ਕਿਹਾ ਭਾਰਤ ਨੂੰ ਸੁਰੱਖਿਆ ਪ੍ਰੀਸ਼ਦ `ਚ ਮਿਲੇ ਸਥਾਈ ਸੀਟ
ਅੰਮ੍ਰਿਤਸਰ, 2 ਜੁਲਾਈ (ਪੰਜਾਬ ਪੋਸਟ- ਮਨਜੀਤ ਸਿੰਘ) – ਨੇਪਾਲ ਦੇ ਉਪ ਰਾਸ਼ਟਰਪਤੀ ਦੇ ਰਾਜਸੀ ਤੇ ਸੰਸਕ੍ਰਿਤ ਸਲਾਹਕਾਰ ਸ੍ਰੀ ਮਹਾਂਵੀਰ ਪ੍ਰਸ਼ਾਦ ਟੋਰੜੀ ਨੇ
ਅੱਜ ਪ੍ਰੈਸ ਨਾਲ ਗੱਲਬਾਤ ਕਰਦੇ ਕਿਹਾ ਕਿ ਭਾਰਤ ਨਾਲ ਨੇਪਾਲ ਦੀ ਰੋਟੀ-ਬੇਟੀ ਦੀ ਸਾਂਝ ਹੈ ਅਤੇ ਇਸ ਨੂੰ ਦੁਨੀਆਂ ਦੀ ਕੋਈ ਤਾਕਤ ਵੱਖ ਨਹੀਂ ਕਰ ਸਕਦੀ।ਉਨਾਂ ਦੱਸਿਆ ਕਿ 7 ਦਸੰਬਰ ਤੋਂ 9 ਦਸੰਬਰ ਤੱਕ ਕਾਠਮੰਡੂ ਵਿਚ ਸਾਰਕ ਕਲਚਰ ਕੋ-ਰਿਲੇਸ਼ਨ ਕਾਨਫਰੰਸ ਕਰਵਾਈ ਜਾ ਰਹੀ ਹੈ, ਜਿਸ ਵਿਚ ਭਾਰਤ, ਪਾਕਿਸਤਾਨ, ਭੂਟਾਨ, ਨੇਪਾਲ, ਬੰਗਲਾਦੇਸ਼, ਸ੍ਰੀਲੰਕਾ, ਮਾਲਦੀਵ ਅਤੇ ਅਫਗਾਨਿਸਤਾਨ ਆਦਿ ਦੇਸ਼ਾਂ ਨੂੰ ਸੱਦਾ ਦਿੱਤਾ ਹੈ।ਉਨਾਂ ਦੱਸਿਆ ਕਿ ਇਸ ਸੰਮੇਲਨ ਤਹਿਤ ਏਸ਼ੀਆ ਦੇ ਦੇਸ਼ਾਂ ਨੂੰ ਇਹ ਦੱਸਣ ਦਾ ਯਤਨ ਕੀਤਾ ਜਾਵੇਗਾ ਕਿ ਭਾਰਤ ਹੀ ਇਕ ਅਜਿਹਾ ਦੇਸ਼ ਹੈ, ਜੋ ਕਿ ਸੁਰੱਖਿਆ ਕੌਂਸਲ ਵਿਚ ਏਸ਼ੀਆ ਦੀ ਸਹੀ ਪ੍ਰਤੀਨਿਧਤਾ ਕਰ ਸਕਦਾ ਹੈ। ਉਨਾਂ ਦੱਸਿਆ ਕਿ ਉਹਨਾਂ ਅੱਜ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋ ਕੇ ਇਸ ਸੰਮੇਲਨ ਦੀ ਕਾਮਯਾਬੀ ਲਈ ਅਰਦਾਸ ਕੀਤੀ ਹੈ ਅਤੇ ਆਸ ਹੈ ਕਿ ਅਸੀਂ ਆਪਣੇ ਮਿਸ਼ਨ ਵਿਚ ਕਾਮਯਾਬ ਹੋਵਾਂਗੇ।
ਪ੍ਰਸ਼ਾਦ ਨੇ ਕਿਹਾ ਕਿ ਭਾਰਤ ਤੇ ਨੇਪਾਲ ਦੀ ਵੈਦਿਕ ਕਾਲ ਤੋਂ ਸਾਂਝ ਹੈ ਤੇ ਨੇਪਾਲ ਕਦੇ ਕਿਸੇ ਦਾ ਗੁਲਾਮ ਨਹੀਂ ਰਿਹਾ, ਜਦਕਿ ਭਾਰਤ ਵਿਸ਼ਵ ਗੁਰੂ ਰਿਹਾ ਹੈ ਅਤੇ ਇਥੋਂ ਦਾ ਸਭਿਆਚਾਰ ਨੇਪਾਲ ਨਾਲ ਮਿਲਦਾ-ਜੁਲਦਾ ਹੈ।ਉਨਾਂ ਕਿਹਾ ਕਿ ਸਾਡੇ ਬਹੁ ਪੱਖੀ ਸਬੰਧ ਹਨ।ਭਾਰਤ ਤੇ ਨੇਪਾਲ ਇਕ ਦੂਸਰੇ ਨਾਲ ਜੁੜੇ ਹਨ, ਗੂੜੇ ਮਿਤਰ ਹਨ ਅਤੇ ਇਥੋਂ ਤੱਕ ਕਿ ਭਾਰਤ ਦੀ ਗੋਰਖਾ ਬਟਾਲੀਅਨ ਵਿਚ ਨੇਪਾਲ ਦੇ ਨੌਜਵਾਨ ਭਰਤੀ ਹੋ ਕੇ ਭਾਰਤ ਦੀਆਂ ਸਰਹੱਦਾਂ ਦੀ ਰਾਖੀ ਕਰ ਰਹੇ ਹਨ। ਉਨਾਂ ਕਿਹਾ ਕਿ ਭਾਰਤ ਨੇ ਨੇਪਾਲ ਦੇ ਦੁੱਖ-ਦਰਦ ਵਿਚ ਸਭ ਤੋਂ ਪਹਿਲਾਂ ਸਾਥ ਦਿੱਤਾ ਹੈ।
ਭਾਰਤ ਦੀ ਸੁਰੱਖਿਆ ਕੌਂਸਲ ਵਿਚ ਸਥਾਈ ਸੀਟ ਦੀ ਵਕਾਲਤ ਕਰਦੇ ਸ੍ਰੀ ਪ੍ਰਸ਼ਾਦ ਨੇ ਕਿਹਾ ਕਿ ਭਾਰਤ ਉਹ ਦੇਸ਼ ਹੈ ਜਿਸ ਦੇ 14 ਲੱਖ ਯੋਧੇ ਪਹਿਲੇ ਵਿਸ਼ਵ ਯੁੱਧ ਵਿਚ ਸ਼ਾਮਿਲ ਹੋਏ, ਜੋ ਕਿ ਵਿਸ਼ਵ ਸਾਂਤੀ ਲਈ ਸੀ ਅਤੇ ਅਜੇ ਤੱਕ ਭਾਰਤ ਨੇ ਕਿਸੇ ਵੀ ਰਾਸ਼ਟਰ ’ਤੇ ਹਮਲਾ ਨਹੀਂ ਕੀਤਾ।ਉਨਾਂ ਕਿਹਾ ਕਿ ਭਾਰਤ ਦੀ ਸਭਿਅਤਾ ਬਹੁਤੇ ਏਸ਼ੀਅਨ ਦੇਸ਼ਾਂ ਨਾਲ ਮਿਲਦੀ ਹੈ ਅਤੇ ਏਸ਼ੀਆ ਦੀ ਅਗਵਾਈ ਭਾਰਤ ਨੂੰ ਹੀ ਮਿਲਣੀ ਚਾਹੀਦੀ ਹੈ।ਉਨਾਂ ਕਿਹਾ ਕਿ ਵਿਸ਼ਵ ਸਾਂਤੀ ਵਿਚ ਭਾਰਤ ਦਾ ਵੱਡਾ ਯੋਗਦਾਨ ਹੈ ਅਤੇ ਇਨਾਂ ਗੱਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਗੁਆਂਡੀ ਦੇਸ਼ਾਂ ਨੂੰ ਭਾਰਤ ਦੀ ਹਮਾਇਤ ਲਈ ਪ੍ਰੇਰਿਤ ਕਰਨ ਦੀ ਲੋੜ ਹੈ, ਜੋ ਕਿ ਨੇਪਾਲ ਕਰ ਰਿਹਾ ਹੈ ਅਤੇ ਭਵਿੱਖ ਵਿਚ ਵੀ ਜਾਰੀ ਰੱਖੇਗਾ।ਉਨਾਂ ਮੰਗ ਕੀਤੀ ਕਿ ਸੁਰੱਖਿਆ ਪ੍ਰੀਸ਼ਦ ਵਿਚ ਸੋਧ ਕਰਕੇ ਅੱਠਵੇਂ ਤਾਕਤਵਰ ਦੇਸ਼ ਭਾਰਤ ਨੂੰ ਇਸ ਵਿਚ ਸਥਾਈ ਮੈਂਬਰਸ਼ਿਪ ਦਿੱਤੀ ਜਾਵੇ।
Check Also
ਵੋਟਰ ਸੂਚੀਆਂ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਹਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਿਭਾਵੇ – ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ) – ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ …
Punjab Post Daily Online Newspaper & Print Media