ਅਸੀਂ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਦੇ ਵਾਰਿਸ ਹਾਂ-ਮਾਨ
ਅੰਮ੍ਰਿਤਸਰ, 4 ਮਈ (ਪੰਜਾਬ ਪੋਸਟ ਬਿਊਰੋ) –
ਆਮ ਲੋਕਾਂ ਤੀਕ ਪੁੱਜਣ ਦੀ ਮਨਸ਼ਾ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋਂ ਅੱਜ ਇਥੇ ਮਾਝਾ-ਦੁਆਬਾ ਜੋਨ ਲਈ ਦਫਤਰ ਖੋਲਿਆ ਗਿਆ।ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਪਾਰਟੀ ਦੀ ਅਮਰੀਕਾ ਇਕਾਈ ਦੇ ਪ੍ਰਧਾਨ ਰੇਸ਼ਮ ਸਿੰਘ ਕੈਲੇਫੋਰਨੀਆ, ਜਗਤਾਰ ਸਿੰਘ ਮਾਹਲ ਜਰਮਨੀ, ਜਨਰਲ ਸਕੱਤਰ ਪ੍ਰੋ: ਮਹਿੰਦਰ ਪਾਲ ਸਿੰਘ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਅਮਰੀਕ ਸਿੰਘ ਬਲੋਵਾਲ, ਕਰਨੈਲ ਸਿੰਘ ਨਾਰੀਕੇ, ਜਰਨੈਲ ਸਿੰਘ ਸਖੀਰਾ ਅਤੇ ਵੱਖ-ਵੱਖ ਜਿਲ੍ਹਾ ਅਹੁਦੇਦਾਰ ਤੇ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਦਫਤਰ ਦੀ ਉਦਘਾਟਨੀ ਅਰਦਾਸ ਵਿੱਚ ਸ਼ਾਮਿਲ ਹੋਇਆ।ਉਪਰੰਤ ਜੈਕਾਰਿਆਂ ਦੀ ਗੂੰਜ ਦਰਮਿਆਨ ਮਾਨ ਤੇ ਪਾਰਟੀ ਅਹੁੱਦੇਦਾਰਾਂ ਨੇ ਸਥਾਨਕ ਤੇਜ ਨਗਰ ਸਥਿਤ ਖੋਲੇ ਗਏ ਦਫਤਰ ਵਿੱਚ ਹਾਜਰੀ ਭਰੀ।
ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਸਿਮਰਨਜੀਤ ਸਿੰਘ ਮਾਨ ਨੇ ਦੱਸਿਆ ਕਿ ਅੱਜ ਦਾ ਦਿਨ ਪਾਾਰਟੀ ਲਈ ਵਿਸ਼ੇਸ਼ ਅਹਿਮੀਅਤ ਰੱਖਦਾ ਹੈ ਕਿਉਂਕਿ 23 ਸਾਲ ਪਹਿਲਾਂ ਅੱਜ ਦੇ ਦਿਨ ਹੀ 1 ਮਈ 1994 ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਤਤਕਾਲੀਨ ਕਾਰਜਕਾਰੀ ਜਥੇਦਾਰ ਪ੍ਰੋ: ਮਨਜੀਤ ਸਿੰਘ ਹੁਰਾਂਵਲੋਂ ਜਾਰੀ ਹੋਏ ਆਦੇਸ਼ ਤਹਿਤ ਵਿੱਚਰ ਰਹੇ ਵੱਖ ਵੱਖ ਅਕਾਲੀ ਧੜੇ ਆਪੋ ਆਪਣੀ ਹੋਂਦ ਖਤਮ ਕਰਕੇ ਏਕਤਾ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁੱਖ ਸਮਰਪਿਤ ਹੋਏ ਸਨ।ਉਨ੍ਹਾਂ ਦੱਸਿਆ ਕਿ ਜਥੇਦਾਰ ਸਾਹਿਬਾਨ ਦੁਆਰਾ ਦੀਰਘ ਵਿਚਾਰਾਂ ਉਪਰੰਤ ਲਏ ਫੈਸਲੇ ਅਨੁਸਾਰ ਅਕਾਲੀ ਦਲ ਬਰਨਾਲਾ ਦੇ ਸੁਰਜੀਤ ਸਿੰਘ ਬਰਨਾਲਾ, ਅਕਾਲੀ ਦਲ ਤਲਵੰਡੀ ਦੇ ਜਥੇਦਾਰ ਜਗਦੇਵ ਸਿੰਘ ਤਲਵੰਡੀ, ਬੱਬਰ ਅਕਾਲੀ ਦਲ ਦੇ ਕਰਨਲ ਜਸਮੇਰ ਸਿੰਘ ਬਾਲਾ, ਅਕਾਲੀ ਦਲ ਮਨਜੀਤ ਸਿੰਘ ਦੇ ਭਾਈ ਮਨਜੀਤ ਸਿੰਘ, ਕੈਪਟਨ ਅਮਰਿੰਦਰ ਸਿੰਘ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੋਹੜਾ ਨੇ ਇਕ ਅਜੇਹੇ ਦਸਤਾਵੇਜ ਤੇ ਦਸਤਖਤ ਕੀਤੇ ਸਨ, ਜਿਸ ਅਨੁਸਾਰ ਸਾਰੇ ਹੀ ਅਕਾਲੀ ਦਲ ਭੰਗ ਕਰਕੇ ਅਕਾਲੀ ਦਲ ਅੰਮ੍ਰਿਤਸਰ ਦਾ ਗਠਨ ਕੀਤਾ ਗਿਆ।ਉਨ੍ਹਾਂ ਦੱਸਿਆ ਕਿ ਉਨ੍ਹਾਂ (ਮਾਨ) ਸਮੇਤ ਇਨ੍ਹਾਂ ਸਾਰੇ ਆਗੂਆਂ ਨੇ ਅਹਿਦ ਲਿਆ ਸੀ ਕਿ ਉਹ ਅਕਾਲੀ ਦਲ ਦੀ ਮੂਲ ਭਾਵਨਾ ਦੇ ਅਨੁਸਾਰ ਸਿੱਖ ਕੌਮ ਲਈ ਇਕ ਅਜਾਦ ਖਿੱਤੇ ਦੀ ਪ੍ਰਾਪਤੀ ਲਈ ਯਤਨਸ਼ੀਲ ਹੋਣਗੇ ਅਤੇ ਜੇਕਰ ਸਮੇਂ ਦੀਆਂ ਹਕੂਮਤਾਂ ਰਾਹ ਦਾ ਰੋੜਾ ਬਨਣ ਤਾਂ ਅਕਾਲੀ ਦਲ ਖੁਦ ਹੀ ਸਿੱਖ ਕੌਮ ਲਈ ਪ੍ਰਭੂਸੱਤਾ ਸੰਪਨ ਰਾਜ ਦੀ ਪ੍ਰਾਪਤੀ ਲਈ ਜਦੋ ਜਹਿਦ ਜਾਰੀ ਰਖੇਗਾ।
ਮਾਨ ਨੇ ਦੱਸਿਆ ਕਿ ਅੰਮ੍ਰਿਤਸਰ ਐਲਾਨਨਾਮੇ `ਤੇ ਦਸਤਖਤ ਕਰਨ ਵਾਲੇ ਸਾਰੇ ਹੀ ਆਗੂ ਪਿੱਛੇ ਹੱਟ ਗਏ ਹਨ ਤੇ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਪ੍ਰਣ ਕਰਕੇ ਮੁਕਰ ਜਾਣ ਵਾਲਾ ਕੌਮ ਦਾ ਗਦਾਰ ਮੰਨਿਆ ਜਾਂਦਾ ਹੈ।ਮਾਨ ਨੇ ਕਿਹਾ ਕਿ ਹੁਣ ਅਜੇਹੇ ਹਾਲਾਤ ਬਣ ਚੁੱਕੇ ਹਨ ਕਿ ਸਿੱਖ ਕੌਮ ਉਨ੍ਹਾਂ ਲੋਕਾਂ ਨੂੰ ਵੋਟਾਂ ਪਾ ਰਹੀ ਜੋ ਸਿੱਖ ਨਸਲਕੁਸ਼ੀ ਦੇ ਦੋਸ਼ੀ ਹਨ ਤੇ ਅੱਡਰੀ ਸਿੱਖ ਪਹਿਚਾਣ ਨੂੰ ਵੀ ਪ੍ਰਵਾਨ ਕਰਨ ਲਈ ਤਿਆਰ ਨਹੀ ਹਨ।ਉਨ੍ਹਾਂ ਕਿਹਾ ਕਿ ਜਿਹੜੇ ਵੀ ਅਕਾਲੀ ਆਗੂਆਂ ਜਾਂ ਸਿੱਖਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਪਿੱਠ ਵਿਖਾਈ ਹੈ ਉਨ੍ਹਾਂ ਦਾ ਹਸ਼ਰ ਮਾੜਾ ਹੀ ਹੋਇਆ ਹੈ।ਲੇਕਿਨ ਅੰਮ੍ਰਿਤਸਰ ਐਲਾਨਨਾਮੇ `ਤੇ ਦਸਤਖਤ ਕਰਨ ਵਾਲੇ ਅਕਾਲੀ ਆਗੂਆਂ ਦਾ ਕੌਮੀ ਚਰਿੱਤਰ ਵੀ ਸਾਡੇ ਸਾਹਮਣੇ ਹੈ।ਇੱਕ ਸਵਾਲ ਦੇ ਜਵਾਬ ਵਿੱਚ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਕੀ ਹੋਇਆ ਜੇ ਸਾਡੀ ਗਿਣਤੀ ਘੱਟ ਹੈ, ਲੇਕਿਨ ਅਸੀਂ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਦੇ ਵਾਰਿਸ ਹਾਂ ਤੇ ਦੁਸ਼ਮਣ ਨਾਲ ਜੂਝਣ ਲਈ ਕਿਸੇ ਗੱਲੋਂ ਘੱਟ ਨਹੀ ਹਾਂ।ਇਸ ਤੋਂ ਪਹਿਲਾਂ ਪਾਰਟੀ ਦਫਤਰ ਪੁਜਣ ਤੇ ਮਾਨ ਦਾ ਪਾਰਟੀ ਵਰਕਰਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ।
ਮਾਨ ਸਾਥੀਆਂ ਸਮੇਤ ਸ੍ਰੀ ਅਕਾਲ ਤਖਤ ਸਾਹਿਬ ਵੀ ਗਏ ਜਿਥੇ ਉਨ੍ਹਾਂ ਪਾਰਟੀ ਤੇ ਪੰਥ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ।ਇਸ ਮੌਕੇ ਡਾ: ਗੁਰਜਿੰਦਰ ਸਿੰਘ, ਅਮਰੀਕ ਸਿੰਘ ਨੰਗਲ, ਨਵਦੀਪ ਸਿੰਘ ਬਾਜਵਾ, ਗੁਰਜੰਟ ਸਿੰਘ ਕੱਟੂ, ਗੁਰਬਚਨ ਸਿੰਘ ਪੁਆਰ, ਗੁਰਸ਼ਰਨ ਸਿੰਘ ਸੋਹਲ, ਗਰਮੇਲ ਸਿੰਘ ਗਿੱਲ, ਪ੍ਰਿਤਪਾਲ ਸਿੰਘ, ਨਵਦੀਪ ਸਿੰਘ ਗੋਲਡੀ, ਰਣਜੀਤ ਸਿੰਘ, ਮਨਬੀਰ ਸਿੰਘ ਹਾਜਰ ਸਨ।
Check Also
ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ
ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …
Punjab Post Daily Online Newspaper & Print Media