ਮਜੀਠਾ, 20 ਮਈ (ਪੰਜਾਬ ਪੋਸਟ ਬਿਊਰੋ) –
ਮਜੀਠਾ ਵਿਖੇ ਪੁਲਿਸ ਵਲੋਂ ਨਸ਼ਿਆਂ ਖਿਲਾਫ ਰੱਖੀ ਗਈ ਮੀਟਿੰਗ ਵਿੱਚ ਪੁੱਜੇ ਹਲਕਾ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਉਸ ਵੇਲੇ ਲੋਕਾਂ ਦੇ ਰੋਹ ਦਾ ਸ਼ਿਕਾਰ ਹੋਣਾ ਪਿਆ, ਜਦ ਉਹਨਾਂ ਦੀ ਆਮਦ ਤੋਂ ਨਰਾਜ਼ ਲੋਕ ਹਾਲ ਵਿਚੋਂ ਉਠ ਕੇ ਮਜੀਠੀਆ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਬਾਹਰ ਚਲੇ ਗਏ।
ਇਸੇ ਦੌਰਾਨ ਬਿਕਰਮ ਮਜੀਠੀਆ ਨੇ ਏ.ਡੀ.ਜੀ.ਪੀ ਰੋਹਿਤ ਚੌਧਰੀ ਨਾਲ ਅਕਾਲੀ ਵਰਕਰਾਂ ਤੇ ਹੋ ਰਹੀਆਂ ਵਧੀਕੀਆਂ ਬਾਰੇ ਗੱਲ ਕੀਤੀ ਅਤੇ ਬੱਗਾ ਪਿੰਡ ਦੇ ਦਲਿਤ ਪਰਿਵਾਰ ਦੀ ਮਾਰਕੁਟਾਈ ਦਾ ਮਾਮਲਾ ਵੀ ਉਠਾਇਆ।ਇਸ ਉਪਰੰਤ ਜਦ ਬਿਕਰਮ ਸਿੰਘ ਮਜੀਠੀਆ, ਸਾਬਕਾ ਮੰਤਰੀ ਗੁਲਜਾਰ ਸਿੰਘ ਰਣੀਕੇ ਅਤੇ ਸਾਥੀਆਂ ਸਮੇਤ ਹਾਲ ਤੋਂ ਬਾਹਰ ਨਿਕਲ ਕੇ ਜਾਣ ਲੱਗੇ ਤਾਂ ਉਥੇ ਖੜੇ ਲੋਕਾਂ ਨੇ ਮੁੜ ਨਾਅਰੇਬਾਜੀ ਕਰਦਿਆਂ ਉਹਨਾਂ ਦੇ ਵਾਹਣ ਤੇ ਚੱਪਲਾਂ ਤੇ ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ।ਪੁਲਿਸ ਮੁਲਾਜਮਾਂ ਨੇ ਭਾਰੀ ਜੱਦਜਹਿਦ ਤੇ ਮੁਸ਼ਕਲ ਨਾਲ ਮਜੀਠੀਆ ਦਾ ਕਾਫਲਾ ਭੀੜ ਤੋਂ ਬਚਾਅ ਕੇ ਰਵਾਨਾ ਕੀਤਾ।
ਇਸ ਸਮੇਂ ਮਜੀਠੀਆ ਨੇ ਦੋਸ਼ ਲਾਉਂਦਿਆਂ ਕਿਹਾ ਕਿ ਪੁਲਿਸ ਪਬਲਿਕ ਮੀਟਿੰਗ ਵਿੱਚ ਹਲਕਾ ਵਿਧਾਇਕ ਅਤੇ ਪੰਚਾਂ-ਸਰਪੰਚਾਂ ਨੂੰ ਸੱਦਾ ਨਹੀਂ ਦਿੱਤਾ ਗਿਆ, ਜਿਸ ਕਰਕੇ ਇਹ ਕਾਂਗਰਸੀ ਸ਼ੋਅ ਸੀ। ਉਹਨਾਂ ਕਿਹਾ ਕਿ ਉਹਨਾਂ ਦੇ ਵਾਹਣ ਤੇ ਹਮਲਾ ਕਰਨ ਵਾਲੇ ਵੀ ਕਾਂਗਰਸੀ ਸਨ।ਮਜੀਠੀਆ ਦੇ ਜਾਣ ਉਪਰੰਤ ਪੁਲਿਸ ਪਬਲਿਕ ਮੀਟਿੰਗ ਚੱਲਦੀ ਰਹੀ, ਜਿਸ ਵਿਚ ਸੁਖਜਿੰਦਰ ਸਿੰਘ ਲਾਲੀ ਮਜੀਠੀਆ ਵੀ ਪਹੁੰਚੇ।ਉਹਨਾਂ ਕਿਹਾ ਕਿ ਮੀਟਿੰਗ ਵਿੱਚ ਸਥਾਨਕ ਲੋਕ ਸਨ ਅਤੇ ਕਾਂਗਰਸੀਆਂ ‘ਤੇ ਲਾਏ ਜਾ ਰਹੇ ਇਲਜਾਮ ਝੂਠੇ ਹਨ।
Check Also
ਅੰਮ੍ਰਿਤਸਰ ਜਿਲ੍ਹੇ ਦੇ ਸਮੂਹ ਕਾਲਜਾਂ ਵਿੱਚ ਨੌਜਵਾਨਾਂ ਦੀ ਵੋਟਰ ਰਜਿਸਟ੍ਰੇਸ਼ਨ ਲਈ ਲਗਾਏ ਜਾ ਰਹੇ ਹਨ ਵਿਸ਼ੇਸ਼ ਕੈਂਪ
9 ਸਤੰਬਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਵੇਗਾ ਵਿਸ਼ੇਸ਼ ਮੈਗਾ ਈਵੈਂਟ ਅੰਮ੍ਰਿਤਸਰ, 7 …
Punjab Post Daily Online Newspaper & Print Media