ਅੰਮ੍ਰਿਤਸਰ, 22 ਅਪ੍ਰੈਲ (ਪੰਜਾਬ ਪੋਸਟ ਬਿਊਰੋ) –
ਦੇਸ਼ ਵਿਦੇਸ਼ ਦੀਆਂ ਪੰਥ-ਦਰਦੀ ਸੰਸਥਾਵਾਂ ਦੇ ਸਾਂਝੇ ਮੰਚ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਕੋਰ ਕਮੇਟੀ ਨੇ ਕਿਹਾ ਕਿ ਗਿਆਨੀ ਗੁਰਮੁਖ ਸਿੰਘ ਨੇ ਸੱਚ ਬੋਲਣ ਵਿਚ ਬਹੁਤ ਦੇਰੀ ਕੀਤੀ ਹੈ।ਪੰਥਕ ਤਾਲਮੇਲ ਸੰਗਠਨ ਦੇ ਲੈਟਰ ਹੈਡ `ਤੇ ਪ੍ਰੈਸ ਨੂੰ ਜਾਰੀ ਬਿਆਨ ਵਿੱਚ ਉਨਾਂ ਆਖਿਆ ਹੈ ਕਿ ਜੇ ਉਨਾਂ ਸਮੇਂ ਸਿਰ ਦਲੇਰੀ ਵਿਖਾਈ ਹੁੰਦੀ ਤਾਂ ਨਾ ਕੌਮ ਦੀਆਂ ਪ੍ਰੰਪਰਾਵਾਂ ਦਾ ਘਾਣ ਹੋਣਾ ਸੀ ਅਤੇ ਨਾ ਹੀ ਕੌਮ ਦਾ ਜਾਨੀ ਮਾਲੀ ਨੁਕਸਾਨ ਹੋਣਾ ਸੀ। ਜੇਕਰ ਗਿਆਨੀ ਜੀ 24 ਸਤੰਬਰ 2015 ਨੂੰ ਡੇਰਾ ਮੁਖੀ ਨੂੰ ਮੁਆਫ ਕਰਨ ਵਾਲੇ ਡਰਾਮੇ ਦੇ ਪਾਤਰ ਨਾ ਬਣਦੇ ਤਾਂ ਸ਼ਾਇਦ 24 ਸਤੰਬਰ ਦੀ ਅੱਧੀ ਰਾਤ ਨੂੰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੀਆਂ ਕੰਧਾਂ ’ਤੇ ਗੁਰੂ ਗ੍ਰੰਥ ਸਾਹਿਬ ਵਿਰੋਧੀ ਇਸ਼ਤਿਹਾਰ ਨਾ ਲੱਗਦੇ। ਕਿਉਂਕਿ ਸਮੁੱਚੇ ਪੰਥ ਵਲੋਂ ਡਰਾਮੇ ਦਾ ਵਿਰੋਧ ਕਰਨ ਕਰਕੇ ਮਾਮਲਾ ਗਰਮਾਇਆ ਅਤੇ ਸ਼ਰਾਰਤੀਆਂ ਨੇ ਪੰਥ ਨੂੰ ਵੰਗਾਰਿਆ।ਗਿਆਨੀ ਕੇਵਲ ਸਿੰਘ ਨੇ ਕਿਹਾ ਕਿ 1 ਜੂਨ 2015 ਨੂੰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰੇ ਵਿਚੋਂ ਚੋਰੀ ਹੋਈ ਬੀੜ ਦੀ 12 ਅਕਤੂਬਰ ਨੂੰ ਬਰਗਾੜੀ ਵਿਖੇ ਬੇਅਦਬੀ ਹੋਣੀ ਵੀ ਇਸੇ ਮਸਲੇ ਨਾਲ ਜੁੜੀ ਵੰਗਾਰ ਹੀ ਸੀ।ਇਸ ਬੇਅਦਬੀ ਦੇ ਦੋਸ਼ੀਆਂ ਨੂੰ ਫੜਣ ਦੀ ਮੰਗ ਕਰ ਰਹੀਆਂ ਸੰਗਤਾਂ ਉੱਪਰ ਕਹਿਰ ਢਾਇਆ ਗਿਆ।ਬਹਿਬਲ ਕਲਾਂ ਵਿਖੇ ਦੋ ਸਿੰਘ ਸ਼ਹੀਦ ਹੋਣ ਦੇ ਨਾਲ ਨਾਲ ਕੋਟਕਪੂਰਾ ਵਿਖੇ ਵੀ ਸ਼ਰਧਾਲੂ ਮਾਰਕੁੱਟ ਕਰਕੇ ਤੇ ਗੋਲੀਆਂ ਨਾਲ ਨਕਾਰਾ ਕਰ ਦਿੱਤੇ ਗਏ।ਸੰਗਤਾਂ ੳੇੁਪਰ ਝੂਠੇ ਕੇਸ ਪਾਏ ਗਏ ਅਤੇ ਜੇਲਾਂ੍ਹ ਵਿਚ ਡੱਕਿਆ ਗਿਆ। ਬੇਦੋਸ਼ੇ ਨੌਜਵਾਨਾਂ ਨੂੰ ਦੋਸ਼ੀ ਠਹਿਰਾਉਣ ਲਈ ਤਸ਼ੱਦਦ ਢਾਹਿਆ ਗਿਆ।ਪੰਥਕ ਜਥੇਬੰਦੀਆਂ ਵਲੋਂ 9 ਨੁਕਾਤੀ ਪ੍ਰੋਗਰਾਮ ਦਿੱਤਾ ਗਿਆ।ਜਿਸ ਤਹਿਤ ਹੀ ਸਿੱਖ ਕੌਮ ਆਪਣਾ ਖੂਨ ਆਪਣੇ ਹੱਥੀਂ ਸਰਕਾਰ ਨੂੰ ਪੇਸ਼ ਕਰਨ ਲਈ ਚੰਡੀਗੜ੍ਹ ਪੁੱਜੀ।ਪਰ ਤਖਤਾਂ `ਤੇ ਬੈਠੇ ਜਥੇਦਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਮੂਕ-ਦਰਸ਼ਕ ਬਣੇ ਰਹੇ।
ਸ਼ਾਬਕਾ ਜਥੈਦਾਰ ਗਿਆਨੀ ਕੇਵਲ ਸਿੰਘ ਨੇ ਕਿਹਾ ਕਿ ਕੌਮ ਦੀ ਪੀੜਾ ਦਾ ਹਿੱਸਾ ਬਣ ਕੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਖੰਡੇ ਬਾਟੇ ਦੀ ਪਾਹੁਲ ਛਕਾਉਣ ਵਾਲੇ ਪੰਜ ਪਿਆਰਿਆਂ ਨੇ ਹਾਅ ਦਾ ਨਾਅਰਾ ਮਾਰਿਆ ਤਾਂ ਉਹਨਾਂ ਨੂੰ ਵੀ ਨਜ਼ਰ ਅੰਦਾਜ਼ ਕੀਤਾ ਗਿਆ।ਉਹਨਾਂ ਵਲੋਂ ਕੀਤੇ ਆਦੇਸ਼ਾਂ ਦੀ ਵੀ ਇਹਨਾਂ ਜਥੇਦਾਰਾਂ ਨੇ ਕੋਈ ਤਾਮੀਲ ਨਹੀਂ ਕੀਤੀ, ਸਗੋਂ ਉਹਨਾਂ ਨੂੰ ਬਰਖਾਸਤ ਕਰਵਾ ਦਿੱਤਾ ਗਿਆ। ਗਿ: ਗੁਰਮੁਖ ਸਿੰਘ ਹੋਰਾਂ ਵਰਗਿਆਂ ਵਾਸਤੇ ਉਹ ਮੌਕਾ ਸੀ ਕਿ ਸੱਚ ਨੂੰ ਸਾਹਮਣੇ ਰੱਖ ਦਿੰਦੇ।ਸੱਚ ਨਾ ਰੱਖਣ ਦੇ ਦੋਸ਼ ਵਿਚ ਸਾਰੇ ਜਥੇਦਾਰਾਂ ਦਾ ਪੰਥ-ਏ-ਅਵਾਜ਼ ਬਦੌਲਤ ਪੰਜ ਪਿਆਰਿਆਂ ਵਲੋਂ ਜਨਵਰੀ 2016 ਚੜ੍ਹਦਿਆਂ ਹੀ ਬਾਈਕਾਟ ਹੋ ਚੁੱਕਾ ਹੋਇਆ ਹੈ, ਜਿਸ ਲਈ ਗਿ: ਗੁਰਮੁਖ ਸਿੰਘ ਵਲੋਂ ਅੱਜ ਬੋਲਿਆ ਸੱਚ ਭਾਵੇਂ ਸੱਚ ਹੋਵੇ, ਪਰ ਬਹੁਤ ਕੁਵੇਲੇ ਦਾ ਹੈ।ਜਿਸ ਦੀ ਤਫਤੀਸ਼ ਲਈ ਗੁਰੂ ਪੰਥ ਦੀ ਕਚਹਿਰੀ ਵਿਚ ਕੇਸ ਭੁਗਤਣਾ ਹੋਵੇਗਾ।ਇਸ ਸੱਚ ਅਤੇ ਕੱਚ ਦਾ ਨਿਤਾਰਾ ਕਰਨ ਲਈ ਪੰਥਕ ਤਾਲਮੇਲ ਸੰਗਠਨ ਇਕ ਖਾਸ ਨੁਮਾਇੰਦਾ ਇਕੱਠ ਕਰ ਕੇ ਅਗਲਾ ਪ੍ਰੋਗਰਾਮ ਉਲੀਕੇਗਾ ਅਤੇ ਉਸ ਨੂੰ ਕੌਮ ਸਾਹਮਣੇ ਰੱਖੇਗਾ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media