ਬਟਾਲਾ, 20 ਮਾਰਚ (ਪੰਜਾਬ ਪੋਸਟ- ਨਰਿੰਦਰ ਬਰਨਾਲ) ਬੀਤੇ ਦਿਨੀ ਛੱਤੀਸਗੜ੍ਹ ਦੇ ਜ਼ਿਲ੍ਹਾ ਸੁਕਮਾ `ਚ ਸੀ.ਆਰ.ਪੀ.ਐਫ ਦੀ 219 ਬਟਾਲੀਅਨ ਦੇ ਸ਼ਹੀਦ ਹੋਏ ਇੰਸਪੈਕਟਰ ਜਗਜੀਤ ਸਿੰਘ ਸੰਧੂ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਰੋਹ ਅੱਜ ਬਟਾਲਾ ਨੇੜਲੇ ਪਿੰਡ ਕੋਟਲਾ ਸਰਫ ਵਿਖੇ ਕਰਾਇਆ ਗਿਆ।ਸ਼ਹੀਦ ਜਗਜੀਤ ਸਿੰਘ ਸ਼ਰਧਾਂਜਲੀ ਦੇਣ ਲਈ ਵੱਡੀ ਗਿਣਤੀ `ਚ ਇਲਾਕੇ ਦੀ ਸੰਗਤ, ਸੀ.ਆਰ.ਪੀ.ਐਫ ਦੇ ਅਧਿਕਾਰੀ ਤੇ ਜਵਾਨ, ਪ੍ਰਸ਼ਾਸਨਿਕ ਅਧਿਕਾਰੀ, ਰਾਜਨੀਤਿਕ ਅਤੇ ਧਾਰਮਿਕ ਸ਼ਖਸ਼ੀਅਤਾਂ ਪਹੁੰਚੀਆਂ।
ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਪਿੰਡ ਕੋਟਲਾ ਸਰਫ ਵਿਖੇ ਖੁੱਲੇ ਪੰਡਾਲ `ਚ ਦੀਵਾਨ ਸਜਾਏ ਗਏ ਜਿਸ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੇ ਹਜੂਰੀ ਰਾਗੀ ਭਾਈ ਹਰਭਿੰਦਰ ਸਿੰਘ ਅਤੇ ਬੀਬੀ ਗੁਰਮੀਤ ਕੌਰ ਖਾਲਸਾ ਦੇ ਜਥੇ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ।ਡਾ. ਸ਼ਿਵ ਸਿੰਘ ਨਿਸ਼ਕਾਮ ਕੀਰਤਨੀ ਜਥਾ ਗੁਰਦਾਸਪੁਰ ਵਾਲਿਆਂ ਨੇ ਸ਼ਹੀਦ ਦੀ ਕੁਰਬਾਨੀ ਅਤੇ ਸਿੱਖ ਰਹਿਤ ਮਰਿਆਦਾ ਬਾਰੇ ਵਿਸਥਾਰ ਵਿੱਚ ਦੱਸਿਆ।ਸ਼ਹੀਦ ਇੰਸਪੈਕਟਰ ਜਗਜੀਤ ਸਿੰਘ ਸੰਧੂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਸੀ.ਆਰ.ਪੀ.ਐਫ ਦੇ ਡੀ.ਆਈ.ਜੀ ਜਸਬੀਰ ਸਿੰਘ ਸੰਧੂ ਨੇ ਕਿਹਾ ਕਿ ਸ਼ਹੀਦ ਜਗਜੀਤ ਸਿੰਘ ਬਹਾਦਰ ਜਵਾਨ ਸੀ ਅਤੇ ਪੂਰੀ ਫੋਰਸ ਅਤੇ ਦੇਸ ਵਾਸੀਆਂ ਨੂੰ ਜਗਜੀਤ ਸਿੰਘ ਦੀ ਸ਼ਹਾਦਤ `ਤੇ ਮਾਣ ਹੈ। ਉਨ੍ਹਾਂ ਕਿਹਾ ਕਿ ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ `ਚ ਭੇਜੀ ਇਲਾਕੇ `ਚ ਬੀਤੀ 11 ਮਾਰਚ ਨੂੰ ਨਕਸਵਾਦੀਆਂ ਨੇ ਘਾਤ ਲਗਾ ਕੇ ਸੀ.ਆਰ.ਪੀ.ਐਫ ਜਵਾਨਾਂ `ਤੇ ਹਮਲਾ ਕੀਤਾ ਸੀ, ਜਿਸ ਵਿੱਚ ਇੰਸਪੈਕਟਰ ਜਗਜੀਤ ਸਿੰਘ ਸਮੇਤ 11 ਹੋਰ ਜਵਾਨ ਸ਼ਹੀਦ ਹੋ ਗਏ ਸਨ। ਉਨ੍ਹਾਂ ਕਿਹਾ ਕਿ ਜਗਜੀਤ ਸਿੰਘ ਵਰਗੇ ਯੋਧਿਆਂ ਸਦਕਾ ਹੀ ਸਾਡਾ ਦੇਸ਼ ਅਜ਼ਾਦੀ ਦਾ ਨਿੱਘ ਮਾਣ ਰਿਹਾ ਹੈ ਅਤੇ ਦੇਸ਼ ਖਾਤਰ ਕੀਤੀ ਇਹ ਕੁਰਬਾਨੀ ਹਮੇਸ਼ਾਂ ਯਾਦ ਕੀਤੀ ਜਾਵੇਗੀ।ਉਨ੍ਹਾਂ ਪਰਿਵਾਰ ਨਾਲ ਆਪਣੀ ਸੰਵੇਦਨਾਂ ਜ਼ਾਹਰ ਕਰਦਿਆਂ ਕਿਹਾ ਕਿ ਸੀ.ਆਰ.ਪੀ.ਐਫ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਦੇ ਨਾਲ ਖੜ੍ਹੀ ਹੈ ਅਤੇ ਪਰਿਵਾਰ ਦੇ ਪਾਲਣ-ਪੋਸਣ `ਚ ਹਰ ਤਰਾਂ ਦੀ ਮਦਦ ਕੀਤੀ ਜਾਵੇਗੀ।
ਇਸ ਮੌਕੇ ਐਸ.ਡੀ.ਐਮ ਬਟਾਲਾ ਪਿਰਥੀ ਸਿੰਘ ਨੇ ਸ਼ਹੀਦ ਨੂੰ ਸ਼ਰਧਾ ਭੇਂਟ ਕਰਦਿਆਂ ਕਿਹਾ ਕਿ ਸ਼ਹੀਦ ਜਗਜੀਤ ਸਿੰਘ ਨੇ ਲਾਸਾਨੀ ਸ਼ਹਾਦਤ ਦੇ ਕੇ ਆਪਣੇ ਪਰਿਵਾਰ, ਇਲਾਕੇ ਅਤੇ ਸੂਬੇ ਦਾ ਨਾਮ ਪੂਰੀ ਦੁਨੀਆਂ `ਚ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਦੇਸ਼ ਕੌਮ ਦਾ ਸਰਮਾਇਆ ਹੁੰਦੇ ਹਨ ਅਤੇ ਸ਼ਹੀਦਾਂ ਦੀ ਸ਼ਹਾਦਤ ਹਮੇਸ਼ਾਂ ਹੀ ਪ੍ਰੇਰਨਾ ਸਰੋਤ ਬਣੀ ਰਹਿੰਦੀ ਹੈ।ਉਨ੍ਹਾਂ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਦੁੱਖ ਦੀ ਘੜ੍ਹੀ ਵਿੱਚ ਸ਼ਹੀਦ ਦੇ ਪਰਿਵਾਰ ਨਾਲ ਖੜ੍ਹੀ ਹੈ ਅਤੇ ਸਰਕਾਰੀ ਨਿਯਮਾਂ ਤਹਿਤ ਸ਼ਹੀਦ ਦੇ ਪਰਿਵਾਰ ਨੂੰ ਜੋ ਵੀ ਸਹਾਇਤਾ ਮਿਲਦੀ ਹੈ ਉਹ ਬਿਨਾ ਕਿਸੇ ਦੇਰੀ ਦਿੱਤੀ ਜਾਵੇਗੀ।ਇਸ ਮੌਕੇ ਸਾਬਕਾ ਚੇਅਰਮੈਨ ਬਲਵਿੰਦਰ ਸਿੰਘ ਕੋਟਲਾ ਬਾਮਾ ਨੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਸ਼ਹੀਦ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।ਉਨ੍ਹਾਂ ਕਿਹਾ ਕਿ ਬਾਜਵਾ ਵੱਲੋਂ ਸ਼ਹੀਦ ਪਰਿਵਾਰ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ।ਸ਼੍ਰੋਮਣੀ ਕਮੇਟੀ ਦੇ ਮੈਂਬਰ ਜਥੇਦਾਰ ਸੱਜਣ ਸਿੰਘ ਬੱਜੂਮਾਨ, ਸੀ.ਆਰ.ਪੀ.ਐਫ ਦੇ ਡੀ.ਐਸ.ਪੀ. ਗੁਰਮੇਲ ਸਿੰਘ ਨੇ ਵੀ ਸ਼ਹੀਦ ਨੂੰ ਸ਼ਰਧਾਂਜਲੀ ਭੇਂਟ ਕੀਤੀ।ਇਸ ਮੌਕੇ ਸ਼ਹੀਦ ਦੀ ਮਾਤਾ ਸ੍ਰੀਮਤੀ ਨਰਿੰਦਰ ਕੌਰ, ਪਤਨੀ ਰਛਪਾਲ ਕੌਰ, ਭਰਾ ਦਲਜੀਤ ਸਿੰਘ, ਪੁੱਤਰ ਗੁਰਨੂਰ ਸਿੰਘ, ਸਹਿਬਾਜ ਸਿੰਘ ਨਾਲ ਆਈ ਹੋਈ ਸੰਗਤ ਨੇ ਦੁੱਖ ਸਾਂਝਾ ਕੀਤਾ।
Check Also
ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ
ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …
Punjab Post Daily Online Newspaper & Print Media