Friday, March 27, 2026

ਕਣਕ ਦੇ ਨਾੜ ਨੂੰ ਸਾੜਨ ਤੋਂ ਰੋਕਣ ਲਈ- ਪ੍ਰਚਾਰ ਗੱਡੀਆਂ ਨੂੰ ਵਿਖਾਈ ਝੰਡੀ

ਅੰਮ੍ਰਿਤਸਰ, 24 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ) –PPN2404201712 ਕਣਕ ਦੇ ਨਾੜ ਅਤੇ ਝੋਨੇ ਦੀ ਪਰਾਲੀ ਨੂੰ ਸਮੇਤ ਫਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜ ਕੇ ਵਾਤਾਵਰਣ ਅਤੇ ਧਰਤੀ ਨੂੰ ਹੋ ਰਹੇ ਵੱਡੇ ਨੁਕਸਾਨ ਤੋਂ ਕਿਸਾਨਾਂ ਨੂੰ ਜਾਗੂਰਕ ਕਰਨ ਦੇ ਮਕਸਦ ਨਾਲ ਅੱਜ ਜਿਲਾ ਪ੍ਰਸ਼ਾਸਨ ਵੱਲੋਂ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਵੱਡੇ ਪੱਧਰ ’ਤੇ ਕੀਤੀ ਗਈ, ਜਿਸ ਤਹਿਤ ਇਸ ਕੰਮ ਲਈ ਲਗਾਈਆਂ ਗਈਆਂ ਪ੍ਰਚਾਰ ਗੱਡੀਆਂ ਨੂੰ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਝੰਡੀ ਵਿਖਾ ਕੇ ਜਿਲੇ ਦੇ ਕੋਨੇ-ਕੋਨੇ ਤੱਕ ਜਾਣ ਲਈ ਤੋਰਿਆ।ਪ੍ਰੈਸ ਨਾਲ ਗੱਲਬਾਤ ਕਰਦੇ ਸੰਘਾ ਨੇ ਦੱਸਿਆ ਕਿ ਫਸਲਾਂ ਦੀ ਰਹਿੰਦ-ਖੂੰਹਦ ਸਾੜਨ ਨਾਲ ਜਿਥੇ ਜ਼ਮੀਨ ਦੇ ਜ਼ਰੂਰੀ ਤੱਤਾਂ ਦਾ ਨੁਕਸਾਨ ਹੁੰਦਾ ਹੈ, ਉਥੇ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ, ਫਸਲਾਂ ਦੇ ਮਿੱਤਰ ਕੀੜੇ ਮਾਰੇ ਜਾਂਦੇ ਹਨ ਅਤੇ ਅਸੀਂ ਕਈ ਤਰਾਂ ਦੀਆਂ ਬਿਮਾਰੀਆਂ ਸਹੇੜ ਲੈਂਦੇ ਹਾਂ।ਉਨਾਂ ਦੱਸਿਆ ਕਿ ਇਸ ਵਾਰ ਜਿੱਥੇ ਕਿਸਾਨਾਂ ਨੂੰ ਇੰਨਾਂ ਨੁਕਸਾਨਾਂ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ, ਉਥੇ ਦੱਸਿਆ ਜਾ ਰਿਹਾ ਹੈ ਕਿ ਜੇਕਰ ਕਿਸਾਨਾਂ ਨੇ ਨਾੜ ਨੂੰ ਅੱਗ ਲਗਾਈ ਤਾਂ ਜੁਰਮਾਨਾ ਵੀ ਭਰਨਾ ਪਵੇਗਾ।ਉਨਾਂ ਦੱਸਿਆ ਕਿ ਇਸ ਲਈ ਜਿਲੇ ਅਤੇ ਤਹਿਸੀਲ ਪੱਧਰ ’ਤੇ ਟੀਮਾਂ ਬਣਾ ਦਿੱਤੀਆਂ ਗਈਆਂ ਹਨ, ਜੋ ਕਿ ਉਪਗ੍ਰਹਿ ਜਾਂ ਹੋਰ ਸਾਧਨਾਂ ਤੋਂ ਮਿਲੀ ਸੂਚਨਾ ਦੇ ਅਧਾਰ ’ਤੇ ਤਰੁੰਤ ਮੌਕੇ ’ਤੇ ਜਾ ਕੇ ਅੱਗ ਲਗਾਉਣ ਵਾਲੇ ਕਿਸਾਨ ਨੂੰ ਜੁਰਮਾਨਾ ਕਰਨਗੀਆਂ।
ਇਸ ਮੌਕੇ ਆਪਣੇ ਸੰਬੋਧਨ ਵਿਚ ਜਿਲਾ ਖੇਤੀਬਾੜੀ ਅਧਿਕਾਰੀ ਬਲਬੀਰ ਸਿੰਘ ਛੀਨਾ ਨੇ ਦੱਸਿਆ ਕਿ ਇਕ ਟਨ ਪਰਾਲੀ ਵਿਚ 5.5 ਕਿਲੋ ਨਾਈਟਰੋਜਨ, 2.3 ਕਿਲੋ ਫਾਸਫੋਰਸ, 25 ਕਿਲੋ ਪੋਟਾਸ਼, 1.2 ਕਿਲੋ ਸਲਫਰ ਤੱਤ ਹੁੰਦੇ ਹਨ, ਜੋ ਕਿ ਇਸ ਨੂੰ ਸਾੜਨ ਨਾਲ ਹੀ ਸੜ ਜਾਂਦੇ ਹਨ ਅਤੇ ਇਹ ਉਲਟਾ ਜ਼ਹਿਰਲੀਆਂ ਗੈਸਾਂ ਵਿਚ ਤਬਦੀਲ ਹੋ ਕੇ ਸਾਡੀ ਸਿਹਤ ਨੂੰ ਨੁਕਸਾਨ ਤੇ ਕਈ ਤਰਾਂ ਦੀਆਂ ਬਿਮਾਰੀਆਂ ਪੈਦਾ ਕਰਨ ਦੇ ਕਾਰਨ ਬਣਦੇ ਹਨ।ਉਨਾਂ ਕਿਹਾ ਕਿ ਜੇਕਰ ਅਸੀਂ ਨਾੜ ਅਤੇ ਪਰਾਲੀ ਨੂੰ ਰੋਟਾਵੇਟਰ, ਤਵੀਆਂ, ਸਟਰਾਅ ਚੌਪਰ ਆਦਿ ਮਸ਼ੀਨਾਂ ਨਾਲ ਧਰਤੀ ਵਿਚ ਹੀ ਮਿਲਾ ਦਈਏ ਤਾਂ ਜ਼ਮੀਨਾਂ ਦੀ ਉਪਜਾੳੂ ਸ਼ਕਤੀ ਕਈ ਗੁਣਾ ਵੱਧ ਜਾਵੇਗੀ ਅਤੇ ਵਾਤਾਵਰਣ ਵੀ ਸ਼ੁੱਧ ਰਹੇਗਾ।ਉਨਾਂ ਦੱਸਿਆ ਕਿ ਅੱਜ ਸ਼ੁਰੂ ਕੀਤੀਆਂ ਪ੍ਰਚਾਰ ਵੈਨਾਂ ਪਿੰਡ-ਪਿੰਡ ਜਾ ਕੇ ਜਿੱਥੇ ਸਪੀਕਰਾਂ ਰਾਹੀਂ ਕਿਸਾਨਾਂ ਨੂੰ ਸੁਚੇਤ ਕਰਨਗੀਆਂ, ਉਥੇ ਇਸ ਰਾਹੀਂ ਪੈਂਫਲਟ ਵੰਡ ਕੇ ਕਿਸਾਨਾਂ ਨੂੰ ਬਾਰੀਕੀ ਨਾਲ ਜਾਣਕਾਰੀ ਦਿੱਤੀ ਜਾਵੇਗੀ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply