰਪਾਦਕ ਦੇਸ਼ ਸੇਵਕ ਅਖ਼ਬਾਰ ਨੇ ਕੀਤੀ ਅਤੇ ਡਾ. ਮਨਮੋਹਨ, ਡਾ. ਬਲਦੇਵ ਸਿੰਘ ਧਾਲੀਵਾਲ ਅਤੇ ਡਾ. ਪਰਮਜੀਤ ਸਿੰਘ ਢੀਂਗਰਾ ਨੇ ਖੋਜ-ਪੱਤਰ ਪ੍ਰਸਤੁਤ ਕੀਤੇ। ਦੂਜੇ ਅਕਾਦਮਿਕ ਸ਼ੈਸਨ ਦੀ ਪ੍ਰਧਾਨਗੀ ਸ੍ਰੀ ਜੰਗ ਬਹਾਦਰ ਗੋਇਲ ਨੇ ਕੀਤੀ ਅਤੇ ਡਾ. ਹਰਪਾਲ ਸਿੰਘ ਪੰਨੂੰ, ਡਾ. ਸਤਿੰਦਰ ਔਲਖ ਅਤੇ ਡਾ. ਪਰਮਜੀਤ ਸਿੰਘ ਮੀਸ਼ਾ ਨੇ ਖੋਜ-ਪੱਤਰ ਪੇਸ਼ ਕੀਤੇ। ਦੋਵਾਂ ਅਕਾਦਮਿਕ ਸੈਸ਼ਨਾਂ ਵਿਚ ਭਾਰਤੀ, ਸਾਮੀ ਅਤੇ ਪੱਛਮੀ ਸਾਹਿਤ ਦੀਆਂ ਕਲਾਸੀਕਲ ਗਿਆਨ ਪਰੰਪਰਾਵਾਂ ਸੰਬੰਧੀ ਇੱਕ ਗੰਭੀਰ ਸੰਵਾਦ ਰਚਾਇਆ ਗਿਆ ਅਤੇ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਕਿ ਪੰਜਾਬੀ ਸਾਹਿਤ ਦੀ ਮੂਲ ਆਤਮਾ ਨੂੰ ਵਿਸ਼ਵ ਕਲਾਸਕੀ ਸਾਹਿਤ ਦੇ ਪ੍ਰਸੰਗ ਵਿਚ ਹੀ ਉਚਿਤ ਢੰਗ ਨਾਲ ਸਮਝਿਆ ਜਾ ਸਕਦਾ ਹੈ।
ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਪ੍ਰਿੰਸੀਪਲ ਮਹਿਲ ਸਿੰਘ, ਖ਼ਾਲਸਾ ਕਾਲਜ, ਅਮ੍ਰਿਤਸਰ ਨੇ ਕੀਤੀ। ਉਹਨਾਂ ਨੇ ਕਿਹਾ ਕਿ ਕਲਾਸੀਕਲ ਸਾਹਿਤ ਨੂੰ ਪ੍ਰਫੁੱਲਤ ਕਰਨ ਵਿਚ ਯੂਨੀਵਰਸਿਟੀਆਂ ਦੇ ਸਮਾਜ-ਵਿਗਿਆਨ, ਭਾਸ਼ਾਵਾਂ ਅਤੇ ਸਾਹਿਤ ਦੇ ਵਿਭਾਗ ਵੱਡੀ ਭੂਮਿਕਾ ਨਿਭਾ ਸਕਦੇ ਹਨ, ਇਸ ਲਈ ਇਹਨਾਂ ਵਿਭਾਗਾਂ ਨੂੰ ਮਜਬੂਤ ਕਰਨ ਦੀ ਲੋੜ ਹੈ। ਕਾਨਫ਼ਰੰਸ ਦੀਆਂ ਸਮੁੱਚੀਆਂ ਪ੍ਰਾਪਤੀਆਂ ਅਤੇ ਸੰਭਾਵਨਾਵਾਂ ਦਾ ਮੁਲਾਂਕਣ ਕਰਦਿਆਂ ਡਾ. ਹਰਿਭਜਨ ਸਿੰਘ ਭਾਟੀਆ ਨੇ ਕਿਹਾ ਕਿ ਪੰਜਾਬੀ ਸਾਹਿਤ ਅਤੇ ਆਲੋਚਨਾ ਨੂੰ ਕਲਾਸੀਕਲ ਗਿਆਨ ਪਰੰਪਰਾਵਾਂ ਦੇ ਸੰਦਰਭ ਵਿਚ ਆਪਣੀ ਮੌਲਿਕ ਵਿਸ਼ਵ ਦ੍ਰਿਸ਼ਟੀ ਉਸਾਰਨੀ ਚਾਹੀਦੀ ਹੈ। ਸਮੁੱਚੀ ਕਾਨਫ਼ਰੰਸ ਦੌਰਾਨ ਮੰਚ ਸੰਚਾਲਕ ਡਾ. ਮਨਜਿੰਦਰ ਸਿੰਘ ਨੇ ਆਪਣੀ ਵਿਦਵਤਾ ਭਰਪੂਰ ਸ਼ੈਲੀ ਨਾਲ ਸਮਾਗਮ ਦੀ ਗੰਭੀਰਤਾ ਅਤੇ ਰੌਚਿਕਤਾ ਨੂੰ ਬਣਾਈ ਰੱਖਿਆ। ਡਾ. ਹਰਿਭਜਨ ਸਿੰਘ ਭਾਟੀਆ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਡਾ. ਕਵਲਜੀਤ ਕੌਰ ਜੱਸਲ, ਡਾ. ਦਰਿਆ, ਡਾ. ਬਲਜੀਤ ਕੌਰ ਰਿਆੜ, ਡਾ. ਸਿਧਾਰਥ, ਸ. ਕਰਤਾਰ ਸਿੰਘ ਸੂਰੀ, ਨਿਰਮਲ ਅਰਪਣ, ਡਾ. ਸਿਆਮ ਸੁੰਦਰ ਦੀਪਤੀ, ਡਾ. ਪਰਮਿੰਦਰ ਸਿੰਘ ਅਤੇ ਅਰਤਿੰਦਰ ਸੰਧੂ ਤੋਂ ਇਲਾਵਾ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਅਤੇ ਕਾਲਜਾਂ ਦੇ ਅਧਿਆਪਕ, ਖੋਜ-ਵਿਦਿਆਰਥੀ ਅਤੇ ਵਿਦਿਆਰਥੀ ਹਾਜ਼ਰ ਸਨ
Check Also
12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ
ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …
Punjab Post Daily Online Newspaper & Print Media