ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਵਲੋਂ ਚੀਫ ਖਾਲਸਾ ਦੀਵਾਨ ਗੁਰਦੁਆਰਾ ਸ੍ਰੀ ਕਲਗਘੀਧਰ ਸਾਹਿਬ ਵਿਖੇ ਸ਼ਹੀਦਾਂ ਦੇ ਸਿਰਤਾਜ ਸਾਹਿਬ ਸੀ੍ਰ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ 410ਵਾਂ ਸ਼ਹੀਦੀ ਦਿਵਸ ਅੱਜ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ।ਪੰਜਵੇਂ ਪਾਤਸ਼ਾਹ ਜੀ ਦੇ ਸ਼ਹੀਦੀ ਪੁਰਬ ਦੀ ਸ਼ੁਰੂਆਤ ਸੀ੍ਰ ਅਖੰਡ ਪਾਠ ਸਾਹਿਬ ਜੀ ਦੇ ਭੋਗ ਨਾਲ ਹੋਈ।ਦੀਵਾਨ ਦੀ ਅਗਵਾਈ ਵਿਚ ਚਲ ਰਹੇ ਧਾਰਮਿਕ ਸਮਾਗਮ ਵਿਚ ਰਾਗੀ ਜੱਥਾ ਸੈਂਟਰਲ ਖਾਲਸਾ ਯਤੀਮਖਾਨਾ ਅਤੇ ਸੀ੍ਰ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਨੇ ਰੱਬੀ ਬਾਣੀ ਵਿਚ ਕੀਰਤਨ ਦੀ ਛਹਿਬਰ ਲਗਾਉਂਦਿਆਂ ਸੰਗਤਾਂ ਨੂੰ ਨਿਹਾਲ ਕੀਤਾ।ਵਿਦਿਆਰਥਣਾਂ ਨੇ ਸੀ੍ਰ ਗੁਰੂ ਅਰਜਨ ਦੇਵ ਜੀ ਨਾਲ ਸਬੰਧਿਤ ਕਵਿਤਾ ਦਾ ਉਚਾਰਣ ਬੜੀ ਖੂਬਸੂਰਤੀ ਨਾਲ ਕੀਤਾ।ਪ੍ਰਧਾਨ ਚੀਫ ਖਾਲਸਾ ਦੀਵਾਨ ਚਰਨਜੀਤ ਸਿੰਘ ਚੱਢਾ ਨੇ ਸੀ੍ਰ ਗੁਰੂ ਅਰਜਨ ਦੇਵ ਜੀ ਦੇ ਜੀਵਨ ਬਾਰੇ ਚਾਨਣਾ ਪਾਇਆ।ਉਨ੍ਹਾਂ ਬੱਚਿਆਂ ਨੂੰ ਸ਼ਾਂਤੀ ਦੇ ਪੁੰਜ ਅਤੇ ਨਿਮਰਤਾ ਦੇ ਭੰਡਾਰ ਸੀ੍ਰ ਗੁਰੂ ਅਰਜਨ ਦੇਵ ਜੀ ਦੀ ਕੁਰਬਾਨੀ ਤੋਂ ਸੇਧ ਲੈਣ ਦੀ ਪ੍ਰੇਰਣਾ ਦਿੱਤੀ।

ਸ੍ਰੀ ਗੁਰੁ ਅਰਜਨ ਦੇਵ ਜੀ ਦੇ ਸ਼ਹੀਦੀ ਸਮਾਗਮ ਨੂੰ ਸਮਰਪਿਤ ਸ੍ਰੀ ਦਰਬਾਰ ਸਾਹਿਬ ਤਰਨਤਾਾਰਨ ਵਿਖੇ ਕਰਵਾਏ ਗਏ ਕੀਰਤਨ ਮੁਕਾਬਲਿਆਂ ਵਿਚ ਸ੍ਰੀ ਗੁਰੁ ਹਰਿਕ੍ਰਿਸ਼ਨ ਸੀਨੀ : ਸੈਕੰਡਰੀ ਸਕੂਲ, ਜੀ ਟੀ ਰੋਡ ਦੀ ਸੀਨੀਅਰ ਤੇ ਜੂਨੀਅਰ ਕੀਰਤਨ ਟੀਮਾਂ ਨੇ 27 ਟੀਮਾਂ ਵਿਚੋਂ ਪਹਿਲਾ ਸਥਾਨ ਹਾਸਿਲ ਕੀਤਾ ਤੇ ਇਹਨਾਂ ਜੇਤੂ ਟੀਮਾਂ ਤੇ ਤਬਲਾ ਵਾਦਨ ਵਿਚ ਜੇਤੂ ਜੁਝਾਰ ਸਿੰਘ ਤੇ ਹਰਜੀਤ ਸਿੰਘ ਨੂੰ ਚੀਫ ਖਾਲਾਸਾ ਦੀਵਾਨ ਵਲੋਂ ਸਨਮਾਨਿਤ ਕੀਤਾ ਗਿਆ।ਸਮਾਪਤੀ ਉਪਰੰਤ ਗੁਰੂ ਕਾ ਲੰਗਰ ਅਟੁੱਟ ਵਰਤਿਆ ਅਤੇ ਸਾਰਾ ਦਿਨ ਠੰਢੇ ਮਿੱਠੇ ਜਲ ਦੀ ਛਬੀਲ ਵੀ ਲਗਾਈ ਗਈ।ਇਸ ਮੌਕੇ ਉਪ ਪ੍ਰਧਾਨ ਧੰਨਰਾਜ ਸਿੰਘ, ਆਨਰੇਰੀ ਸਕੱਤਰ ਨਰਿੰਦਰ ਸਿੰਘ ਖੁਰਾਣਾ, ਸੁਰਿੰਦਰ ਸਿੰਘ ਰੁਮਾਲਿਆਂ ਵਾਲੇ, ਹਰਮਿੰਦਰ ਸਿੰਘ, ਸੰਤੋਖ ਸਿੰਘ ਸੇਠੀ, ਬਲਦੇਵ ਸਿੰਘ ਚੌਹਾਨ, ਮਨਜੀਤ ਸਿੰਘ, ਰਣਬੀਰ ਸਿੰਘ ਚੋਪੜਾ, ਗੁਰਿੰਦਰ ਸਿੰਘ ਚਾਵਲਾ, ਬੀਬੀ ਅਮਰਪਾਲੀ, ਡਾ: ਧਰਮਵੀਰ ਸਿੰਘ ਤੇ ਹੋਰਨਾਂ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਾਜਰੀ ਭਰੀ।
Punjab Post Daily Online Newspaper & Print Media