ਵੈਲਫੇਅਰ ਬੋਰਡ ਵਿੱਚ ਕਾਮਿਆਂ ਦੇ ਆਗੂ ਸ਼ਾਮਲ ਕੀਤੇ ਜਾਣ- ਅਰਸ਼ੀ
ਅੰਮ੍ਰਿਤਸਰ, 25 ਮਈ (ਪੰਜਾਬ ਪੋਸਟ ਬਿਊਰੋ) –
ਭਾਰਤੀ ਕਮਿਊਨਿਸਟ ਪਾਰਟੀ ਦੀ ਜਿਲ੍ਹਾ ਇਕਾਈ (ਸ਼ਹਿਰੀ) ਦੇ ਸਕੱਤਰ ਕਾਮਰੇਡ ਅਮਰਜੀਤ ਸਿੰਘ ਆਸਲ ਦੀ ਅਗਵਾਈ ਹੇਠ ਇਮਾਰਤਾਂ, ਸੜਕਾਂ ਅਤੇ ਹੋਰ ਉਸਾਰੀ ਦੇ ਕੰਮ ਕਰਨ ਵਾਲੇ ਮਜਦੂਰਾਂ ਵੱਲੋ ਆਪਣੀਆ ਹੱਕੀ ਮੰਗਾਂ ਦੇ ਹੱਕ ਵਿੱਚ ਜਿਲ੍ਹਾ ਕਚਿਹਰੀਆਂ ਡਿਪਟੀ ਕਮਿਸ਼ਨਰ ਦੇ ਦਫਤਰ ਦੇ ਬਾਹਰ ਇੱਕ ਵਿਸ਼ਾਲ ਰੈਲੀ ਕੀਤੀ ਗਈ ਜਿਸ ਨੂੰ ਕੇਂਦਰੀ ਤੇ ਸੂਬਾਈ ਆਗੂਆ ਨੇ ਸੰਬੋਧਨ ਕਰਦਿਆਂ ਕੇਂਦਰ ਤੇ ਸੂਬਾ ਤੋ ਮੰਗ ਕੀਤੀ ਕਿ ਉਸਾਰੀ ਮਜਦੂਰਾਂ ਨੂੰ ਵੀ ਸਨਅਤੀ ਮਜਦੂਰਾਂ ਵਾਲੀਆ ਸਹੂਲਤਾਂ ਦਿੱਤੀਆ ਜਾਣ।
ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ (ਏਟਕ) ਦੇ ਕੁਲ ਹਿੰਦ ਸਕੱਤਰ ਕਾਮਰੇਡ ਵਿਦਿਆ ਸਾਗਰ ਗਿਰੀ ਨੇ ਮਜਦੂਰਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆ ਕੇਂਦਰ ਸਰਕਾਰ ਦੀਆ ਉਸਾਰੀ ਮਜਦੂਰਾਂ ਪ੍ਰਤੀ ਅਪਨਾਇਆ ਗਈਆ ਗਲਤ ਨੀਤੀਆ ਦੀ ਕਰੜੇ ਸ਼ਬਦਾਂ ਵਿੱਚ ਆਲੋਚਨਾ ਕਰਦਿਆ ਕਿਹਾ ਕਿ ਕੇਂਦਰ ਸਰਕਾਰ ਨੇ ਮਜਦੂਰਾਂ ਦੀ ਭਲਾਈ ਲਈ ਰੱਖੇ ਕਰੋੜਾਂ ਰੁਪਏ ਇਧਰੋ ਉਧਰ ਕਰਕੇ ਮਜਦੂਰ ਭਲਾਈ ਫੰਡ ਦੇ ਵੱਡਾ ਹਿੱਸਾ ਅਫਸਰਸ਼ਾਹੀ ਤੇ ਖਰਚ ਕਰ ਦਿੱਤਾ ਗਿਆ ਹੈ, ਜਿਸ ਦਾ ਸੁਪਰੀਮ ਕੋਰਟ ਨੇ ਗੰਭੀਰ ਨੋਟਿਸ ਲਿਆ ਹੈ ਤੇ ਉਮੀਦ ਹੈ ਕਿ ਇਸ ਦੀ ਸੁਣਵਾਈ ਸਤੰਬਰ ਮਹੀਨੇ ਵਿੱਚੋ ਹੋਵੇਗੀ।ਉਹਨਾਂ ਕਿਹਾ ਕਿ ਲੋਕਾਂ ਵਿੱਚ ਵੰਡੀਆ ਪਾ ਕੇ ਚੋਣਾਂ ਜਿੱਤਣੀਆ ਸੋਖੀਆ ਜਰੂਰ ਹਨ, ਪਰ ਜਿਹੜਾ ਸਮਾਜ ਵਿੱਚ ਪਾੜਾ ਮੋਦੀ ਤੇ ਆਰ.ਐਸ.ਐਸ ਵੱਲੋ ਪਾਇਆ ਜਾ ਰਿਹਾ ਹੈ ਉਹ ਈਸਟ ਇੰਡੀਆ ਕੰਪਨੀ ਦੀ ਯਾਦ ਦਿਲਵਾ ਰਿਹਾ ਹੈ ।
ਸੀ.ਪੀ.ਆਈ ਦੀ ਪੰਜਾਬ ਪ੍ਰਦੇਸ਼ ਇਕਾਈ ਦੇ ਸਕੱਤਰ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਅਰਸ਼ੀ ਨੇ ਕਿਹਾ ਕਿ ਲੋਕਾਂ ਨੂੰ ਰੁਜਗਾਰ ਦੇਣ ਦੇ ਨਾਮ `ਤੇ ਜਿੱਤ ਕੇ ਆਈ ਪੰਜਾਬ ਸਰਕਾਰ ਨੇ 70 ਦਿਨਾਂ ਵਿੱਚ ਵੀ ਅਜਿਹਾ ਕੋਈ ਕਾਰਜ ਨਹੀ ਕੀਤਾ।ਉਹ ਤਾਂ ਪਹਿਲਾਂ ਹੀ ਕਹਿੰਦੇ ਸੀ ਕਿ ‘‘ਚਿੱਟੇ ਬੰਗਲੇ ਨੀਲੇ ਮੋਰ ਤੇ ਉਹ ਵੀ ਚੋਰ ਤੋ ਚੋਰ’’ ਅਨੁਸਾਰ ਰੇਤਾ ਆਟੇ ਨਾਲੋ ਵੀ ਮਹਿੰਗਾ ਮਿਲੇਗਾ ਕਿਉਕਿ ਪਿਛਲੇ ਦਿਨੀ ਰੇਤਾ ਦੀਆ ਖੱਡਾਂ ਤੋ ਕਰੀਬ ਇੱਕ ਹਜ਼ਾਰ ਕਰੋੜ ਕਮਾਇਆ ਗਿਆ ਹੈ ਜਿਸ ਨਾਲ ਉਸਾਰੀ ਮਜਦੂਰਾਂ ਦੀਆ ਮੁਸ਼ਕਲਾਂ ਵਿੱਚ ਹੋਰ ਵਾਧਾ ਹੋ ਜਾਵੇਗਾ।
ਪੰਜਾਬ ਸਰਕਾਰ ਵਿੱਚ ਇੱਕ ਗਰੀਬ ਜਿਹਾ ਮੰਤਰੀ ਜਿਸ ਦੀਆਂ ਕਈ ਖੰਡ ਮਿਲਾਂ ਵੀ ਚੱਲਦੀਆ ਹਨ ਨੇ ਆਪਣੇ ਰਸੋਈਏ ਦੇ ਨਾਮ `ਤੇ ਖੱਡਾਂ ਲੈ ਲਈਆ ਹਨ ਜਿਸ ਨੂੰ ਸ਼ਾਇਦ ਇਹ ਵੀ ਜਾਣਕਾਰੀ ਨਹੀ ਹੋਵੇਗੀ ਕਿ ਖੱਡ ਕੀ ਹੁੰਦੀ ਹੈ? ਉਨਾਂ ਕਿਹਾ ਕਿ ਇਹਨਾਂ ਖੱਡਾਂ ਦੀ ਨਿਲਾਮੀ ਜਾਂਚ ਕਰਵਾਈ ਜਾਵੇ। ਇਸੇ ਤਰ੍ਹਾ ਖੇਮਕਰਨ ਤੋ ਬਣੇ ਵਿਧਾਇਕ ਨੇ ਤਿੰਨ ਖੱਡਾਂ ਲੈ ਕੇ ਲੋਕਾਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ ਹੈ।ਮਜਦੂਰ ਭਲਾਈ ਬੋਰਡ ਵਿੱਚ ਮਾਨਤਾ ਪ੍ਰਾਪਤ ਟਰੇਡ ਯੂਨੀਅਨ ਦੇ ਨੁੰਮਾਇਦਿਆ ਨੂੰ ਸ਼ਾਮਲ ਕੀਤਾ ਜਾਵੇ ਅਤੇ ਉਸਾਰੀ ਕਾਮਿਆ ਨੂੰ ਪੈਨਸ਼ਨ ਸਕੀਮ ਦੇ ਘੇਰੇ ਵਿੱਚ ਲਿਆਦਾ ਜਾਵੇ।ਪੈਨਸ਼ਨ ਦੀ ਰਾਸ਼ੀ ਤਿੰਨ ਹਜ਼ਾਰ ਰੁਪਏ ਮਹੀਨਾ ਕੀਤੀ ਜਾਵੇ।ਲਾਭਪਾਤਰੀ ਦੀ ਮੌਤ ਉਪਰੰਤ ਵਾਰਸਾਂ ਲਈ ਪੈਨਸ਼ਨ ਪ੍ਰਾਪਤੀ ਲਈ ਸਰਵਿਸ ਦੀ ਹੱਦ ਖਤਮ ਕੀਤੀ ਜਾਵੇ ਅਤੇ ਦੁਰਘਟਨਾ ਦੌਰਾਨ 40 ਫੀਸਦੀ ਅਪਹਾਜ ਹੋਏ ਮਜ਼ਦੂਰ ਵੀ ਪੂਰੀ ਪੈਨਸ਼ਨ ਦਿੱਤੀ ਜਾਵੇ।
ਪੰਜਾਬ ਏਟਕ ਦੇ ਪ੍ਰਧਾਨ ਕਾਮਰੇਡ ਬੰਤ ਸਿੰਘ ਬਰਾੜ ਨੇ ਮੰਗ ਕੀਤੀ ਕਿ ਲਾਭਪਾਤਰੀ ਉਸਾਰੀ ਕਾਮੇੇ ਦੀ ਮੌਤ ਹੋ ਜਾਣ ਉਪਰੰਤ ਸਹਾਇਤਾ ਰਾਸ਼ੀ ਪੰਜ ਲੱਖ ਰੁਪਏ ਕੀਤੀ ਜਾਵੇ ਅਤੇ ਲਾਭਪਾਤਰੀਆ ਦੇ ਪੜ ਰਹੇ ਬੱਚਿਆ ਦੇ ਵਜ਼ੀਫੇ ਦੀ ਰਕਮ ਵਿੱਚ ਵਾਧਾ ਕੀਤਾ ਜਾਵੇ ਤੇ ਸ਼ਗਨ ਸਕੀਮ ਤੁਰੰਤ 51 ਹਜਾਰ ਰੁਪਏ ਕੀਤੀ ਜਾਵੇ।
ਜਿਲ੍ਹਾ ਸਕੱਤਰ ਸ਼ਹਿਰੀ ਕਾਮਰੇਡ ਅਮਰਜੀਤ ਸਿੰਘ ਆਸਲ ਨੇ ਆਏ ਆਗੂਆਂ ਤੇ ਮਜਦੂਰ ਭੈਣਾ ਤੇ ਵੀਰਾਂ ਦਾ ਧੰਨਵਾਦ ਕਰਦਿਆ ਕਿਹਾ ਕਿ ਉਸਾਰੀ ਕਿਰਤੀਆ ਨੂੰ ਮਿਲਦੀ ਯਾਤਰਾ ਦੇ ਲਾਭਾਂ ਉਪਰ ਟਿਕਟਾਂ ਦੀ ਸ਼ਰਤ ਖਤਮ ਕੀਤੀ ਜਾਵੇ ਕਿਉਕਿ ਮਜਦੂਰ ਗੁਰੱਪਾਂ ਵਿੱਚ ਜਾਂ ਸਾਲਮ ਕੀਤੇ ਸਾਧਨਾਂ ਰਾਹੀ ਹੀ ਯਾਤਰਾ ‘ਤੇ ਜਾਂਦੇ ਹਨ। ਕਾਮਰੇਡ ਲਖਬੀਰ ਸਿੰਘ ਨਿਜ਼ਾਮਪੁਰਾ ਨੇ ਵੀ ਉਸਾਰੀ ਕਾਮਿਆਂ ਦੀਆਂ ਮੰਗਾਂ ਦੀ ਪੁਰਜ਼ੋਰ ਹਮਾਇਤ ਕੀਤੀ ਤੇ ਰੈਲੀ ਤੋ ਬਾਅਦ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਵੀ ਦਿੱਤਾ ਗਿਆ।
ਇਸ ਰੈਲੀ ਵਿੱਚ ਕਾਮਰੇਡ ਜਗਤਾਰ ਸਿੰਘ ਮਹਿਲਾਂਵਾਲਾ, ਪ੍ਰਕਾਸ਼ ਕੈਰੋਨੰਗਲ, ਗੁਰਦੀਪ ਸਿੰਘ ਗਿੱਲਵਾਲੀ, ਲਖਵਿੰਦਰ ਸਿੰਘ ਗੋਪਾਲਪੁਰਾ, ਚਰਨ ਦਾਸ, ਗਿਆਨੀ ਗੁਰਦੀਪ ਸਿੰਘ ਛੇਹਰਟਾ, ਸੁਖਵੰਤ ਸਿੰਘ, ਮੋਹਨ ਲਾਲ, ਗੁਰਨਾਮ ਕੌਰ ਸਰਪੰਚ ਗੁਮਾਨਪੁਰਾ, ਦੇਵੀ ਕੁਮਾਰੀ, ਸੁਖਦੇਵ ਸਿੰਘ ਕੋਟ ਅਤੇ ਹਰਜੀਤ ਸਿੰਘ ਰਾਜਾਸਾਂਸ਼ੀ ਇੱਕ ਵੱਡਾ ਜੱਥਾ ਲੈ ਕੇ ਰੈਲੀ ਵਿੱਚ ਪੁੱਜੇ। ਸਟੇਜ ਸਕੱਤਰ ਦੀ ਭੂਮਿਕਾ ਕਾਮਰੇਡ ਦਸਵਿੰਦਰ ਕੌਰ ਨੇ ਬਾਖੂਬੀ ਨਿਭਾਈ।
Punjab Post Daily Online Newspaper & Print Media