ਕਿਹਾ ਇਨਸਾਫ਼ ਨਾ ਮਿਲਿਆ ਤਾਂ ਆਵਾਂਗੇ ਸੜਕਾਂ ’ਤੇ
ਅੰਮ੍ਰਿਤਸਰ, 20 ਮਈ (ਪੰਜਾਬ ਪੋਸਟ ਬਿਊਰੋ) –
ਹਲਕਾ ਮਜੀਠਾ ਦੇ ਵਿਧਾਇਕ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਉਹ ਲੋਕਾਂ ਵੱਲੋਂ ਸੌਂਪੀ ਜ਼ਿੰਮੇਵਾਰੀ ਤੋਂ ਪਿਛਾਂਹ ਨਾ ਹਟ ਕੇ ਸੱਚਾਈ ਅਤੇ ਦਬੇ ਕੁਚਲੇ ਦਲਿਤ ਭਾਈਚਾਰੇ ਦੇ ਹੱਕ ਵਿਚ ਆਵਾਜ਼ ਉਠਾਉਂਦੇ ਰਹਿਣਗੇ, ਭਾਵੇਂ ਇਸ ਲਈ ਕਾਂਗਰਸੀ ਉਹਨਾਂ ਨੂੰ ਗੋਲੀ ਹੀ ਕਿਉਂ ਨਾ ਮਾਰ ਦੇਣ ।
ਮਜੀਠੀਆ ਜਥੇਦਾਰ ਗੁਲਜ਼ਾਰ ਸਿੰਘ ਰਣੀਕੇ ਨਾਲ ਅੱਜ ਮਜੀਠਾ ਵਿਖੇ ਇਕ ਨਿੱਜੀ ਪੈਲਸ ਵਿਖੇ ਪੰਜਾਬ ਪੁਲਿਸ ਵਲੋਂ ਬੀਟ ਸਿਸਟਮ ਤਹਿਤ ਕਰਾਈ ਜਾ ਰਹੀ ਪੁਲਿਸ ਪਬਲਿਕ ਸੰਪਰਕ ਮੁਹਿੰਮ ਦੀ ਅਗਵਾਈ ਕਰ ਰਹੇ ਅਮਨ ਕਾਨੂੰਨ ਦੇ ਏ.ਡੀ.ਜੀ.ਪੀ ਰੋਹਿਤ ਚੌਧਰੀ ਨਾਲ ਮੁਲਾਕਾਤ ਕਰਨ ਪਹੁੰਚੇ ਅਤੇ ਉਹਨਾਂ ਨੂੰ ਹਲਕਾ ਮਜੀਠਾ ਵਿਖੇ ਕਾਂਗਰਸੀ ਆਗੂਆਂ ਵੱਲੋਂ ਵਿਗਾੜੀ ਜਾ ਰਹੀ ਅਮਨ ਕਾਨੂੰਨ ਦੀ ਸਥਿਤੀ ਤੋਂ ਜਾਣੂ ਕਰਾਉਂਦਿਆਂ ਦਲਿਤ ਪਰਿਵਾਰ ਪ੍ਰਤੀ ਇਨਸਾਫ਼ ਦੀ ਮੰਗ ਕੀਤੀ।ਮਜੀਠੀਆ ਨੇ ਦਲਿਤਾਂ ਨਾਲ ਹੋ ਰਹੀਆਂ ਵਧੀਕੀਆਂ ਬਾਰੇ ਮੁੱਦਿਆਂ ਨੂੰ ਦਲੀਲਾਂ ਨਾਲ ਜ਼ੋਰਦਾਰ ਤਰੀਕੇ ਨਾਲ ਚੌਧਰੀ ਕੋਈ ਉਠਾਇਆ ।
ਇਸ ਤੋਂ ਪਹਿਲਾਂ ਅੰਮ੍ਰਿਤਸਰ ਵਿਖੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮਜੀਠੀਆ ਨੇ ਕਾਂਗਰਸੀ ਆਗੂ ਸਾਬਕਾ ਵਾਈਸ ਚੇਅਰਮੈਨ ਜਗਦੇਵ ਸਿੰਘ ਤੇ ਉਹਨਾਂ ਦੇ ਸਾਥੀਆਂ ਅਤੇ ਪੁਲੀਸ ਥਾਣਾ ਮੱਤੇਵਾਲ ਦੇ ਮੁਖੀ ਅਵਤਾਰ ਸਿੰਘ ਦੀਆਂ ਜ਼ਿਆਦਤੀਆਂ ਦੇ ਸ਼ਿਕਾਰ ਬੱਗਾ ਪਿੰਡ ਦੇ ਇਕ ਦਲਿਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦੇ ਲਈ ਪੱਤਰਕਾਰਾਂ ਦੇ ਰੂਬਰੂ ਕੀਤਾ।
ਪ੍ਰੈਸ ਕਾਨਫਰੰਸ ਮਜੀਠਾ ਵਿਖੇ ਪੁਲਿਸ ਵਲੋਂ ਉਕਤ ਬੀਟ ਸਿਸਟਮ ਸਬੰਧੀ ਰੱਖੇ ਗਏ ਸਮਾਗਮ ਵਿੱਚ ਪਹੁੰਚੇ ਮਜੀਠੀਆ ਨੇ ਸਰਕਾਰ ਵਲੋਂ ਹਲਕਾ ਇੰਚਾਰਜ ਪ੍ਰਣਾਲੀ ਖਤਮ ਕਰਨ ਦੇ ਦਾਅਵਿਆਂ ਨੂੰ ਸਬੂਤ ਸਹਿਤ ਖੋਖਲਾ ਅਤੇ ਝੂਠਾ ਸਾਬਤ ਕਰ ਵਿਖਾਉਂਦਿਆਂ ਪਿੰਡ ਬੱਗਾ ਦੀ ਦਲਿਤ ਔਰਤ ਬੀਬੀ ਸਵਿੰਦਰ ਕੌਰ ਅਤੇ ਪਰਿਵਾਰ ਨੂੰ ਪੇਸ਼ ਕਰਦਿਆਂ ਦੱਸਿਆ ਕਿ 17 ਅਪ੍ਰੈਲ ਵਾਲੇ ਦਿਨ ਬੀਬੀ ਦੇ ਪਤੀ ਕਸ਼ਮੀਰ ਸਿੰਘ ਅਤੇ ਬੇਟਾ ਜਗਰੂਪ ਸਿੰਘ ਨੂੰ ਕੁੱਝ ਕਾਂਗਰਸੀਆਂ ਨੇ ਧਮਕੀਆਂ ਦਿਤੀਆਂ ਤੇ ਪਿੰਡ ਤੋਂ ਭਜਾ ਦੇਣ ਦੇ ਡਰਾਵੇ ਦਿਤੇ। ਜਿਸ ਬਾਰੇ ਉਹਨਾਂ 181 ਨੰਬਰ ’ਤੇ ਫੋਨ ਕਰ ਕੇ ਆਪਣੀ ਸ਼ਿਕਾਇਤ ਦਰਜ ਕਰਾਈ, ਪਰ ਉਕਤ ਸ਼ਿਕਾਇਤ ਬਾਰੇ ਮਤੇਵਾਲ ਪੁਲੀਸ ਥਾਣਾ ਮੁਖੀ ਅਵਤਾਰ ਸਿੰਘ ਨੇ ਸਬੰਧਤ ਕਾਂਗਰਸੀਆਂ ਨੂੰ ਦੱਸ ਦਿਤਾ, ਜਿਸ ਨਾਲ ਕਾਂਗਰਸੀ ਆਗੂ ਜਿਨਾਂ ਵਿੱਚ ਬਲਵਿੰਦਰ ਸਿੰਘ, ਲਖਬੀਰ ਸਿੰਘ ਸਮੇਤ ਦਰਜਨਾਂ ਲੋਕਾਂ ਨੇ 29 ਅਪ੍ਰੈਲ ਨੂੰ ਦਿਨ ਦੇ ਸਾਡੇ ਗਿਆਰਾਂ ਵਜੇ ਉਹਨਾਂ ਉਤੇ ਹਮਲਾ ਕਰ ਦਿਤਾ। ਪਰਿਵਾਰਕ ਮੈਂਬਰਾਂ ਦੀ ਬੁਰੀ ਤਰਾਂ ਕੁੱਟਮਾਰ ਕੀਤੀ, ਮੋਟਰ ਸਾਈਕਲ ਦੀ ਭੰਨ ਤੋੜ ਕੀਤੀ ਬੀਬੀ ਜੀ ਦੇ ਕੱਪੜੇ ਪਾੜ ਦਿੱਤੇ, ਇਥੋਂ ਤਕ ਕਿ ਨੌਜਵਾਨ ਲੜਕੀ ਤਕ ਨੂੰ ਵੀ ਨਹੀਂ ਬਖਸ਼ਿਆ। ਥਾਣੇ ਗਿਆ ਤਾਂ ਉਥੇ ਵੀ ਕੋਈ ਸੁਣਵਾਈ ਨਹੀਂ ਹੋਈ, ਨਾ ਹੀ ਉਹਨਾਂ ਦੀ ਐਮ.ਐਲ.ਆਰ ਕੱਟੀ ਗਈ ਸਗੋਂ ਉਲਟਾ ਉਹਨਾਂ ਦੇ ਪੁੱਤਰ ’ਤੇ 326 ਦਾ ਕੇਸ ਦਰਜ ਕਰ ਦਿੱਤਾ।ਇਸ ਉਪਰੰਤ 15 ਮਈ ਨੂੰ ਜਦ ਉਹ ਤੇ ਉਸ ਦਾ ਪਤੀ ਖੇਤਾਂ ਵਿਚ ਕੰਮ ਕਰ ਰਹੇ ਸਨ ਤਾਂ ਜਸਬੀਰ ਸਿੰਘ ਜੋਬਨ, ਘੱਗੂ ਆਦਿ ਨੇ ਫਿਰ ਉਸ ਦੇ ਪਤੀ ਕਸ਼ਮੀਰ ਸਿੰਘ ਦੀਆਂ ਬਾਹਾਂ ਪਿਛਾਂਹ ਨੂੰ ਬੰਨ ਕੇ ਅਤੇ ਨਿਰਵਸਤਰ ਕਰਕੇ ਜਾਤੀ ਸੂਚਕ ਸ਼ਬਦ ਕਹੇ। ਜਿਸ ਬਾਰੇ ਉਹਨਾਂ ਵੀਡੀਉ ਵੀ ਬਣਾਈ ਅਤੇ ਤਸਵੀਰਾਂ ਖਿੱਚ ਕੇ ਲਲਕਾਰਦਿਆਂ ਸੋਸ਼ਲ ਮੀਡੀਆ ’ਤੇ ਵਾਇਰਲ ਵੀ ਕੀਤੇ। ਮੋਹਤਬਰਾਂ ਨਾਲ ਥਾਣੇ ਗਏ ਤਾਂ ਵੀ ਕੋਈ ਸੁਣਵਾਈ ਨਹੀਂ ਹੋਈ। ਉਹ ਆਪਣੇ ਪਤੀ ਨੂੰ ਲੱਭਦੀ ਰਹੀ, ਪਰ ਬਾਅਦ ਵਿਚ ਪਤਾ ਚੱਲਿਆ ਕਿ ਉਸ ਦਾ ਪਤੀ ਕਸ਼ਮੀਰ ਸਿੰਘ ਤਿੰਨ ਦਿਨ ਤੋਂ ਨਾਜਾਇਜ਼ ਹਿਰਾਸਤ ਵਿੱਚ ਰੱਖਿਆ ਹੋਇਆ ਹੈ ਅਤੇ ਮਾਰਕੁਟਾਈ ਕੀਤੀ ਜਾ ਰਹੀ ਹੈ, ਜਿਸ ਦੀ ਤਬੀਅਤ ਖਰਾਬ ਹੋਣ ਨਾਲ ਉਸ ਨੂੰ ਉਨਾਂ ਦੇ ਹਵਾਲੇ ਕੀਤਾ ਗਿਆ।
ਮਜੀਠੀਆ ਨੇ ਕਿਹਾ ਕਿ ਮਜੀਠਾ ਖੇਤਰ ਵਿੱਚ ਥਾਣਾ ਮੁਖੀ ਨਿਯਮਾਂ ਨੂੰ ਅੱਖੋਂ ਪਰੋਖੇ ਰਖ ਕੇ ਨਿਯੁੱਕਤ ਕਰਦਿਆਂ ਪੁਲੀਸ ਐਕਟ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਉਹਨਾਂ ਦੱਸਿਆ ਕਿ ਪੰਜਾਬ ਪੁਲੀਸ ਐਕਟ 2007 (ਸੈਕਸ਼ਨ 13, ਸਬ ਸੈਕਸ਼ਨ 2) ਅਨੁਸਾਰ ਦੀ ਸ਼ਰਤ ਇੰਸਪੈਕਟਰ ਜਾਂ ਸਭ ਇੰਸਪੈਕਟਰ ਹੈ, ਪਰ ਥਾਣਾ ਮੱਤੇਵਾਲ ਦੇ ਐਸ.ਐਚ.ਓ ਅਵਤਾਰ ਸਿੰਘ ਅਤੇ ਥਾਣਾ ਮਜੀਠਾ ਦੇ ਐਸ.ਐਚ.ਓ ਸੁਬੇਗ ਸਿੰਘ ਏ.ਐਸ.ਆਈ ਹਨ।ਜੋ ਹਲਕੇ ਵਿੱਚ ਹਲਕਾ ਇੰਚਾਰਜ ਪ੍ਰਣਾਲੀ ਲਾਗੂ ਹੋਣ ਦਾ ਸਬੂਤ ਹੈ।
ਮਜੀਠੀਆ ਨੇ ਕਿਹਾ ਕਿ ਦਲਿਤਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਦਾ ਢੌਂਗ ਰਚਣ ਵਾਲੇ ਕਾਂਗਰਸੀ ਵਿਧਾਇਕ ਤੇ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਦੀ ਉਕਤ ਮੁੱਦੇ ਪ੍ਰਤੀ ਚੁੱਪੀ ’ਤੇ ਉਨਾਂ ਨੂੰ ਹੈਰਾਨੀ ਹੈ। ਮਜੀਠੀਆ ਨੇ ਉਕਤ ਮੁਦਿਆਂ ਪ੍ਰਤੀ ਸਰਕਾਰ ਨੂੰ ਇੱਕ ਹਫ਼ਤੇ ਦਾ ਅਲਟੀਮੇਟਮ ਦਿੰਦਿਆਂ ਕਿਹਾ ਕਿ ਉਹ ਅਤੇ ਸ਼੍ਰੋਮਣੀ ਅਕਾਲੀ ਦਲ ਦਲਿਤ ਭਾਈਚਾਰੇ ’ਤੇ ਹੋ ਰਹੇ ਅੱਤਿਆਚਾਰ ਨੂੰ ਬਰਦਾਸ਼ਤ ਨਹੀਂ ਕਰੇਗਾ।ਇਨਸਾਫ਼ ਲਈ ਉਹ ਅਦਾਲਤਾਂ ਦੇ ਦਰਵਾਜੇ ਖੜਕਾਉਣ ਤੋਂ ਇਲਾਵਾ ਲੋੜ ਪੈਣ ’ਤੇ ਸੜਕਾਂ ਉਤੇ ਵੀ ਨਿਕਲਣ ਤੋਂ ਗੁਰੇਜ਼ ਨਹੀਂ ਕਰਨਗੇ।
ਉਧਰ ਇਸ ਮਾਮਲੇ ਬਾਰੇ ਉਘੇ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਲਾਲੀ ਮਜੀਠੀਆ ਨੇ ਕਿਹਾ ਕਨੂੰਨ ਆਪਣਾ ਕੰਮ ਕਰੇਗਾ।ਦਲਿਤਾਂ ਦੇ ਮੁੱਦੇ `ਤੇ ਚੁੱਪ ਵੱਟਣ ਦੇ ਮਜੀਠੀਆ ਵਲੋਂ ਲਾਏ ਦੋਸ਼ਾਂ `ਤੇ ਪਲਟਵਾਰ ਕਰਦਿਆਂ ਵਿਧਾਇਕ ਡਾ. ਰਾਜ ਕੁਮਾਰ ਨੇ ਕਿਹਾ ਕਿ ਮੰਤਰੀ ਹੁੰਦਿਆਂ ਦਲਿਤਾਂ ਨਾਲ ਧੱਕਾ ਕਰਨ ਵਾਲੇ ਮਜੀਠੀਆ ਦੇ ਮੂਹੋਂ ਦਲਿਤਾਂ ਦੇ ਹੱਕ ਵਿੱਚ ਦਿਖਾਇਆ ਜਾ ਰਿਹਾ ਮੋਹ ਉਨਾਂ ਨੂੰ ਸ਼ੋਭਾ ਨਹੀਂ ਦਿੰਦਾ।
Check Also
ਵਪਾਰੀਆਂ ਦੀਆਂ ਨਾਗਰਿਕ ਸਮੱਸਿਆਵਾਂ ਦੇ ਨਿਪਟਾਰੇ ਲਈ ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਦੀ ਮੀਟਿੰਗ
ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵਲੋਂ ਸ਼ਹਿਰ ਦੇ ਵਪਾਰੀਆਂ ਨੂੰ ਦਰਪੇਸ਼ …
Punjab Post Daily Online Newspaper & Print Media