ਅੰਮ੍ਰਿਤਸਰ, 4 ਜੁਲਾਈ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) ਸਥਾਨਕ ਮੰਚ-ਰੰਗਮੰਚ ਵੱਲੋਂ ਵਿਰਸਾ ਵਿਹਾਰ ਦੇ ਸਹਿਯੋਗ ਨਾਲ ‘‘ਪੰਜ ਰੋਜ਼ਾ ਪੰਜਾਬੀ ਰੰਗਮੰਚ
ਉਤਸਵ’’ ਦਾ ਆਯੋਜਨ ਗਿਆ।ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਤ ਅਤੇ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ਕਰਵਾਏ ਜਾ ਰਹੇ `14 ਵੇਂ ਪੰਜਾਬੀ ਰੰਗਮੰਚ ਉਤਸਵ’ ਦੇ ਤੀਸਰੇ ਦਿਨ 3 ਜੁਲਾਈ ਨੂੰ ਦੋ ਨਾਟਕ ਪੇਸ਼ ਕੀਤਾ ਗਏ।ਰਵਿੰਦਰ ਰਵੀ ਦਾ ਲਿਖਿਆ ਪੰਜਾਬੀ ਨਾਟਕ ‘ਆਪੋ-ਆਪਣੇ ਦਰਿਆ’ ਅਤੇ ਕੇਵਲ ਧਾਲੀਵਾਲ ਦੀ ਨਿਰਦੇਸ਼ਨਾਂ ਹੇਠ ਪੇਸ਼ ਕੀਤਾ ਗਿਆ ਅਤੇ ਸ਼ੇਕਸਪੀਅਰ ਦਾ ਲਿਖਿਆ ਅਤੇ ਪ੍ਰੀਤਪਾਲ ਰੁਪਾਨਾ ਦਾ ਨਿਰਦੇਸ਼ਤ ਕੀਤਾ ਪੰਜਾਬੀ ਨਾਟਕ ‘ਭੁਲੇਖਿਆ ਦੀ ਖੇਡ’ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ਵਿੱਚ ਪੇਸ਼ ਕੀਤਾ ਗਿਆ।
‘‘ਆਪੋ ਆਪਣੇ ਦਰਿਆ’’-
ਰਵਿੰਦਰ ਰਵੀ ਦਾ ਨਵਾਂ ਨਾਟਕ ਹੈ।ਸਮੇਂ ਦਾ ਦਰਿਆ ਨਿਰੰਤਰ ਵਹਿ ਰਿਹਾ ਹੈ। ਇਸ ਦੇ ਵਹਿਣਾਂ ਵਿੱਚ, ਕੱਲੇ ਕੱਲੇ, ਪੱਤਰ ਤੈਰ ਰਹੇ ਹਨ। ਇਨ੍ਹਾਂ ਪੱਤਰਾਂ ਦੇ ਆਪੋ ਆਪਣੇ ਦਰਿਆ ਹਨ। ਨਿੱਕੇ ਜਾਂ ਵੱਡੇ, ਆਪੋ ਆਪਣੇ ਆਕਾਰ ਹਨ, ਦਾਇਰੇ ਹਨ। ਇਹ ਪੱਤਰ ਇਕ ਦੂਜੇ ਤੋਂ ਨਿਵੇਕਲੇ, ਅਲੱਗ ਅਲੱਗ ਅਤੇ ਟੁੱਟੇ ਹੋਏ ਪ੍ਰਤੀਤ ਹੋਣ ਦੇ ਬਾਵਜੂਦ ਵੀ, ਸਮੇਂ ਦੇ ਅਜੋਕੇ ਵਹਿਣ ਦੀ ਸਾਂਝ ਵਿੱਚ ਬੱਝੇ ਹੋਏ ਹਨ।
‘‘ਆਪੋ ਆਪਣੇ ਦਰਿਆ’’ ਇਨ੍ਹਾਂ ਨਿਵੇਕਲੇ ਪੱਤਰਾਂ ਦੇ ਅਸਤਿਤਵੀ ਸਰੋਕਾਰਾਂ ਦੀ ਹੀ, ਇਕ ਨਿਵੇਕਲੀ ਪੇਸ਼ਕਾਰੀ ਹੈ। ਇਸ ਕਾਵਿ-ਨਾਟਕ ਦਾ ਨਾਮ ਜਾਂ ਸ਼ੀਰਸ਼ਕ ਪ੍ਰਤੀਕਾਤਮਕ ਹੈ, ਜੁ ਅਜੋਕੇ ਸਮੇਂ ਦੇ ਵਹਿਣਾਂ ਵਿੱਚ, ਇਨ੍ਹਾਂ ਪਤਰਾਂ ਦੀ ਨਿਵੇਕਲਤਾ ਨੂੰ ਕਾਇਮ ਰੱਖਦਿਆਂ ਹੋਇਆਂ ਵੀ, ਅਜੋਕੇ ਸਮੇਂ ਦੀ ਸਮੁੱਚੀ ਗਤੀ ਨੂੰ, ਇਕ ਇਕਾਈ ਦੇ ਰੂਪ ਵਿੱਚ ਪਕੜਦਾ ਤੇ ਪ੍ਰਸਤੁਤ ਕਰਦਾ ਹੈ। ਇਸ ਕਾਵਿ-ਨਾਟਕ ਦਾ ਅੰਤਮ ਦ੍ਰਿਸ਼ ‘ਕੋਡਾ’ ਵੀ ਇਸ ਦੇ ਸਮੁੱਚੇ ਪਾਸਾਰ ਨੂੰ ਆਪਣੇ ਵਿੱਚ ਸਮੇਟ ਲੈਂਦਾ ਹੈ।
ਇਸ ਵਿੱਚ ਹੇਠ ਲਿਖੇ ਮੁੱਦੇ, ਬਾਰ ਬਾਰ ਚਿੰਤਨ-ਮੰਥਨ ਵਿੱਚ ਉੱਭਰਦੇ ਰਹੇ ਹਨ:
1. ਚਿੰਤਨ, ਦਰਸ਼ਨ ਨੀਤੀ
2. ਪੁਰਾਣੇ ਤੇ ਨਵੇਂ ਸੰਕਲਪਾਂ ਵਿਚਕਾਰ ਤਣਾਓ ਤੇ ਸਹਿਹੋਂਦ
3. ਪੀੜ੍ਹੀ-ਪਾੜਾ ਤੇ ਵਿਕਾਸ, ਅੰਤਰਕਿਰਿਆ
4. ਸਿਆਤਸ ਦਾ ਕਾਲਾ, ਬਾਜ਼ਾਰ, ਭ੍ਰਿਸ਼ਟਾਚਾਰ, ਟੱਬਰੀਕਰਨ
5. ਨਸ਼ਿਆਂ ਦਾ ਪ੍ਰਸਾਰ, ਤਸਕਰੀ
6. ਸ਼ਾਦੀ ਦੀ ਸੰਸਥਾ ਦਾ ਤਿਥੀ-ਮੁਕਤ ਹੋਣ ਵਲ ਝੁਕਾਅ
7. ਪਰਵਾਰਕ ਸੰਗਠਨ ਦੇ ਵਿਭਾਜਨ ਦਾ ਸੁਤੰਤਰ ਪਰ ਛਿਣ-ਭੰਗਰੇ ਰਿਸ਼ਤਿਆਂ ਵਿੱਚ ਹੋ ਰਿਹਾ ਕਾਇਆਕਲਪ
8. ਇਸਤਰੀ ਪੁਰਖ ਸੰਬੰਧਾਂ ਦੇ ਨਵੇਂ ਸਮੀਕਰਨ
9. ਦੇਹ ਵਿਓਪਾਰ
10. ਇਨਸਾਨੀ ਰਿਸ਼ਤਿਆਂ ਦੀ ਨਵੀਂ ਪਰਿਭਾਸ਼ਾ, ਮੌਤ ਦਾ ਹੱਕ, ਤਰਸਮਾਰ
11. ਅਪਰਾਧ ਗ੍ਰੰਥੀਆਂ, ਮਨੋਗੁੰਝਲਾਂ
12. ਉਲਾਰ ਕਾਮ-ਪਰਵਿਰਤੀਆਂ, ਬਲਾਤਕਾਰ, ਗੈਂਗ ਰੇਪ
13. ਅਜੋਕਾਂ ਸਮਾਂ ਤੇ ਸਾਹਿਤ – ਆਦਿ
ਖੁੱਲੇ ਹੋਏ ਦਰ ਵਿਚ ਅਟਕੀ ਹੋਈ,
ਇਹ ਵਿਥਿਆ ਹੈ ਦੀਵਾਰਾਂ ਦੀ।
ਕੁੁਝ ਫੁੱਲਾਂ ਦੀ ਕੁਝ ਮਹਿਕਾਂ ਦੀ,
ਕੁਝ ਮਘਦੇ ਹੋਏ ਅੰਗਿਆਰਾਂ ਦੀ।
ਇਸ ਨਾਟਕ ਵਿੱਚ ਬਲਜਿੰਦਰ, ਗਗਨਦੀਪ, ਨਿਤੀਨ, ਪਲਵਿੰਦਰ ਰਾਜ, ਰਜਤ, ਪ੍ਰਸ਼ਾਂਤ, ਅ੍ਰਮਿਤ, ਕਰਮਜੀਤ ਸਿੰਘ, ਸੰਦੀਪ ਕੌਰ, ਪਾਰਸ, ਸ਼ੈਬਰ, ਅਰੂਣ, ਮਨਪ੍ਰੀਤ, ਹਰਮਨ, ਨਵਦੀਪ ਕੌਰ, ਰਿਸ਼ੀ, ਗੁਰਸੇਵਕ, ਅੰਕਿਤ, ਇਮੈਨੂਅਲ, ਰਾਵੀ ਸਿੰਘ, ਅਪਿੰਦਰ, ਗੁਰਵਿੰਦਰ, ਬਲਜਿੰਦਰ, ਮਨਪ੍ਰੀਤ, ਗੁਰਵਿੰਦਰ, ਰਾਜਵਿੰਦਰ ਆਦਿ ਕਲਾਕਾਰਾਂ ਵੱਲੋਂ ਦਮਦਾਰ ਅਦਾਕਾਰੀ ਪੇਸ਼ ਕੀਤੀ।
ਭੁਲੇਖਿਆ ਦੀ ਖੇਡ –
ਸ਼ੇਕਸਪੀਅਰ ਦੇ ਮਸ਼ਹੂਰ ਨਾਟਕ ‘‘ਕਾਮੇਡੀ ਆਫ ਐਰਰ’’ ਤੇ ਅਧਾਰਿਤ ‘ਭੁਲੇਖਿਆ ਦੀ ਖੇਡ’ ਨਾਟਕ ਜੁੜਵਾਂ ਵਿਛੜੇ ਭਰਾਵਾਂ ਤੇ ਉਹਨਾਂ ਦੇ ਜੁੜਵਾਂ ਨੌਕਰਾਂ ਕਰਕੇ ਜੋ ਭੁਲੇਖੇ ਪੈਂਦੇ ਹੈ, ਉਹਨਾਂ ਸਥਿਤੀਆਂ ਦਾ ਹੀ ਬਿਆਨ ਕਰਦਾ ਹੈ।ਜੁੜਵਾਂ ਨੌਕਰਾਂ ਦੁਆਰਾ ਜੁੜਣਾਂ ਮਾਲਕਾਂ ਦੇ ਸੰਦੇਸ਼ ਪਹੁੰਚਣ ਵਿੱਚ ਜੋ ਗਲਤੀਆਂ ਹੁੰਦੀਆਂ ਉਹ ਸਥਿਤੀਆਂ ਨੂੰ ਹਾਸੋ ਹੀਣਾ ਬਣਾ ਦਿੰਦਿਆਂ ਹਨ।ਇਕ ਮਾਲਕ ਭਰਾਂ ਸ਼ਾਦੀ ਸ਼ੁਦਾ ਹੈ। ਪਰ ਹਾਲਾਤ ਇਹ ਬਣ ਜਾਂਦੇ ਹਨ ਕਿ ਉਸ ਦੀ ਪਤਨੀ ਉਸ ਦੇ ਦੂਜੇ ਹਮਸ਼ਕਲ ਭਰਾਂ ਨੂੰ ਆਪਣਾ ਪਤੀ ਸਮਝ ਲੈਂਦੀ ਹੈ।ਕਹਾਣੀ ਵਿੱਚ ਉਲਝਣ ਪੈਦਾ ਹੁੰਦੀ ਹੈ ਜਦੋਂ ਨੌਕਰ ਵੀ ਇਕ ਵਾਰੀ ਹੋਈਆਂ ਗਲਤੀਆਂ ਨੂੰ ਦੁਹਰਾਉਣਾ ਸ਼ੁਰੂ ਕਰਦੇ ਹਨ।ਉਹਨਾਂ ਲਈ ਉਹੀ ਸੱਚ ਹੈ ਜੋ ਉਹਨਾਂ ਆਪਣੇ ਅੱਖੀ ਵੇਖਿਆ ਹੈ ਅਤੇ ਇਸ ਰਾਜ ਦਾ ਪਰਦਾ ਖੁਲਦਾ ਹੈ ਕਿ ਦਰਅਸਲ ਇਹ ਸਭ ਭੁਲੇਖੇ ਇਸ ਕਰਕੇ ਪੈ ਰਹੇ ਸੀ ਕਿ ਮਾਲਕਾਂ ਤੇ ਨੌਕਰਾਂ ਦੀ ਸ਼ਕਲਾਂ ਮਿਲਦੀਆਂ ਹਨ।ਇਸ ਨਾਟਕ ਵਿੱਚ ਸਾਰਥਕ, ਗੁਨਰਾਜ ਸਿੰਘ, ਨਰਿੰਦਰ, ਸੁਨੀਲ ਕੁਮਾਰ, ਲਵਲੀਨ, ਰਾਵੀ ਸਿੰਘ, ਨਰੇਸ਼ ਗਿੱਲ, ਗੌਤਮ ਸ਼ਰਮਾ, ਸ਼ੈਂਬਰ, ਪ੍ਰਸ਼ਾਂਤ, ਨਵਦੀਪ, ਗਗਨਦੀਪ, ਵਿਸ਼ਾਲ, ਪ੍ਰਭ, ਸੰਦੀਪ, ਵਿਕਾਸ, ਰਿਸ਼ੀ, ਗਰਵਿਤ ਆਦਿ ਕਲਾਕਾਰਾਂ ਵੱਲੋਂ ਅਦਾਕਾਰੀ ਪੇਸ਼ ਕੀਤੀ।
Punjab Post Daily Online Newspaper & Print Media