ਪੰਥ ਵਿਰੋਧੀ ਆਗੂੂਸਨ ਨਿਸ਼ਾਨੇ ’ਤੇ ਵੱਡੀ ਮਾਤਰਾ ਵਿੱਚ ਹਥਿਆਰ ਅਤੇ ਗੋਲੀ- ਸਿੱਕਾ ਬਰਾਮਦ
ਚੰਡੀਗੜ, 21 ਮਈ (ਪੰਜਾਬ ਪੋਸਟ ਬਿਊਰੋ) – ਬੀ.ਐਸ.ਐਫ ਅਤੇ ਪੰਜਾਬ ਪੁਲੀਸ ਨੇ ਐਤਵਾਰ ਨੂੰ ਇਕ ਸਾਂਝੀ ਕਾਰਵਾਈ ਵਿੱਚ ਕੈਨੇਡਾ ਅਤੇ ਪਾਕਿਸਤਾਨ ਨਾਲ ਸੰਪਰਕ ਵਾਲੇ ਇਕ ਅਤਿਵਾਦੀ ਗਿਰੋਹ ਦਾ ਸਫਾਇਆ ਕਰਦਿਆਂ ਦੋ ਅਤਿਵਾਦੀਆਂ ਨੂੰ ਗਿ੍ਰਫਤਾਰ ਕੀਤਾ ਹੈ ਜੋ ‘ਪੰਥ ਦੇ ਦੁਸ਼ਮਣਾਂ’ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਘੜ ਰਹੇ ਸਨ।
ਇਸ ਦੌਰਾਨ ਸੁਰੱਖਿਆ ਬਲਾਂ ਨੇ ਵੱਡੀ ਮਾਤਰਾ ਵਿੱਚ ਹਥਿਆਰ ਤੇ ਗੋਲੀ-ਸਿੱਕਾ ਵੀ ਬਰਾਮਦ ਕੀਤਾ ਹੈ ਜਿਨਾਂ ਵਿੱਚ ਇਕ ਏ.ਕੇ. ਸੰਤਾਲੀ ਰਾਈਫਲ, ਪੰਜ ਹੈਂਡ ਗ੍ਰਨੇਡ, ਇਕ ਐਮ.ਐਮ. ਪਿਸਤੌਲ, ਪੰਜ ਪਿਸਤੌਲ ਅਤੇ ਵੱਖ-ਵੱਖ ਹਥਿਆਰਾਂ ਦੇ 450 ਜਿੰਦਾ ਕਾਰਤੂਸ ਸ਼ਾਮਲ ਹਨ।ਇਨਾਂ ਅਤਿਵਾਦੀਆਂ ਨੂੰ ਭਾਰਤ-ਪਾਕਿ ਸਰਹੱਦੀ ਇਲਾਕੇ ਤੋਂ ਉਸ ਵੇਲੇ ਗਿ੍ਰਫਤਾਰ ਕੀਤਾ ਗਿਆ ਜਦੋਂ ਉਹ ਪਾਕਿਸਤਾਨ ਵਾਲੇ ਪਾਸਿਓਂ ਭਾਰਤ ਵਿੱਚ ਭੇਜੇ ਗਏ ਹਥਿਆਰ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।
ਗਿ੍ਰਫਤਾਰ ਕੀਤੇ ਗਏ ਅਤਿਵਾਦੀਆਂ ਦੀ ਸ਼ਨਾਖ਼ਤ ਗੁਰਦਾਸਪੁਰ ਜ਼ਿਲੇ ਦੇ ਸ੍ਰੀ ਹਰਗੋਬਿੰਦਪੁਰ ਦੇ 40 ਸਾਲਾ ਮਾਨ ਸਿੰਘ ਅਤੇ ਜਲੰਧਰ ਜ਼ਿਲੇ ਦੇ ਕਰਤਾਰਪੁਰ ਦੇ 28 ਵਰਿਆਂ ਦੇ ਸ਼ੇਰ ਸਿੰਘ ਵਜੋਂ ਹੋਈ ਹੈ।ਮੁੱਢਲੀ ਪੁੱਛਗਿੱਛ ਦੌਰਾਨ ਅਤਿਵਾਦੀਆਂ ਨੇ ਇਹ ਖੁਲਾਸਾ ਕੀਤਾ ਕਿ ਕੈਨੇਡਾ ਦੇ ਓਂਟਾਰੀਓ ਅਧਾਰਿਤ ਇਕ ਗਰਮਖਿਆਲੀ ਸਿੱਖ ਗੁਰਜੀਵਨ ਸਿੰਘ ਦੀ ਨਿਰਧਾਰਤ ਯੋਜਨਾ ਤਹਿਤ ਅਤਿਵਾਦੀ ਗਰੋਹ ਬਣਾਇਆ ਗਿਆ।ਗੁਰਜੀਵਨ ਸਿੰਘ ਪਿਛਲੇ 6 ਮਹੀਨਿਆਂ ਦੌਰਾਨ ਦੋ ਵਾਰ ਪੰਜਾਬ ਆਇਆ ਅਤੇ ਉਸ ਨੇ ਪਾਕਿਸਤਾਨ ਵਿੱਚ ਆਪਣੇ ਖਾਲਿਸਤਾਨੀ ਸੰਪਰਕਾਂ ਰਾਹੀਂ ਇਸ ਕਾਰਵਾਈ ਲਈ ਹਥਿਆਰ ਅਤੇ ਗੋਲੀ-ਸਿੱਕੇ ਦਾ ਬੰਦੋਬਸਤ ਕੀਤਾ।
ਇਨਾਂ ਦੋਵਾਂ ਅਤਿਵਾਦੀਆਂ ਨੇ ਇਹ ਵੀ ਦੱਸਿਆ ਕਿ ਗੁਰਜੀਵਨ ਸਿੰਘ ਪਿਛਲੇ ਦੋ ਸਾਲਾਂ ਤੋਂ ਉਨਾਂ ਦੇ ਸੰਪਰਕ ਵਿੱਚ ਸੀ ਅਤੇ ਉਸ ਨੇ ਪੰਜਾਬ ਵਿੱਚ ਅਤਿਵਾਦੀ ਹਮਲੇ ਕਰਨ ਲਈ ਉਨਾਂ ਨੂੰ ਪ੍ਰੇਰਿਤ ਕੀਤਾ ਸੀ।ਉਨਾਂ ਨੇ ਇਹ ਵੀ ਪ੍ਰਗਟਾਵਾ ਕੀਤਾ ਕਿ ਗੁਰਜੀਵਨ ਸਿੰਘ ਨੇ ਪੰਜਾਬ ਦੇ ਪਿਛਲੇ ਦੋ ਦੌਰਿਆਂ ਦੌਰਾਨ ਉਨਾਂ ਨੂੰ ਏ.ਕੇ-47 ਰਾਈਫਲਾਂ ਸਮੇਤ ਹਥਿਆਰਾਂ ਨੂੰ ਚਲਾਉਣ ਬਾਰੇ ਸਿਖਲਾਈ ਦਿੱਤੀ। ਦੋਵਾਂ ਅਤਿਵਾਦੀਆਂ ਨੇ ਪੁੱਛ ਪੜਤਾਲ ਦੌਰਾਨ ਇਹ ਵੀ ਖੁਲਾਸਾ ਕੀਤਾ ਕਿ ਉਹ ਗੁਰਜੀਵਨ ਸਿੰਘ ਨਾਲ ਹਥਿਆਰਾਂ ਦੀ ਪ੍ਰਾਪਤੀ ਲਈ ਉਤਰ ਪ੍ਰਦੇਸ਼ ਵੀ ਗਏ ਸਨ, ਪਰ ਇਸ ਕੰਮ ਵਿੱਚ ਅਸਫਲ ਰਹੇ।ਇਸ ਤੋਂ ਬਾਅਦ ਗੁਰਜੀਵਨ ਸਿੰਘ ਨੇ ਪਾਕਿਸਤਾਨ ਵਿੱਚ ਆਪਣੇ ਖਾਲਿਸਤਾਨੀ ਸੰਪਰਕਾਂ ਅਤੇ ਆਈ.ਐਸ.ਆਈ ਅਕਾਵਾਂ ਰਾਹੀਂ ਉਨਾਂ ਲਈ ਹਥਿਆਰ ਅਤੇ ਗੋਲੀ-ਸਿੱਕੇ ਦਾ ਪ੍ਰਬੰਧ ਕਰਨ ਦਾ ਵਾਅਦਾ ਕੀਤਾ ਸੀ।
ਪੁੱਛ ਪੜਤਾਲ ਦੌਰਾਨ ਮਾਨ ਸਿੰਘ ਨੇ ਮੰਨਿਆ ਕਿ ਉਹ ਕਈ ਵਾਰੀ ਪਾਕਿਸਤਾਨ ਗਿਆ ਅਤੇ ਉਥੋਂ ਦੇ ਕੁੱਝ ਖਾਲਿਸਤਾਨੀ ਕਾਰਕੁੰਨਾਂ ਨਾਲ ਸੰਪਰਕ ਵਿੱਚ ਸੀ।ਪੰਜਾਬ ਪੁਲੀਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਕਾਰਵਾਈ ਦੌਰਾਨ ਹਥਿਆਰ ਤੇ ਗੋਲੀ-ਸਿੱਕਾ ਭਾਰਤ-ਪਾਕਿ ਸਰਹੱਦ ਨੇੜੇ ਦੱਬਿਆ ਹੋਇਆ ਮਿਲਿਆ ਅਤੇ ਸ਼ੱਕੀ ਉਸ ਨੂੰ ਹਾਸਲ ਕਰਨ ਲਈ ਕੋਸ਼ਿਸ਼ ਕਰ ਰਹੇ ਸਨ।ਦੋਵੇਂ ਅਤਿਵਾਦੀ ਐਤਵਾਰ ਦੀ ਸਵੇਰ ਨੂੰ ਉਸ ਸਰਹੱਦੀ ਇਲਾਕੇ ਵਿੱਚ ਪਹੁੰਚੇ, ਪਰ ਉਨਾਂ ਨੂੰ ਹਥਿਆਰ ਦੱਬੇ ਹੋਣ ਵਾਲੀ ਥਾਂ ਲੱਭਣ ਦੀ ਕੋਸ਼ਿਸ਼ ਕਰਦਿਆਂ ਬੀ.ਐਸ.ਐਫ ਨੇ ਕਾਬੂ ਕਰ ਲਿਆ।
ਹਥਿਆਰਾਂ ਦੀ ਪ੍ਰਾਪਤ ਹੋਈ ਇਸ ਖੇਪ ਵਿੱਚ ਪੰਜ 7.62 ਐਮ.ਐਮ ਪਿਸਤੌਲ, ਉਨਾਂ ਦੇ 9 ਮੈਗਜ਼ੀਨ ਅਤੇ 205 ਜਿੰਦਾ ਕਾਰਤੂਸ, ਦੋ ਮੈਗਜ਼ੀਨਾਂ ਤੇ 77 ਜਿੰਦਾ ਕਾਰਤੂਸਾਂ ਦੇ ਨਾਲ ਇਕ 9 ਐਮ.ਐਮ ਪਿਸਤੌਲ, ਤਿੰਨ ਮੈਗਜ਼ੀਨਾਂ ਅਤੇ 157 ਜਿੰਦਾ ਕਾਰਤੂਸਾਂ ਦੇ ਨਾਲ ਇਕ ਏ.ਕੇ 47 ਰਾਈਫਲ, ਦੋ ਮੈਗਜ਼ੀਨਾਂ ਦੇ ਨਾਲ ਇਕ ਐਮ.ਪੀ 9 ਰਾਈਫਲ, ਪੰਜ ਹੈਂਡ ਗ੍ਰਨੇਡ, 39 ਕਾਰਤੂਸਾਂ ਦੇ ਨਾਲ ਇਕ 32 ਬੋਰ ਰਿਵਾਲਵਰ, ਇਕ ਮੈਗਜ਼ੀਨ ਅਤੇ 17 ਜਿੰਦਾ ਕਾਰਤੂਸਾਂ ਦੇ ਨਾਲ ਇਕ 315 ਬੋਰ ਰਾਈਫਲ ਸ਼ਾਮਲ ਹਨ।
ਇਨਾਂ ਗਿ੍ਰਫਤਾਰ ਕੀਤੇ ਗਏ ਵਿਅਕਤੀਆਂ ਪਾਸੋਂ ਹੋਰ ਪੁੱਛ ਪੜਤਾਲ ਜਾਰੀ ਹੈ ਅਤੇ ਗੁਰਜੀਵਨ ਸਿੰਘ ਦੇ ਦੌਰਿਆਂ ਸਬੰਧੀ ਇਮੀਗ੍ਰੇਸ਼ਨ ਰਿਕਾਰਡ ਪ੍ਰਾਪਤ ਕੀਤਾ ਜਾ ਰਿਹਾ ਹੈ।
Check Also
ਬਜ਼ੁੱਰਗਾਂ ਅਤੇ ਲੋੜਵੰਦ ਨਾਗਰਿਕਾਂ ਦੀ ਸਮਾਜਿਕ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ 1583 ਕਰੋੜ ਜਾਰੀ – ਵਿਧਾਇਕਾ ਜੀਵਨਜੋਤ ਕੌਰ
ਅੰਮ੍ਰਿਤਸਰ, 3 ਜੁਲਾਈ (ਜਗਦੀਪ ਸਿੰਘ) – ਪੰਜਾਬ ਭਰ ਦੇ ਹਜ਼ਾਰਾਂ ਬਜ਼ੁਰਗ ਨਾਗਰਿਕਾਂ ਅਤੇ ਲੋੜਵੰਦ ਪਰਿਵਾਰਾਂ …
Punjab Post Daily Online Newspaper & Print Media