ਚਵਿੰਡਾ ਦੇਵੀ, 30 ਅਪ੍ਰੈਲ (ਪੰਜਾਬ ਪੋਸਟ ਬਿਊਰੋ) –
ਸਾਬਕਾ ਮੰਤਰੀ ਅਤੇ ਹਲਕਾ ਮਜੀਠਾ ਦੇ ਵਿਧਾਇਕ ਸ: ਬਿਕਰਮ ਸਿੰਘ ਮਜੀਠੀਆ ਨੇ ਰਾਜ ’ਚ ਆਰਥਿਕ ਤੰਗੀ ਕਾਰਨ ਕਿਸਾਨਾਂ ਵੱਲੋਂ ਆਏ ਦਿਨ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ’ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਾਂਗਰਸ ਸਰਕਾਰ ਨੂੰ ਆਪਣੀ ਸਿਆਸੀ ਇੱਛਾ ਸ਼ਕਤੀ ਦਾ ਪ੍ਰਗਟਾਵਾ ਕਰਦਿਆਂ ਤੁਰੰਤ ਕੈਬਨਿਟ ਦੀ ਮੀਟਿੰਗ ਬੁਲਾਉਣ ਅਤੇ 80 ਹਜ਼ਾਰ ਕਰੋੜ ਦੇ ਕਿਸਾਨੀ ਕਰਜ਼ਿਆਂ ਨੂੰ ਮੁਆਫ਼ ਕਰਨ ਦਾ ਐਲਾਨ ਕਰ ਕੇ ਕਿਸਾਨ ਹਿਤੈਸ਼ੀ ਹੋਣ ਦਾ ਸਬੂਤ ਦੇਣ ਲਈ ਕਿਹਾ ਹੈ।
ਮਜੀਠੀਆ ਅੱਜ ਇੱਥੇ ਇੱਕ ਸਮਾਗਮ ਵਿੱਚ ਹਿੱਸਾ ਲੈਣ ਆਏ ਸਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਨੇ ਚੋਣਾਂ ਦੌਰਾਨ ਕਿਸਾਨ ਕਰਜ਼ਿਆਂ ਦੇ ਮੁੱਦੇ ਨੂੰ ਬੜੇ ਸ਼ੋਰ ਨਾਲ ਉਠਾਇਆ ਸੀ ਪਰ ਸਰਕਾਰ ਬਣਦਿਆਂ ਹੀ ਇਸ ਨੂੰ ਠੰਢੇ ਬਸਤੇ ’ਚ ਪਾ ਦਿਤਾ ਗਿਆ ਅਤੇ ਹੁਣ ਕਿਸਾਨੀ ਦੀ ਸਾਰ ਲੈਣ ਦੀ ਥਾਂ ਉਹਨਾਂ ਨੂੰ ਵਿਸਾਰ ਦਿੱਤਾ ਗਿਆ ਹੈ।ਉਹਨਾਂ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਪ੍ਰਤੀ ਸੰਜੀਦਗੀ ਦਿਖਾਉਣ ਦੀ ਥਾਂ ਲੋਕਾਂ ਦੀਆਂ ਅੱਖਾਂ ’ਚ ਘਟਾ ਪਾਉਂਦਿਆਂ ਮਾਹਿਰਾਂ ਦੀ ਕਮੇਟੀ ਅਤੇ ਬਾਂਡ ਜਾਰੀ ਕਰਨ ਆਦਿ ਸ਼ੋਸ਼ਿਆਂ ਨਾਲ ਸਥਿਤੀ ਨੂੰ ਭੰਬਲਭੂਸੇ ਵਾਲੀ ਬਣਾ ਦਿੱਤੀ ਗਈ ਹੈ।ਉਨ੍ਹਾਂ ਕਿਹਾ ਕਿ ਸਭ ਜਾਣਦੇ ਹਨ ਕਿ ਪੰਜਾਬ ਦੇ ਕਿਸਾਨਾਂ ਸਿਰ ਕਿੰਨਾ ਕਰਜ਼ਾ ਹੈ। ਕਰਜ਼ਿਆਂ ਦੀ ਅਦਾਇਗੀ ਲਈ ਮਾਲੀ ਸਾਧਨ ਜੁਟਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ ਜਿਸ ਨੂੰ ਪੂਰਾ ਕੀਤਾ ਜਾਣਾ ਚਾਹੀਦਾ ਹੈ।
ਮਜੀਠੀਆ ਨੇ ਸਿਆਸੀ ਰੰਜਸ਼ ਕਾਰਨ ਅਕਾਲੀ ਵਰਕਰਾਂ ਨਾਲ ਹੋ ਰਹੀਆਂ ਧੱਕੇਸ਼ਾਹੀਆਂ ਅਤੇ ਕਤਲਾਂ ਪ੍ਰਤੀ ਚਿੰਤਾ ਅਤੇ ਅਫ਼ਸੋਸ ਜ਼ਾਹਿਰ ਕਰਦਿਆਂ ਕਿਹਾ ਕਿ ਚੋਣਾਂ ’ਚ ਲੋਕਾਂ ਨੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਵੋਟਾਂ ਪਾਈਆਂ ਹਨ ਅਤੇ ਉਹਨਾਂ ਨੂੰ ਫੈਸਲਾ ਕਰਨ ਦਾ ਹੱਕ ਹਾਸਲ ਹੈ। ਪਰ ਅਫ਼ਸੋਸ ਦੀ ਗਲ ਹੈ ਕਿ ਮਜੀਠਾ, ਅਟਾਰੀ ਅਤੇ ਬਟਾਲਾ, ਗੁਰਦਾਸਪੁਰ ਹੀ ਨਹੀਂ ਸਗੋਂ ਰਾਜ ਦੇ ਕੋਨੇ ਕੋਨੇ ਤੋਂ ਅਕਾਲੀ ਵਰਕਰਾਂ ਨਾਲ ਧੱਕੇਸ਼ਾਹੀਆਂ ਹੋ ਰਹੀਆਂ ਹਨ।ਉਹਨਾਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਪੁਲੀਸ ਪ੍ਰਸ਼ਾਸਨ ਆਪਣੇ ਫਰਜ਼ਾਂ ਨੂੰ ਨਿਭਾਵੇਗਾ, ਜੇ ਅਜਿਹਾ ਨਾ ਹੋਇਆ ਤਾਂ ਪੀੜਤਾਂ ਦੇ ਹੱਕ ਅਤੇ ਇੰਸਾਫ ਲਈ ਅਕਾਲੀ ਦਲ ਕਾਨੂੰਨੀ ਚਾਰਾਜੋਈ ਕਰੇਗੀ ਅਤੇ ਗਲਤ ਕੰਮ ਕਰਨ ਵਾਲੇ ਅਧਿਕਾਰੀਆਂ ਨੂੰ ਕਟਹਿਰੇ ’ਚ ਖੜੇ ਕੀਤੇ ਜਾਣਗੇ।
ਅਰਵਿੰਦ ਕੇਜਰੀਵਾਲ ਵੱਲੋਂ ਆਪਣੀਆਂ ਭੁੱਲਾਂ ਗਲਤੀਆਂ ਨੂੰ ਵਸੀਕਾਰਨ ਬਾਰੇ ਪੁੱਛੇ ਜਾਣ ’ਤ ਸ: ਮਜੀਠੀਆ ਨੇ ਵਿਅੰਗਾਤਮਿਕ ਲਹਿਜ਼ੇ ’ਚ ਕਿਹਾ ਕਿ ਕੇਜਰੀਵਾਲ ਵਰਗਾ ਬੰਦਾ ਕਦੀ ਸੁਧਰ ਨਹੀਂ ਸਕਦਾ।ਉਹਨਾਂ ਕਿਹਾ ਕਿ ਕੇਜਰੀਵਾਲ ਚਾਰ ਵਾਰ ਲੜੀਵਾਰ ਹਾਰਾਂ ਕਾਰਨ ਆਪਣੀ ਪੁਜ਼ੀਸ਼ਨ ਅਤੇ ਕੁਰਸੀ ਬਚਾਉਣ ਲਈ ਨਵਾਂ ਡਰਾਮਾ ਰਚ ਰਿਹਾ ਹੈ।ਉਹਨਾਂ ਕਿਹਾ ਕਿ ਕੇਜਰੀਵਾਲ ਸਮਾਂ ਟਪਾਉਣ ਲਈ ਤਾਂ ਨਵਾਂ ਬਹਾਨਾ ਭਾਲ ਰਿਹਾ ਹੈ, ਪਰ ਡਿਕਟੇਟਰਸ਼ਿਪ ਨਹੀਂ ਛੱਡ ਸਕਦਾ। ਉਹਨਾਂ ਕਿਹਾ ਕਿ ਕੇਜਰੀਵਾਲ ਤੋਂ ਲੋਕਾਂ ਦਾ ਮੋਹ ਭੰਗ ਹੋ ਚੁਕਿਆ ਹੈ ਅਤੇ ਹੁਣ ਪਾਰਟੀ ਖੜੀ ਕਰਨ ਵਾਲੇ ਉਸ ਦੇ ਸਾਥੀਆਂ ਦਾ ਵੀ ਉਸ ਨੇ ਭਰੋਸਾ ਗਵਾਲਿਆ ਹੈ।ਜਿਸ ਕਾਰਨ ’ਆਪ’ ਵਿੱਚ ਬਗਾਵਤੀ ਸੁਰਾਂ ਤੇਜ ਹੋ ਰਹੀਆਂ ਹਨ। ਇਸ ਮੌਕੇ ਬਾਬਾ ਸੱਜਣ ਸਿੰਘ ਗੁਰੂ ਕੇ ਬੇਰ ਵਾਲੇ, ਰਣਜੀਤ ਸਿੰਘ ਵਰਿਆਮ ਨੰਗਲ, ਤਲਬੀਰ ਸਿੰਘ ਗਿੱਲ, ਮੇਜਰ ਸ਼ਿਵੀ, ਸਵਰਨ ਸਿੰਘ ਮੁਨੀਮ, ਪੱਪੂ ਜੈਂਤੀਪੁਰ, ਗੁਰਮੁਖ ਸਿੰਘ, ਬਲਵੰਤ ਸਿੰਘ, ਕੁਲਵੰਤ ਸਿੰਘ, ਪ੍ਰੇਮ ਸਿੰਘ, ਕੰਵਲ ਸਿੰਘ, ਵਿਜੈ ਕੁਮਾਰ ਅਤੇ ਪ੍ਰੋ: ਸਰਚਾਂਦ ਸਿੰਘ ਆਦਿ ਵੀ ਮੌਜੂਦ ਸਨ।
Check Also
ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾਵੇਗੀ ਭਗਤ ਪੂਰਨ ਸਿੰਘ ਜੀ ਦੀ 34ਵੀਂ ਬਰਸੀ
ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ) – ਵੀਹਵੀਂ ਸਦੀ ਦੇ ਮਹਾਨ ਦਰਵੇਸ਼ ਤੇ ਸਮਾਜ ਸੇਵੀ, ਵਾਤਾਵਰਣ …
Punjab Post Daily Online Newspaper & Print Media