ਅੰਮ੍ਰਿਤਸਰ, 31 ਮਾਰਚ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ) – ਜਿਲ੍ਹੇ ਵਿਚੋਂ ਡੇਂਗੂ ਦਾ ਕਾਰਨ ਬਣਦੇ ਮੱਛਰ ਨੂੰ ਖਤਮ ਕਰਨ ਦਾ ਉਪਰਾਲਾ ਕਰਨ ਦੀ ਨੀਅਤ ਨਾਲ ਅੱਜ ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾ ਦੀਆਂ ਹਦਾਇਤਾਂ ’ਤੇ ਡੇਂਗੂ ਟਾਸਕ ਫੋਰਸ ਨੇ ਪਲੇਠੀ ਮੀਟਿੰਗ ਕੀਤੀ ਅਤੇ ਡੇਂਗੂ ਦਾ ਡੰਗ, ਜੋ ਕਿ ਪਿਛਲੇ ਸਾਲ ਤਿੰਨ ਕੀਮਤੀ ਜਾਨਾਂ ਲੈ ਗਿਆ ਸੀ, ਨੂੰ ਰੋਕਣ ਲਈ ਕਮਰ ਕੱਸੀ।ਮੀਟਿੰਗ ਦੀ ਅਗਵਾਈ ਕਰਦੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਵਿੰਦਰ ਸਿੰਘ ਨੇ ਕਿਹਾ ਕਿ ਇਸ ਵਾਰ ਡੇਂਗੂ ਦੀ ਰੋਕਥਾਮ ਐਕਸ਼ਨ ਪਲਾਨ ਬਣਾ ਕੇ ਕੀਤੀ ਜਾਵੇਗੀ ਅਤੇ ਹਰੇਕ ਵਿਭਾਗ ਦੀ ਜਿੰਮੇਵਾਰੀ ਤੈਅ ਕੀਤੀ ਜਾਵੇਗੀ।ਸ਼ਹਿਰ ਵਿਚ ਇਹ ਮੱਛਰ ਜ਼ਿਆਦਾ ਫੈਲਦਾ ਹੋਣ ਕਾਰਨ ਉਨਾਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਸ ਵਾਰ ਮੁਸ਼ਤੈਦੀ ਨਾਲ ਸਪਰੇਅ ਆਦਿ ਕਰਵਾਉਣ ਦਾ ਕੰਮ ਕਰਨ।
ਜਿਲ੍ਹਾ ਮਲੇਰੀਆ ਅਫਸਰ ਡਾ. ਮਦਨ ਨੇ ਦੱਸਿਆ ਕਿ 2016 ਵਿਚ 1356 ਮਰੀਜ ਡੇਂਗੂ ਦੇ ਜਿਲ੍ਹੇ ਵਿਚ ਆਏ ਸਨ, ਜਿੰਨਾਂ ਵਿਚੋਂ 1247 ਸ਼ਹਿਰੀ ਅਤੇ 119 ਪੇਂਡੂ ਖੇਤਰ ਦੇ ਸਨ।ਸ਼ਹਿਰੀ ਖੇਤਰਾਂ ਵਿਚ ਬਹੁਗਿਣਤੀ ਅੰਦਰੂਨੀ ਸ਼ਹਿਰ, ਲੋਹਗੜ੍ਹ ਗੇਟ, ਖਜ਼ਾਨਾ ਗੇਟ, ਹਰੀਪੁਰ, ਖੰਡਵਾਲਾ, ਝਬਾਲ ਰੋਡ ਤੋਂ ਆਏ ਸਨ।ਉਨਾਂ ਕਿਹਾ ਕਿ ਇਸ ਲਈ ਨਗਰ ਨਿਗਮ ਦੀ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਪਾਣੀ ਖੜਾ ਨਾ ਹੋਣ ਦੇਵੇ ਅਤੇ ਜਿੱਥੇ ਪਾਣੀ ਖੜਦਾ ਹੈ ਉਥੇ ਸਮੇਂ-ਸਮੇਂ ਦਵਾਈ ਦੀ ਸਪਰੇਅ ਕਰਵਾਏ। ਡਾ. ਮਦਨ ਨੇ ਦੱਸਿਆ ਕਿ ਡੇਂਗੂ ਦਾ ਮੱਛਰ ਸਾਫ-ਪਾਣੀ ਵਿਚ ਪਲਦਾ ਹੈ ਅਤੇ ਜਿਹੜਾ ਪਾਣੀ ਸੱਤ ਦਿਨ ਤੱਕ ਖੜਾ ਰਿਹਾ, ਉਥੇ ਮੱਛਰ ਤਿਆਰ ਹੋ ਜਾਂਦਾ ਹੈ।ਇਸ ਲਈ ਜ਼ਰੂਰੀ ਹੈ ਕਿ ਅਸੀਂ ਘਰਾਂ, ਦੁਕਾਨਾਂ, ਦਫਤਰਾਂ ਅਤੇ ਹੋਰ ਥਾਵਾਂ ’ਤੇ ਪਏ ਵਾਧੂ ਸਮਾਨ, ਜਿਸ ਵਿਚ ਮੀਂਹ ਆਦਿ ਦਾ ਪਾਣੀ ਖੜ੍ਹ ਸਕਦਾ ਹੈ, ਉਸ ਨੂੰ ਸਾਫ ਕਰਦੇ ਰਹੀਏ। ਇਸ ਤੋਂ ਇਲਾਵਾ ਹਰ ਹਫਤੇ ਕੂਲਰਾਂ, ਗਮਲਿਆਂ ਜਾਂ ਪੌਦੇ ਲਗਾਉਣ ਲਈ ਰੱਖੀਆਂ ਬੋਤਲਾਂ ਆਦਿ ਦਾ ਪਾਣੀ ਬਦਲੀਏ।ਉਨਾਂ ਦੱਸਿਆ ਕਿ ਡੇਂਗੂ ਦੇ ਮੱਛਰ ਆਮ ਮੱਛਰ ਨਾਲੋਂ ਵੱਡਾ ਅਤੇ ਸਰੀਰ ’ਤੇ ਧਾਰੀਆਂ ਹੁੰਦੀਆਂ ਹਨ। ਇਹ ਸਵੇਰ ਜਾਂ ਸ਼ਾਮ ਦੇ ਸਮੇਂ ਕੱਟਦਾ ਹੈ ਅਤੇ ਡੰਗ ਵੀ ਤਿੱਖਾ ਮਾਰਦਾ ਹੈ।ਇਹ ਆਮ ਤੌਰ ’ਤੇ ਪਰਦਿਆਂ, ਫੋਟੋ ਫਰੇਮਾਂ, ਟੇਬਲ-ਕੁਰਸੀਆਂ ਦੇ ਹੇਠਾਂ ਜਾਂ ਹੋਰ ਠੰਡੀਆਂ ਥਾਵਾਂ ’ਤੇ ਹੁੰਦਾ ਹੈ।
ਡੇਂਗੂ ਕੱਟਣ ਉਪਰੰਤ ਲੱਛਣ-ਡਾ. ਮਦਨ ਨੇ ਦੱਸਿਆ ਕਿ ਜਦੋਂ ਡੇਂਗੂ ਦਾ ਮੱਛਰ ਕੱਟ ਜਾਂਦਾ ਹੈ ਤਾਂ ਤੇਜ਼ ਬੁਖਾਰ, ਅੱਖਾਂ ਦਰਦ ਹੁੰਦੀਆਂ ਹਨ। ਇਸ ਹਾਲਤ ਵਿਚ ਕੇਵਲ ਪੈਰਾਸੂਟਾਮੋਲ ਦਿਵਾਈ ਦਿੱਤੀ ਜਾ ਸਕਦੀ ਹੈ, ਹੋਰ ਕੋਈ ਦਵਾਈ ਨਾ ਖਾਓ। ਉਨਾਂ ਦੱਸਿਆ ਕਿ ਡੇਂਗੂ ਮੱਛਰ ਕੱਟਣ ’ਤੇ ਜੇਕਰ ਮਰੀਜ ਵੱਧ ਤੋਂ ਵੱਧ ਤਰਲ ਪਦਾਰਥ ਪੀਵੇ ਤਾਂ ਖ਼ਤਰੇ ਦੀ ਗੱਲ ਨਹੀਂ ਰਹਿੰਦੀ।
ਡਾ. ਮਦਨ ਨੇ ਅਪੀਲ ਕੀਤੀ ਕਿ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਘਰ ਜਾਂ ਵਪਾਰਕ ਸੰਸਥਾਵਾਂ ’ਤੇ ਟੁੱਟੇ ਬਰਤਨ, ਗਮਲੇ, ਕੂਲਰ, ਖਰਾਬ ਟਾਇਰ, ਗਟਰ ਦੇ ਢੱਕਣ ਵਿਚ ਬਣੇ ਛੋਟੇ ਹੋਲ, ਪੰਛੀਆਂ ਲਈ ਰੱਖਿਆ ਪਾਣੀ ਆਦ ਵਿਚ ਪਾਣੀ ਨਾ ਖੜਾ ਰਹਿਣ ਦਈਏ ਤੇ ਕੂਲਰ ਆਦਿ ਦਾ ਪਾਣੀ ਵੀ ਹਰ 7 ਦਿਨਾਂ ਬਾਅਦ ਬਦਲੀਏ। ਇਸ ਨਾਲ ਡੇਂਗੂ, ਚਿਕਨਗੁਨੀਆ, ਮਲੇਰੀਆ ਆਦਿ ਤੋਂ ਬਚਾਅ ਹੋ ਸਕਦਾ ਹੈ। ਡਾ. ਮਦਨ ਨੇ ਦੱਸਿਆ ਕਿ ਇਸ ਵਾਰ ਸਰਦੀ ਵਿਚ ਵੀ ਡੇਂਗੂ ਦੇ ਕੇਸ ਸਾਹਮਣੇ ਆਏ ਹੋਣ ਕਾਰਨ ਸਾਨੂੰ ਵੱਧ ਸੁਚੇਤ ਹੋਣ ਦੀ ਲੋੜ ਹੈ।
Check Also
ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …
Punjab Post Daily Online Newspaper & Print Media