Tuesday, March 10, 2026

ਨਾਨਕਸ਼ਾਹੀ ਕੈਲੰਡਰ ਅਨੁਸਾਰ ਮਨਾਏ ਜਾਣਗੇ ਗੁਰੂ ਸਾਹਿਬਾਨ ਜਾਂ ਹੋਰ ਧਾਰਮਿਕ ਦਿਹਾੜੇ – ਗੁਰਮਤਿ ਪ੍ਰਚਾਰ ਸਭਾ

ਬਠਿੰਡਾ, 26 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਗੁਰਮਤਿ ਪ੍ਰਚਾਰ ਸਭਾ ਬਠਿੰਡਾ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਆਉਣ ਵਾਲੇ ਸਮੇਂ ਵਿੱਚ ਨਾਨਕਸ਼ਾਹੀ ਕੈਲੰਡਰ ਅਨੁਸਾਰ ਜਿਸ ਵੀ ਗੁਰੂ ਸਾਹਿਬਾਨ ਜਾਂ ਗੁਰਸਿੱਖ ਯੋਧਿਆਂ ਨਾਲ ਸਬੰਧਤ ਦਿਹਾੜਾ ਐਤਵਾਰ ਜਾਂ ਉਸ ਦੇ ਆਸਪਾਸ ਦੇ ਦਿਨ ਹੋਵੇਗਾ।ਗੁਰਮਤਿ ਪ੍ਰਚਾਰ ਸਭਾ ਵੱਲੋਂ ਹਫਤਾਵਾਰੀ ਸਮਾਗਮ ਉਸ ਗੁਰੂ ਸਾਹਿਬ ਜੀ ਦੇ ਗੁਰਪੁਰਬ ਜਾਂ ਗੁਰਸਿੱਖ ਯੋਧਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੀ ਕੀਤੇ ਜਾਇਆ ਕਰਨਗੇ।ਇਸੇ ਲੜੀ ਤਹਿਤ ਹੀ ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਗੁਰਪੁਰਬ 18 ਜੂਨ ਨੂੰ ਭਾਈ ਮਤੀਦਾਸ ਨਗਰ ਦੇ ਗੁਰਦੁਆਰਾ ਸਾਹਿਬ ਅਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਬੀਤੇ ਦਿਨ ਬਾਬਾ ਨਾਮਦੇਵ ਭਵਨ, ਬਾਬਾ ਨਾਮਦੇਵ ਮਾਰਗ ਵਿਖੇ ਕੀਤਾ ਗਿਆ। ਲੜੀ ਤਹਿਤ। 2 ਜੁਲਾਈ ਨੂੰ ਸਿਰਜਣਾ ਦਿਵਸ ਅਕਾਲ ਤਖ਼ਤ ਸਾਹਿਬ ਨੂੰ ਸਮਰਪਤ ਸਮਾਗਮ ਗੁਰਦੁਆਰਾ ਸਿਵਲ ਸਟੇਸ਼ਨ ਵਿਖੇ ਅਤੇ 9 ਜੁਲਾਈ ਨੂੰ ਸ਼ਹੀਦੀ ਦਿਹਾੜਾ ਭਾਈ ਮਨੀ ਸਿੰਘ ਜੀ ਨੂੰ ਸਮਰਪਿਤ, ਗੁਰਦੁਆਰਾ ਜੀਵਨ ਪ੍ਰਕਾਸ਼ ਮਾਡਲ ਟਾਊਨ ਫੇਜ਼-1 ਵਿਖੇ ਕੀਤੇ ਜਾਣਗੇ।9 ਜੁਲਾਈ ਨੂੰ ਗੁਰਦੁਆਰਾ ਮਾਡਲ ਟਾਊਨ ਵਿਖੇ ਕੀਤੇ ਜਾਣ ਵਾਲੇ ਸਮਾਗਮ ਵਿੱਚ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਤਖ਼ਤ ਦਮਦਮਾ ਸਾਹਿਬ ਵਿਸ਼ੇਸ਼ ਤੌਰ ‘ਤੇ ਭਾਗ ਲੈਣਗੇ।ਪੰਥਕ ਏਕਤਾ ਨੂੰ ਮੁੱਖ ਰੱਖਦਿਆਂ ਸਾਰੇ ਪ੍ਰੋਗਰਾਮ ਸਿੱਖ ਰਹਿਤ ਮਰਿਆਦਾ ਅਨੁਸਾਰ ਨਿਭਾਏ ਜਾਂਦੇ ਹਨ।
ਬੀਤੇ ਦਿਨ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਨੂੰ ਸਮਰਪਿਤ ਬਾਬਾ ਨਾਮਦੇਵ ਭਵਨ ਵਿਖੇ ਹੋਏ ਸਮਾਗਮ ਦੀ ਅਰੰਭਤਾ ਭਾਈ ਤਰਸੇਮ ਸਿੰਘ ਹਰਰਾਏਪੁਰ ਵਾਲਿਆਂ ਦੇ ਕੀਰਤਨੀ ਜਥੇ ਨੇ ਰਸਭਿੰਨੇ ਸ਼ਬਦ ਕੀਰਤਨ ਰਾਹੀਂ ਕੀਤੀ।ਕੀਰਤਨ ਦੀ ਸਮਾਪਤੀ ਉਪਰੰਤ ਭਾਈ ਹਰਦੀਪ ਸਿੰਘ (ਡਾ:) ਖਿਆਲੀਵਾਲੇ ਨੇ ਬਾਬਾ ਬੰਦਾ ਬਹਾਦਰ ਸਿੰਘ ਜੀ ਦੀ ਸ਼ਹੀਦੀ ਇਤਿਹਾਸ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਦਿਆਂ ਕਿਹਾ ਕਿ ਬਾਬਾ ਜੀ ਨੇ ਗੁਰੂ ਸਿਧਾਂਤ ‘ਤੇ ਪਹਿਰਾ ਦੇਣ ਵਾਲਾ ਪਹਿਲਾ ਖ਼ਾਲਸਾ ਰਾਜ ਸਥਾਪਤ ਕੀਤਾ।ਉਨ੍ਹਾਂ ਕਿਹਾ ਕਿ ਅੱਜ ਕੋਈ ਵਿਰਲਾ ਹੀ ਗੁਰਦੁਆਰਾ ਹੋਵੇਗਾ ਜਿਸ ਨੇ ਬਾਬਾ ਬੰਦਾ ਬਹਾਦਰ ਸਿੰਘ ਦਾ ਮਹਾਨ ਸ਼ਹੀਦੀ ਦਿਹਾੜਾ ਮਨਾਇਆ ਹੋਵੇਗਾ।ਜਦੋਂ ਕਿ ਚਾਹੀਦਾ ਇਹ ਸੀ ਕਿ ਹਰ ਗੁਰਦੁਆਰਾ ਸਾਹਿਬ ਅਤੇ ਸਿੱਖੀ ਦਾ ਪ੍ਰਚਾਰ ਕਰਨ ਦਾ ਦਾਅਵਾ ਕਰਨ ਵਾਲੇ ਹਰ ਡੇਰੇ ਵਿੱਚ ਸ਼ਹੀਦੀ ਦਿਹਾੜਾ ਮਨਾਇਆ ਜਾਵੇ ਤਾ ਕਿ ਆਪਾ ਕੁਰਬਾਨ ਵਾਲੇ ਯੋਧੇ ਦਾ ਇਤਿਹਾਸ ਸਾਡੇ ਬੱਚਿਆਂ ਤੱਕ ਪਹੁੰਚ ਸਕੇ।ਉਨ੍ਹਾਂ ਹੈਰਾਨੀ ਪ੍ਰਗਟ ਕੀਤੀ ਕਿ ਆਪਣੇ ਬਾਬਿਆਂ, ਜਿਨ੍ਹਾਂ ਦੀ ਸਿੱਖ ਪੰਥ ਨੂੰ ਕੋਈ ਵੀ ਦੇਣ ਨਹੀਂ ਹੈ, ਦੀਆਂ ਬਰਸੀਆਂ ਮਨਾਉਣ ਵਾਲੇ ਡੇਰੇਦਾਰਾਂ ਨੇ ਗੁਰੂ ਸਾਹਿਬਾਨਾਂ ਦੇ ਗੁਰਪੁਰਬ ਅਤੇ ਮਹਾਨ ਯੋਧਿਆਂ ਦੇ ਸ਼ਹੀਦੀ ਦਿਹਾੜੇ ਮਨਾਉਣੇ ਉਨ੍ਹਾਂ ਦੇ ਪ੍ਰੋਗਰਾਮ ਦਾ ਹਿੱਸਾ ਹੀ ਨਹੀਂ ਬਣਾਏ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …

Leave a Reply