ਫਾਜ਼ਿਲਕਾ, 6 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਚਾਰ ਫਰਵਰੀ ਨੂੰ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ 11 ਮਾਰਚ ਨੂੰ ਐਲਾਨੇ ਜਾਣ ਵਾਲੇ ਚੋਣ ਨਤੀਜਿਆਂ ਲਈ ਗਿਣਤੀ ਕੇਂਦਰਾਂ ’ਤੇ ਮੁਕੰਮਲ ਪ੍ਰਬੰਧਾਂ ਸਬੰਧੀ ਮੀਟਿੰਗ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਦੀ ਪ੍ਰਧਾਨਗੀ ਵਿਚ ਆਯੋਜਿਤ ਕੀਤੀ ਗਈ। 
ਮੀਟਿੰਗ ਦੌਰਾਨ ਜ਼ਿਲ੍ਹਾ ਚੋਣ ਅਫ਼ਸਰ ਨੇ ਸਮੂਹ ਰਿਟਰਨਿੰਗ ਅਫ਼ਸਰਾਂ ਨੂੰ ਚੋਣਾਂ ਦੇ ਨਤੀਜਿਆਂ ਲਈ ਕੀਤੇ ਜਾਣ ਵਾਲੇ ਪ੍ਰਬੰਧਾਂ ਨੂੰ ਮੁਕੰਮਲ ਕਰਨ ਦੀਆਂ ਹਦਾਇਤਾਂ ਦਿੱਤੀਆਂ।ਉਨ੍ਹਾਂ ਕਿਹਾ ਕਿ ਵੋਟਾਂ ਦੀ ਗਿਣਤੀ ਲਈ ਗਿਣਤੀ ਕੇਂਦਰਾਂ ’ਤੇ ਪੁਖਤਾ ਪ੍ਰਬੰਧ ਮੁਕੰਮਲ ਕਰ ਲਏ ਜਾਣ। ਉਨ੍ਹਾਂ ਦੱਸਿਆ ਕਿ ਚੋਣਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਵੇਗੀ, ਪਰ ਪੋਲਿੰਗ ਏਜੰਟਾਂ ਅਤੇ ਸਬੰਧਤ ਸਟਾਫ਼ ਲਈ ਗਿਣਤੀ ਕੇਂਦਰਾਂ ’ਤੇ 6 ਵਜ਼ੇ ਤੋਂ ਪਹਿਲਾਂ ਪਹੁੰਚਣਾ ਲਾਜ਼ਮੀ ਹੋਵੇਗਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ 79-ਜਲਾਲਾਬਾਦ ਅਤੇ 80-ਫਾਜ਼ਿਲਕਾ ਲਈ ਐਸ.ਕੇ.ਬੀ. ਡੀ.ਏ.ਵੀ. ਸੈਨੇਟਰੀ ਸਕੂਲ ਅਤੇ ਹਲਕਾ 81-ਅਬੋਹਰ ਅਤੇ 82-ਬੱਲੂਆਣਾ ਲਈ ਐਮ.ਆਰ.ਕਾਲਜ ਫਾਜ਼ਿਲਕਾ ’ਚ ਬਣਾਏ ਗਏ ਸਟਰਾਂਗ ਰੂਮਾਂ ਵਿਖੇ ਗਿਣਤੀ ਹੋਵੇਗੀ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਹਰ ਹਲਕੇ ਵਿੱਚ ਗਿਣਤੀ ਲਈ 14-14 ਟੇਬਲ ਲਗਾਏ ਜਾਣਗੇ ਅਤੇ ਹਰ ਟੇਬਲ ’ਤੇ 1 ਕਾਉਂਟਰ ਸੁਪਰਵਾਈਜ਼ਰ,1 ਕਾਊਟਿੰਗ ਮਾਇਕਰੋ ਅਬਜ਼ਰਵਰ ਅਤੇ 1 ਕਾਊਟਿੰਗ ਅਸਿਸਟੈਂਟ ਨਿਯੁਕਤ ਕੀਤੇ ਜਾਣਗੇ। ਇਸ ਤੋਂ ਇਲਾਵਾ ਪ੍ਰਤੀ ਟੇਬਲ ਉਮੀਦਵਾਰਾਂ ਵੱਲੋਂ ਇੱਕ-ਇੱਕ ਏਜੰਟ ਵੀ ਲਗਾਇਆ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਚਾਰੇ ਹਲਕਿਆਂ (ਜਲਾਲਾਬਾਦ ਲਈ ਰਜਿੰਦਰ ਪ੍ਰਸਾਦ, ਫਾਜ਼ਿਲਕਾ ਲਈ ਵੀ. ਅਬਰਾਹਮ, ਅਬੋਹਰ ਲਈ ਐਡੀ. ਸੁੰਦਰਸ਼ਨ ਅਤੇ ਬਲੂਆਣਾ ਲਈ ਐਲ.ਟੀ. ਡਾਰਲੋਂਗ) ਲਈ ਨਿਯੁਕਤ ਕੀਤੇ ਗਏ ਅਬਜ਼ਰਵਰ ਵੀ ਮੌਕੇ ’ਤੇ ਮੌਜੂਦ ਰਹਿਣਗੇ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਸਟਰਾਂਗ ਰੂਮਾਂ ਤੋਂ ਗਿਣਤੀ ਸੈਂਟਰਾਂ ਤੱਕ ਈ.ਵੀ.ਐਮ. ਮਸ਼ੀਨਾਂ ਨੂੰ ਲਿਆਉਣ-ਲਿਜਾਣ ਅਤੇ ਸਥਾਪਿਤ ਕੀਤੇ ਜਾਣ ਵਾਲੇ ਮੀਡੀਆ ਸੈਂਟਰਾਂ ਤੋਂ ਇਲਾਵਾ ਪਾਰਕਿੰਗ ਅਤੇ ਬੈਰੀਕੇਟਿੰਗ ਆਦਿ ਦੇ ਪ੍ਰਬੰਧਾਂ ਨੂੰ ਮੁਕੰਮਲ ਕਰਨ ਦੀਆਂ ਵੀ ਹਦਾਇਤਾਂ ਦਿੱਤੀਆਂ। ਉਨ੍ਹਾਂ ਖਾਸ ਹਦਾਇਤ ਕੀਤੀ ਕਿ ਕਾਊਟਿੰਗ ਸੈਂਟਰਾਂ ਵਿੱਚ ਕਿਸੇ ਵੀ ਉਮੀਦਵਾਰ, ਉਨ੍ਹਾਂ ਦੇ ਨੁਮਾਇੰਦੇ, ਪੋਲਿੰਗ ਏਜੰਟਾਂ ਆਦਿ ਨੂੰ ਮੋਬਾਈਲ ਅੰਦਰ ਲਿਜਾਣ ਦੀ ਪ੍ਰਵਾਨਗੀ ਨਹੀਂ ਹੋਵੇਗੀ।
ਇਸ ਮੌਕੇ ਰਿਟਰਨਿੰਗ ਅਫ਼ਸਰ ਜਲਾਲਾਬਾਦ ਅਵਿਕੇਸ਼ ਗੁਪਤਾ, ਰਿਟਰਨਿੰਗ ਅਫ਼ਸਰ ਫਾਜ਼ਿਲਕਾ ਵੀ.ਕੇ. ਬਾਂਸਲ, ਰਿਟਰਨਿੰਗ ਅਫ਼ਸਰ ਅਬੋਹਰ ਜਸਪ੍ਰੀਤ ਸਿੰਘ, ਰਿਟਰਨਿੰਗ ਅਫ਼ਸਰ ਬੱਲੂਆਣਾ ਸੁਰਿੰਦਰ ਸਿੰਘ ਢਿੱਲੋਂ ਆਦਿ ਹਾਜ਼ਰ ਸਨ।
Check Also
ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ
ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …
Punjab Post Daily Online Newspaper & Print Media