Friday, March 27, 2026

ਗੁ. ਗਿਆਨ ਗੋਦੜੀ ਸਾਹਿਬ ਦੇ ਮਸਲੇ ਸਬੰਧੀ ਪੰਥਕ ਆਗੂਆਂ ’ਤੇ ਅਧਾਰਿਤ ਬਣੇਗੀ – ਜਥੇਦਾਰ

ਅੰਮ੍ਰਿਤਸਰ, 24 ਮਈ (ਪੰਜਾਬ ਪੋਸਟ ਬਿਊਰੋ) – PPN2405201713ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਹਰਿ ਕੀ ਪੌੜੀ, ਹਰਿਦੁਆਰ ਦੀ ਮੁੜ ਸਥਾਪਨਾ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਜਥੇਬੰਦੀਆਂ, ਨਿਹੰਗ ਸਿੰਘ ਦਲਾਂ, ਸਿੰਘ ਸਭਾਵਾਂ, ਸਭਾ ਸੁਸਾਇਟੀਆਂ, ਦਮਦਮੀ ਟਕਸਾਲ, ਨਿਰਮਲੇ, ਸੇਵਾ ਪੰਥੀ ਅਤੇ ਉਦਾਸੀ ਸੰਪਰਦਾਵਾਂ ਦੇ ਨੁਮਾਇੰਦਿਆਂ ਦੀ ਅੱਜ ਤੇਜਾ ਸਿੰਘ ਸਮੁੰਦਰੀ ਹਾਲ, ਸ੍ਰੀ ਅੰਮ੍ਰਿਤਸਰ ਵਿਖੇ ਹੋਈ ਅਹਿਮ ਇਕੱਤਰਤਾ ਹੋਈ, ਜਿਸ ਵਿਚ ਵੱਖ-ਵੱਖ ਬੁਲਾਰਿਆਂ ਨੇ ਇਕ ਅਵਾਜ਼ ਵਿਚ ਮਸਲੇ ਦੇ ਹੱਲ ਲਈ ਕੌਮੀ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਹੋਈ ਇਸ ਇਕੱਤਰਤਾ ਦੀ ਆਰੰਭਤਾ ਲਈ ਭਾਈ ਰਾਜਦੀਪ ਸਿੰਘ ਨੇ ਅਰਦਾਸ ਕੀਤੀ ਜਦਕਿ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਪਾਵਨ ਹੁਕਮਨਾਮਾ ਲਿਆ।
ਇਸ ਮੌਕੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਮੁੜ ਸਥਾਪਨਾ ਲਈ ਅੱਜ ਇਕੱਤਰਤਾ ਵਿਚ ਵੱਖ-ਵੱਖ ਜਥੇਬੰਦੀਆਂ ਦੇ ਮੁਖੀਆਂ ਵੱਲੋਂ ਆਏ ਸੁਝਾਵਾਂ ’ਤੇ ਉਨ੍ਹਾਂ ਇਕ ਕਮੇਟੀ ਬਣਾਉਣ ਦਾ ਐਲਾਨ ਕਰਦਿਆਂ ਕਿਹਾ ਕਿ ਇਸ ਸਬੰਧੀ ਅਗਲੇ ਦਿਨਾਂ ਵਿਚ ਪੰਜ ਸਿੰਘ ਸਾਹਿਬਾਨ ਦੀ ਵਿਸ਼ੇਸ਼ ਇਕੱਤਰਤਾ ਸੱਦੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜੀਤ ਸਿੰਘ ਜੀ.ਕੇ ਅਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਦੀ ਸਹਿਮਤੀ ਨਾਲ ਬਣਾਈ ਜਾਣ ਵਾਲੀ ਇਹ ਕਮੇਟੀ ਸਬੰਧਤ ਸਰਕਾਰਾਂ ਅਤੇ ਸਥਾਨਕ ਆਗੂਆਂ ਨਾਲ ਗੱਲਬਾਤ ਕਰੇਗੀ। ਉਨ੍ਹਾਂ ਕਿਹਾ ਕਿ ਸਮੁੱਚੀ ਲਹਿਰ ਸ਼ਾਂਤਮਈ ਢੰਗ ਨਾਲ ਚਲਾਈ ਜਾਵੇਗੀ। ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਅੱਜ ਪ੍ਰਾਪਤ ਹੋਏ ਸੁਝਾਵਾਂ ਨੂੰ ਵੀ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿਚ ਗੰਭੀਰਤਾ ਨਾਲ ਵਿਚਾਰਿਆ ਜਾਵੇਗਾ। ਉਨ੍ਹਾਂ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਨੂੰ ਸਿੱਖਾਂ ਦਾ ਮੁਬਾਰਕ ਅਸਥਾਨ ਦੱਸਦਿਆਂ ਕਿਹਾ ਕਿ ਜਿਥੇ-ਜਿਥੇ ਵੀ ਗੁਰੂ ਸਾਹਿਬਾਨ ਨੇ ਚਰਨ ਪਾਏ ਹਨ, ਉਨ੍ਹਾਂ ਥਾਵਾਂ ਪੂਜਣਯੋਗ ਹਨ। ਇਸੇ ਲਈ ਇਸ ਅਸਥਾਨ ਨਾਲ ਸਿੱਖਾਂ ਦੀਆਂ ਦਿਲੀ ਭਾਵਨਾਵਾਂ ਜੁੜੀਆਂ ਹੋਈਆਂ ਹਨ ਅਤੇ ਉਹ ਚਾਹੁੰਦੇ ਹਨ ਕਿ ਇਸ ਦੀ ਮੁੜ ਸਥਾਪਨਾ ਉਸੇ ਹੀ ਜਗ੍ਹਾ ’ਤੇ  ਕੀਤੀ ਜਾਵੇ ਨਾ ਹੀ ਕਿਸੇ ਹੋਰ ਜਗ੍ਹਾ ’ਤੇ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਦੀ ਜ਼ਮੀਰ ਦੀ ਆਜ਼ਾਦੀ ਲਈ ਸੰਸਾਰ ਯਾਤਰਾਵਾਂ ਕੀਤੀਆਂ ਅਤੇ ਇਸੇ ਤਹਿਤ ਹੀ ਉਹ ਹਰਿਦੁਆਰ ਵੀ ਗਏ, ਜਿਸ ਦੀ ਯਾਦ ਵਿਚ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਸਥਾਪਤ ਸੀ।ਪ੍ਰੋ. ਬਡੂੰਗਰ ਨੇ ਆਖਿਆ ਕਿ ਸ਼੍ਰੋਮਣੀ ਕਮੇਟੀ ਸਿੱਖ ਕੌਮ ਦੀ ਨੁਮਾਇੰਦਾ ਸੰਸਥਾ ਹੈ ਅਤੇ ਮਸਲੇ ਦੇ ਹੱਲ ਤੱਕ ਸੰਘਰਸ਼ਸ਼ੀਲ ਰਹੇਗੀ। ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਆਪਣਾ ਸੰਵਿਧਾਨਕ ਅਧਿਕਾਰ ਵਰਤਦਿਆਂ ਇਸ ਧਾਰਮਿਕ ਮਸਲੇ ਜਲਦ ਹੱਲ ਕਰਨ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜੀਤ ਸਿੰਘ ਜੀ.ਕੇ ਨੇ ਕਿਹਾ ਕਿ ਗੁਰਦੁਆਰਾ ਗਿਆਨ ਗੋਦੜੀ ਸਾਹਿਬ 1978 ਤੱਕ ਹਰਿ ਕੀ ਪੌੜੀ ਹਰਿਦੁਆਰ ਵਿਖੇ ਸਥਾਪਤ ਸੀ ਜੋ ਸਰਕਾਰ ਵੱਲੋਂ ਸੁੰਦਰੀਕਰਨ ਅਤੇ ਵਿਕਾਸ ਦੇ ਨਾਮ ’ਤੇ ਢਾਹ ਦਿੱਤਾ ਗਿਆ। ਉਨ੍ਹਾਂ ਕਿਹਾ ਕਿ 1984 ਦੇ ਆਸ-ਪਾਸ ਇਸ ਅਸਥਾਨ ਨੂੰ ਮੁੜ ਸੁਰਜੀਤ ਕਰਨ ਲਈ ਯਤਨ ਆਰੰਭੇ ਗਏ, ਪਰ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਟਾਲ-ਮਟੋਲ ਕਰਦਿਆਂ ਅੱਜ ਤੱਕ ਕੇਵਲ ਲਾਰੇ ਹੀ ਲਾਏ।ਉਨ੍ਹਾਂ ਕਿਹਾ ਕਿ ਇਹ ਲਹਿਰ ਜ਼ਰੂਰ ਕਾਮਯਾਬ ਹੋਵੇਗੀ ਕਿਉਂਕਿ ਇਹ ਨਿੱਜੀ ਸਵਾਰਥ ਤੋਂ ਦੂਰ ਕੇਵਲ ਪੰਥਕ ਕਾਰਜ ਲਈ ਸੇਧਤ ਹੈ।
ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਇਹ ਅਤਿ ਗੰਭੀਰ ਅਤੇ ਸੰਵੇਦਨਸ਼ੀਲ ਮਸਲਾ ਹੈ, ਜਿਸ ਦੇ ਹੱਲ ਲਈ ਸਾਰਾ ਪੰਥ ਇਕਜੁਟ ਹੋ ਕੇ ਤੁਰ ਪਿਆ ਹੈ ਅਤੇ ਯਕੀਨਨ ਮਸਲੇ ਦਾ ਹੱਲ ਵੀ ਜਲਦੀ ਹੋਵੇਗਾ।
ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਗੁਰਦੁਆਰਾ ਸਾਹਿਬ ਦੀ ਸਥਾਪਨਾ ਸਾਡਾ ਸਭ ਦਾ ਸਾਂਝਾ ਮਨੋਰਥ ਹੈ ਅਤੇ ਇਸ ਕਾਰਜ ਲਈ ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ ਅੱਗੇ ਹੋ ਕੇ ਚੱਲਣਗੀਆਂ।
ਵਿਸ਼ਾਲ ਇਕੱਤਰਤਾ ਦੌਰਾਨ ਭਾਈ ਅਮਰਜੀਤ ਸਿੰਘ ਚਾਵਲਾ ਜਰਨਲ ਸਕੱਤਰ ਸ਼੍ਰੋਮਣੀ ਕਮੇਟੀ, ਬੀਬੀ ਜਗੀਰ ਕੌਰ ਪ੍ਰਧਾਨ ਇਸਤਰੀ ਅਕਾਲੀ ਦਲ, ਬਾਬਾ ਤੇਜਾ ਸਿੰਘ ਖੁੱਡਾ ਕੁਰਾਲਾ ਨਿਰਮਲੇ ਸੰਪ੍ਰਦਾਇ, ਸੰਤੋਖ ਸਿੰਘ ਸੇਠੀ ਜਨਰਲ ਸਕੱਤਰ ਚੀਫ਼ ਖ਼ਾਲਸਾ ਦੀਵਾਨ, ਭਾਈ ਸੁਰਿੰਦਰ ਸਿੰਘ ਮਿੱਠਾ ਟਿਵਾਣਾ ਸੇਵਾ ਪੰਥੀ, ਗੁਰਚਰਨ ਸਿੰਘ ਗਰੇਵਾਲ ਫੈਡਰੇਸ਼ਨ ਆਗੂ, ਗੁਰਦੀਪ ਸਿੰਘ ਭਾਟੀਆ ਇੰਦੌਰ ਸਿੰਘ ਸਭਾ, ਭਾਈ ਸਰਵਣ ਸਿੰਘ ਪ੍ਰਚਾਰਕ ਨੇ ਵੀ ਵਿਚਾਰ ਸਾਂਝੇ ਕਰਦਿਆਂ ਗੁਰਦੁਆਰਾ ਸਾਹਿਬ ਦੀ ਮੁੜ ਸਥਾਪਨਾ ਸਬੰਧੀ ਸੁਝਾਅ ਦਿੱਤੇ।
ਇਸ ਮੌਕੇ ਸ਼੍ਰੋਮਣੀ ਕਮੇਟੀ ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕਾਇਮਪੁਰ, ਜੂਨੀਅਰ ਮੀਤ ਪ੍ਰਧਾਨ ਬਾਬਾ ਬੂਟਾ ਸਿੰਘ, ਅੰਤਿ੍ਰੰਗ ਕਮੇਟੀ ਮੈਂਬਰ ਭਾਈ ਰਾਮ ਸਿੰਘ, ਸੁਰਜੀਤ ਸਿੰਘ ਭਿੱਟੇਵਡ, ਜੈਪਾਲ ਸਿੰਘ ਮੰਡੀਆ, ਨਿਰਮਲ ਸਿੰਘ ਹਰਿਆਓ, ਬਲਵਿੰਦਰ ਸਿੰਘ ਵੇਈਂਪੂਈਂ, ਭਾਈ ਜਸਬੀਰ ਸਿੰਘ ਰੋਡੇ, ਬਾਬਾ ਸੁਖਵਿੰਦਰ ਸਿੰਘ ਕਾਰ ਸੇਵਾ ਭੂਰੀਵਾਲੇ, ਬਾਬਾ ਅਵਤਾਰ ਸਿੰਘ ਮੁਖੀ ਬਿਧੀਚੰਦ ਸੰਪ੍ਰਦਾਇ, ਬਾਬਾ ਸੁਖਚੈਨ ਸਿੰਘ ਧਰਮਪੁਰਾ, ਬਾਬਾ ਮਨਮੋਹਨ ਸਿੰਘ ਬਾਰਨ ਵਾਲੇ, ਬਾਬਾ ਸਰਵਨਜੀਤ ਸਿੰਘ ਮੁਖੀ ਮਿਸ਼ਨ ਸ਼ਹੀਦਾਂ ਤਰਨ ਦਲ, ਬਾਬਾ ਨਵਰੰਗ ਸਿੰਘ ਹਰੀਆਂ ਵੇਲਾਂ, ਬਾਬਾ ਵੱਸਣ ਸਿੰਘ ਦਲ ਮੜੀਆ ਵਾਲਾ, ਬਾਬਾ ਸੁਖਵਿੰਦਰ ਸਿੰਘ ਫਿਲੌਰ, ਬਾਬਾ ਵਰਿਆਮ ਸਿੰਘ, ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਹਰਚਰਨ ਸਿੰਘ, ਸਕੱਤਰ ਡਾ. ਰੂਪ ਸਿੰਘ ਤੇ ਅਵਤਾਰ ਸਿੰਘ ਸੈਂਪਲਾ, ਪਰਮਜੀਤ ਸਿੰਘ ਰਾਣਾ ਦਿੱਲੀ ਕਮੇਟੀ, ਕੁਲਮੋਹਨ ਸਿੰਘ ਚੇਅਰਮੈਨ ਧਰਮ ਪ੍ਰਚਾਰ ਦਿੱਲੀ ਕਮੇਟੀ, ਡਾ. ਧਰਮਵੀਰ ਸਿੰਘ ਚੀਫ ਖ਼ਾਲਸਾ ਦੀਵਾਨ, ਹਰਜਾਪ ਸਿੰਘ ਸੁਲਤਾਨਵਿੰਡ, ਪਰਮਜੀਤ ਸਿੰਘ ਜਨਰਲ ਸਕੱਤਰ ਸਿੱਖ ਸਟੂਡੈਂਟਸ ਫੈਡਰੇਸ਼ਨ, ਬੀਬੀ ਰਜਿੰਦਰ ਕੌਰ ਨਿਸ਼ਕਾਮ ਇਸਤਰੀ ਸਤਿਸੰਗ ਸਭਾ ਸਮੇਤ ਵੱਡੀ ਗਿਣਤੀ ਵਿਚ ਵੱਖ-ਵੱਖ ਜਥੇਬੰਦੀਆਂ ਅਤੇ ਸਭਾ-ਸੁਸਾਇਟੀਆਂ ਦੇ ਨੁਮਾਇੰਦੇ ਹਾਜ਼ਰ ਸਨ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply