ਸੰਦੌੜ, 6 ਅ੍ਰਪੈਲ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਹਾਲ ਵਿੱਚ ਜਾਰੀ ਕੀਤੇ ਆਦੇਸ਼ ਮੁਤਾਬਕ ਸਿਆਸੀ ਪਾਰਟੀਆਂ ਨੂੰ ਆਪਣੇ ਸਿਆਸੀ ਕੰਮਾਂ ਲਈ ਸਿਰੋਪਾਉ ਦੀ ਵਰਤੋਂ ਕਰਨ ਸਬੰਧੀ ਸਖਤ ਤਾੜਣਾ ਕੀਤੀ ਗਈ ਹੈ।ਅਕਾਲ ਤਖਤ ਸਾਹਿਬ ਦੇ ਆਦੇਸ਼ ਮੁਤਾਬਕ ’’ਸੰਗਤਾਂ ਵੱਲੋਂ ਆਈਆਂ ਚਿੱਠੀਆਂ ‘ਤੇ ਵਿਚਾਰਾਂ ਕਰਨ ਉਪਰੰਤ ਫੈਸਲਾ ਕੀਤਾ ਗਿਆ ਹੈ ਕਿ ਸਿਰੋਪਾਉ ਦੀ ਮਹਾਨਤਾ ਨੂੰ ਗੁਰਮਤਿ ਅਨੁਸਾਰ ਬਰਕਰਾਰ ਰੱਖਿਆ ਜਾਵੇ।ਜੋ ਪਾਰਟੀਆਂ ਆਪਣੇ ਮੈਂਬਰਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਲਈ ਸਿਰੋਪਾਉ ਦੀ ਵਰਤੋਂ ਕਰਦੀਆਂ ਹਨ, ਉਹ ਪਾਰਟੀਆਂ ਆਪਣਾ ਵੱਖਰਾ ਪਾਰਟੀ-ਚਿੰਨ ਬਣਾਉਣ। ਤਖਤਾਂ ਦੇ ਜਥੇਦਾਰਾਂ ਵੱਲੋਂ ਰਾਜਨੀਤਕ ਪਾਰਟੀਆਂ ਵੱਲੋਂ ਕੀਤੀ ਜਾਂਦੀ ਸਿਰੋਪਾਉ ਦੀ ਵਰਤੋਂ ‘ਤੇ ਪੂਰਨ ਪਾਬੰਦੀ ਲਾਈ ਜਾਂਦੀ ਹੈ।’ ਦਰਅਸਲ ਪਿਛਲੇ ਕੁੱਝ ਸਾਲਾਂ ਤੋਂ ਸਿੱਖ ਧਰਮ ਦੀ ਸਿਰੋਪਾਓ ਮਰਿਯਾਦਾ ਨੂੰ ਸਿਆਸੀ ਪਾਰਟੀਆਂ ਆਪਣੀ ਜਗੀਰ ਸਮਝਦੇ ਹੋਏ ਹਰ ਛੋਟੇ ਤੋਂ ਛੋਟੇ ਮੌਕਿਆਂ ਸਮੇਂ ਸਿਆਸੀ ਹਥਿਆਰ ਬਣਾ ਕੇ ਵਰਤਦੀਆਂ ਹਨ। ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਛੋਟੇ ਤੋਂ ਵੱਡੇ ਵਰਕਰ ਜਾਂ ਆਗੂ ਨੂੰ ਸਿਰੋਪਾਉ ਦੇਣਾ ਆਮ ਹੀ ਬਣਿਆ ਹੋਇਆ ਹੈ।ਸਿੱਖ ਧਰਮ ਦੀ ਮਰਿਯਾਦਾ ਤੇ ਸੱਭਿਆਚਾਰ ਮੁਤਾਬਕ ਸਿਰੋਪਾਉ ਕੋਈ ਆਮ ਕੱਪੜਾ ਨਹੀਂ, ਬਲਕਿ ਸਿੱਖ ਇਤਿਹਾਸ ਤੇ ਰਵਾਇਤਾਂ ਮੁਤਾਬਕ ਇਹ ਕੱਪੜਾ ਸਿਰ ਤੋਂ ਲੈ ਕੇ ਪੈਰਾਂ ਤੱਕ ਪੱਤ ਕੱਜਣ ਲਈ ਬਖਸ਼ਿਸ਼ ਹੈ।ਇਹ ਧਰਮ, ਸਮਾਜ ਜਾਂ ਮਨੁੱਖਤਾ ਵਾਸਤੇ ਕੋਈ ਨੇਕ ਕਾਰਜ ਕਰਨ ਬਦਲੇ ਕੇਸਰੀ ਰੰਗ ਦੇ ਕੱਪੜੇ ਦੇ ਰੂਪ ਵਿੱਚ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਦਿੱਤਾ ਜਾਂਦਾ ਹੈ।ਅਕਾਲ ਤਖਤ ਸਾਹਿਬ ਨੇ ਇਸ ਦਾ ਬਦਲ ਵੀ ਪਾਰਟੀਆਂ ਨੂੰ ਦਿੱਤਾ ਹੈ ਕਿ ਆਪਣੀਆਂ ਅਜਿਹੀਆਂ ਸਿਆਸੀ ਗਤੀਵਿਧੀਆਂ ਮੌਕੇ ਸਿਆਸੀ ਪਾਰਟੀਆਂ ਨੂੰ ਆਪਣਾ ਕੋਈ ਵੱਖਰਾ ਪਾਰਟੀ ਚਿੰਨ ਸਨਮਾਨ ਵਜੋਂ ਦਿੱਤਾ ਜਾਣਾ ਚਾਹੀਦਾ ਹੈ।ਹੁਣ ਅਕਾਲ ਤਖਤ ਸਾਹਿਬ ਦੇ ਆਦੇਸ਼ ਤੋਂ ਬਾਅਦ ਸਿਆਸੀ ਪਾਰਟੀਆਂ ਵੱਲੋਂ ਕੀਤੀ ਜਾਂਦੀ ਦੁਰਵਰਤੋਂ ‘ਤੇ ਕਾਫੀ ਹੱਦ ਤੱਕ ਲਗਾਮ ਕੱਸੀ ਜਾ ਸਕੇਗੀ ਬਸ਼ਰਤੇ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸਿਆਸੀ ਪਾਰਟੀਆਂ ਦੀ ਇਸ ਕਾਰਵਾਈ ‘ਤੇ ਕਰੜੀ ਨਜ਼ਰ ਰੱਖੀ ਜਾਵੇ।
Check Also
ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …
Punjab Post Daily Online Newspaper & Print Media