ਸ੍ਰੋਮਣੀ ਕਮੇਟੀ ਤੇ ਦਿੱਲੀ ਕਮੇਟੀ ਦੇਸ਼ਦੋ੍ਰਹ ਦੇ ਮਸਲੇ ’ਤੇ ਲੜਨ ਗੀਆਂ ਸਾਂਝੀ ਕਾਨੂੰਨੀ ਲੜਾਈ
ਨਵੀਂ ਦਿੱਲੀ, 16 ਮਈ (ਪੰਜਾਬ ਪੋਸਟ ਬਿਊਰੋ) –
ਗੁਰਦੁਆਰਾ ਗਿਆਨ ਗੋਦੜੀ ਮੁਹਿੰਮ ਨੂੰ ਦੇਸ਼-ਵਿਦੇਸ਼ ਦੀਆਂ ਸੰਗਤਾਂ ਵੱਲੋਂ ਦਿੱਤੇ ਗਏ ਭਰਵੇ ਹੁੰਗਾਰੇ ਦਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਕਮੇਟੀ ਨੇ ਧੰਨਵਾਦ ਕੀਤਾ ਹੈ। ਅੱਜ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਸ੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬੰਡੂੁਗਰ ਅਤੇ ਦਿੱਲੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਪੱਤਰਕਾਰਾਂ ਨੂੰ ਸੰਬੋਧਿਤ ਕਰਦੇ ਹੋਏ ਮੁਹਿੰਮ ਨੂੰ ਸੰਗਤਾਂ ਪਾਸੋਂ ਮਿਲੇ ਸਹਿਯੋਗ ਨੂੰ ਇਤਿਹਾਸਿਕ ਦੱਸਿਆ।
ਉਕਤ ਆਗੂਆਂ ਨੇ ਉਤਰਾਖੰਡ ਪੁਲਿਸ ਵੱਲੋਂ ਹਰਿ ਕੀ ਪੌੜੀ ’ਤੇ ਬਾਣੀ ਪੜਨ ਗਈ ਸਿੱਖ ਸੰਗਤਾਂ ਦੀ ਕੀਤੀ ਗਈ ਗ੍ਰਿਫਤਾਰੀ ਅਤੇ ਜੋਗਾ ਸਿੰਘ ਨਾਂ ਦੇ ਇਕ ਬਜੁੱਰਗ ਉਤੇ ਦੇਸ਼ਧੋ੍ਰਹ ਦੇ ਆਰੋਪ ਤਹਿਤ ਦਰਜ ਹੋਏੇ ਮੁਕਦਮੇ ਨੂੰ ਮੰਦਭਾਗਾ ਦੱਸਿਆ।ਬੰਡੂੁਗਰ ਨੇ ਕਿਹਾ ਕਿ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਹੇਠ ਗੁਰਦੁਆਰਾ ਗਿਆਨ ਗੋਦੜੀ ਦੀ ਮੁੜ ਸਥਾਪਨਾ ਲਈ ਚਲਾਈ ਜਾ ਰਹੀ ਲਹਿਰ ਹੁਣ ਲੋਕ ਲਹਿਰ ਬਣ ਚੁੱਕੀ ਹੈ। ਦੇਸ਼-ਵਿਦੇਸ਼ ਦੀਆਂ ਸੰਗਤਾਂ ਵੱਲੋਂ ਗੁਰੂ ਸਾਹਿਬ ਦੀ ਪਵਿੱਤਰ ਛੋਹ ਪ੍ਰਾਪਤ ਗੁਰਦੁਆਰਾ ਸਾਹਿਬ ਦੀ ਪ੍ਰਾਪਤੀ ਲਈ ਕੀਤੀਆਂ ਜਾ ਰਹੀਆਂ ਅਰਦਾਸਾਂ ਜਰੂਰ ਪ੍ਰਵਾਨ ਹੋਣਗੀਆਂ।
ਜੀ.ਕੇ ਨੇ ਕਿਹਾ ਕਿ ਸਿਰਫ਼ 10 ਦਿਨਾਂ ਦੌਰਾਨ ਉਕਤ ਮੁਹਿੰਮ ਨੂੰ ਸੋਸ਼ਲ ਮੀਡੀਆ ’ਤੇ ਸੰਗਤਾਂ ਪਾਸੋਂ ਭਰਵਾ ਪਿਆਰ ਮਿਲਿਆ ਹੈ। ਇਸ ਸਬੰਧੀ ਫੇਸਬੁੱਕ ’ਤੇ ਪਾਈ ਗਈ ਇਕ ਪੋਸਟ ਦੇ 30 ਲੱਖ ਲੋਕਾਂ ਤਕ ਪਹੁੰਚਣ ਦੀ ਜਾਣਕਾਰੀ ਦਿੰਦੇ ਹੋਏ ਜੀ.ਕੇ ਨੇ ਮਿਸਡ ਕਾਲ ਰਾਹੀਂ ਮੁਹਿੰਮ ਨਾਲ ਜੁੜਨ ਲਈ ਦਿੱਤੇ ਗਏ ਨੰਬਰ ਤੇ ਲਗਭਗ 2 ਲੱਖ ਲੋਕਾਂ ਦੇ ਜੁੜਨ ਦਾ ਵੀ ਹਵਾਲਾ ਦਿੱਤਾ।ਹਰਿ ਕੀ ਪੌੜੀ ਪੁਲਿਸ ਚੌਂਕੀ ਵੱਲੋਂ 14 ਮਈ ਨੂੰ ਦਰਜ ਕੀਤੀ ਗਈ ਐਫ.ਆਈ.ਆਰ. ਨੰਬਰ 84/17 ਦਾ ਹਵਾਲਾ ਦਿੰਦੇ ਹੋਏ ਜੀ.ਕੇ. ਨੇ ਜੋਗਾ ਸਿੰਘ ਦੇ ਖਿਲਾਫ਼ ਦਰਜ਼ ਹੋਏ ਮੁਕਦਮੇ ਨੂੰ ਖਾਰਿਜ਼ ਕਰਾਉਣ ਲਈ ਕਮੇਟੀ ਦੀ ਕਾਨੂੰਨੀ ਟੀਮ ਹਰਿਦੁਆਰ ਪੁੱਜਣ ਦੀ ਵੀ ਜਾਣਕਾਰੀ ਦਿੱਤੀ।
ਐਫ.ਆਈ.ਆਰ ਰੱਦ ਕਰਾਉਣ ਲਈ ਉਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੂੰ ਛੇਤੀ ਮਿਲਣ ਦਾ ਜੀ.ਕੇ ਨੇ ਐਲਾਨ ਕੀਤਾ। ਜੀ.ਕੇ ਨੇ ਸਾਫ਼ ਕੀਤਾ ਕਿ ਗੁਰਦੁਆਰਾ ਗਿਆਨ ਗੋਦੜੀ ਮੁਹਿੰਮ ਨੂੰ ਨਿਜ਼ੀ ਤੌਰ ਤੇ ਆਪਣੇ ਏਜੰਡੇ ਅਨੁਸਾਰ ਚਲਾਉਣ ਦੀ ਕੋਸ਼ਿਸ਼ ਕਰ ਰਹੇ ਕੁਝ ਲੋਕਾਂ ਨੂੰ ਕੌਮ ਦਾ ਪ੍ਰੋਗਰਾਮ ਨਹੀਂ ਮੰਨਿਆ ਜਾ ਸਕਦਾ। ਸਾਡੀ ਮੁਹਿੰਮ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਹੇਠ ਸ਼ਾਂਤਮਈ ਤਰੀਕੇ ਨਾਲ ਭਾਰਤ ਦੇ ਸੰਵਿਧਾਨ ਅਨੁਸਾਰ ਮਿਲੇ ਜਮਹੂਰੀ ਹੱਕਾਂ ਦੇ ਆਧਾਰ ’ਤੇ ਚਲ ਰਹੀ ਹੈ। ਜੋ ਕਿ ਹਰਿ ਕੀ ਪੌੜੀ ’ਤੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਤਕ ਜਾਰੀ ਰਹੇਗੀ।
ਜੀ.ਕੇ ਨੇ ਕਿਹਾ ਕਿ ਸੰਵਿਧਾਨ ਤੋਂ ਮਿਲੀ ਆਜਾਦੀ ਸਾਨੂੰ ਗੁਰਬਾਣੀ ਪੜਨ ਤੇ ਅਰਦਾਸ ਕਰਨ ਦੀ ਮਨਜੂਰੀ ਦਿੰਦੀ ਹੈ ਪਰ ਹਰਿਦੁਆਰ ਪੁਲਿਸ ਵੱਲੋਂ ਆਈ.ਪੀ.ਸੀ. ਦੀ ਧਾਰਾ 153ਬੀ ਤਹਿਤ ਦਰਜ ਕੀਤੇ ਗਏ ਦੇਸ਼ਦੋ੍ਰਹ ਦੇ ਮੁਕਦਮੇ ਪਿੱਛੇ ਕਿੰਨੀ ਕੂ ਸਬੂਤ ਹਨ ਇਸਦੀ ਧੋਖ ਅਸੀਂ ਕਰ ਰਹੇ ਹਾਂ।ਇਸ ਮੌਕੇ ਸ੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਅਮਰਜੀਤ ਸਿੰਘ ਚਾਵਲਾ, ਦਿੱਲੀ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਧਰਮ ਪ੍ਰਚਾਰ ਕਮੇਟੀ ਚੇਅਰਮੈਨ ਕੁਲਮੋਹਨ ਸਿੰਘ, ਮੁਖ ਸਲਾਹਕਾਰ ਮਹਿੰਦਰਪਾਲ ਸਿੰਘ ਚੱਢਾ, ਕਾਨੂੰਨੀ ਵਿਭਾਗ ਮੁਖੀ ਜਸਵਿੰਦਰ ਸਿੰਘ ਜੌਲੀ, ਦਿੱਲੀ ਕਮੇਟੀ ਮੈਂਬਰ ਪਰਮਜੀਤ ਸਿੰਘ ਚੰਢੋਕ, ਹਰਜੀਤ ਸਿੰਘ ਜੀ.ਕੇ ਅਤੇ ਨੌਜਵਾਨ ਆਗੂ ਸਿਮਰਤ ਸਿੰਘ ਸਾਹਨੀ ਮੌਜੂਦ ਸਨ।
ਦਰਅਸਲ ਹਰਿਦੁਆਰ ਪੁਲਿਸ ਨੇ ਬਿਨਾਂ ਮਨਜੂਰੀ ਹਰਿ ਕੀ ਪੌੜੀ ’ਤੇ ਪਾਠ ਕਰ ਰਹੇ 25 ਸਿੱਖਾਂ ਨੂੰ ਗ੍ਰਿਫਤਾਰ ਕੀਤਾ ਸੀ ਜਿਸ ਵਿਚੋਂ 24 ਨੂੰ ਸਥਾਨਕ ਅਦਾਲਤ ਨੇ ਜਮਾਨਤ ਦਿੰਦੇ ਹੋਏ ਦੇਸ਼ਦੋ੍ਰਹ ਦੇ ਆਰੋਪ ਵਿਚ ਨਾਮਜ਼ੱਦ ਹੋਏ ਜੋਗਾ ਸਿੰਘ ਨੂੰ ਜਮਾਨਤ ਦੇਣ ਤੋਂ 15 ਮਈ ਨੂੰ ਇਨਕਾਰ ਕਰ ਦਿੱਤਾ ਸੀ।ਐਫ.ਆਈ.ਆਰ ਅਨੁਸਾਰ ਜੋਗਾ ਸਿੰਘ ਨੇ ਹਿੰਦੂਸਤਾਨ ਮੁਰਦਾਬਾਦ ਅਤੇ ਨਰਿੰਦਰ ਮੋਦੀ ਮੁਰਦਾਬਾਦ ਦਾ ਕਈ ਵਾਰ ਨਾਰਾ ਲਗਾਇਆ ਹੈ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media