ਅੰਮ੍ਰਿਤਸਰ, 1 ਮਾਰਚ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਜਾਰੀ ਬਿਆਨ ਵਿੱਚ ਕਿਹਾ ਕਿ ਬੀਬਾ ਗੁਰਮੇਹਰ ਕੌਰ ਨੂੰ ਕੁੱਝ ਲੋਕਾਂ ਵੱਲੋਂ ‘ਜੋ ਸਿੱਖ ਧਰਮ ਤੋਂ ਅਨਜਾਣ ਹਨ, ਧਮਕੀਆਂ ਮਿਲ ਰਹੀਆਂ ਹਨ ਕਿ ਉਸ ਦਾ ਦਿੱਲੀ ਵਿਚ ਰਹਿਣਾ ਖਤਰੇ ਤੋਂ ਖਾਲੀ ਨਹੀਂ ਅਤੇ ਉਸ ਦੀ ਇੱਜ਼ਤ ਨਾਲ ਵੀ ਖਿਲਵਾੜ ਕੀਤਾ ਜਾ ਸਕਦਾ ਹੈ।
ਉਨਾਂ ਕਿਹਾ ਕਿ ਸਿੱਖ ਧਰਮ ਅਨੁਸਾਰ ਧੀਆਂ-ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ ਅਤੇ ਇਨ੍ਹਾਂ ਦੀ ਇੱਜ਼ਤ ਦੀ ਰਾਖੀ ਕਰਨੀ ਸਾਡਾ ਫਰਜ਼ ਹੈ।ਗਿਆਨੀ ਗੁਰਬਚਨ ਸਿੰਘ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਸਿੱਖ ਕੌਮ ਬੀਬਾ ਗੁਰਮੇਹਰ ਕੌਰ ਦੇ ਨਾਲ ਹੈ ਅਤੇ ਹਰ ਸਮੇਂ ਵਿਚ ਉਸ ਦਾ ਸਾਥ ਦੇਵੇਗੀ।ਜਿਹੜੇ ਲੋਕ ਧਮਕੀਆਂ ਦੇ ਰਹੇ ਹਨ ਉਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਸਿੱਖ ਕੌਮ ਤਾਂ ਤੁਹਾਡੀਆਂ ਧੀਆਂ-ਭੈਣਾਂ ਦੀ ਇੱਜ਼ਤ ਬਚਾਉਂਦੀ ਰਹੀ ਅਤੇ ਜ਼ਾਲਮਾਂ ਕੋਲੋਂ ਛੁਡਾ ਕੇ ਵਾਪਸ ਲਿਆਉਂਦੀ ਰਹੀ ਹੈ। ਅੱਜ ਸਿੱਖ ਕੌਮ ਦੀਆਂ ਧੀਆਂ ਨੂੰ ਧਮਕੀਆਂ ਮਿਲ ਰਹੀਆਂ ਹਨ। ਇਹ ਲੋਕ ਆਪਣੇ ਘਰਾਂ ਵਿਚ ਵੀ ਝਾਤੀ ਮਾਰਨ ਇਨ੍ਹਾਂ ਦੀਆਂ ਵੀ ਧੀਆਂ-ਭੈਣਾਂ ਵੀ ਘਰਾਂ ਵਿਚ ਹਨ।
ਜਥੇਦਾਰ ਨੇ ਕਿਹਾ ਕਿ ਇਸ ਸਬੰਧੀ ਦਿੱਲੀ ਸਰਕਾਰ ਤੁਰੰਤ ਸੁਹਿਰਦ ਹੋਵੇ। ਜੇਕਰ ਕੋਈ ਭਾਣਾ ਵਾਪਰਦਾ ਹੈ ਤਾਂ ਸਿੱਖਾਂ ਲਈ ਬਰਦਾਸ਼ਤ ਕਰਨਾ ਅਸਹਿ ਹੋਵੇਗਾ।ਇਸ ਲਈ ਸਰਕਾਰ ਤੁਰੰਤ ਇਸ ਵੱਲ ਧਿਆਨ ਦੇਵੇ। ਉਨਾਂ ਨੇ ਦਿੱਲੀ ਦੀਆਂ ਸੰਗਤਾਂ ਨੂੰ ਵੀ ਇਸ ਕੇਸ ਸਬੰਧੀ ਸੁਚੇਤ ਕਰਦਿਆਂ ਕਿਹਾ ਕਿ ਬੀਬਾ ਗੁਰਮੇਹਰ ਕੌਰ ਦੇ ਨਾਲ ਡਟ ਕੇ ਖਲੋਤਾ ਜਾਵੇ ਅਤੇ ਲੋੜ ਪੈਣ ਤੇ ਹਰ ਦੀ ਇਮਦਾਦ ਕੀਤੀ ਜਾਵੇ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ
ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …
Punjab Post Daily Online Newspaper & Print Media