ਅੰਮ੍ਰਿਤਸਰ, 7 ਜੁਲਾਈ (ਪੰਜਾਬ ਪੋਸਟ- ਮਨਜੀਤ ਸਿੰਘ) – ਸੂਬੇ ਵਿਚ ਵਾਹੀਯੋਗ ਜ਼ਮੀਨ ਦੀ ਸਿਹਤ ਬਾਰੇ ਮੁਕੰਮਲ ਡਾਟਾ ਬੇਸ ਤਿਆਰ ਕਰਨ ਲਈ ਖੇਤੀਬਾੜੀ
ਵਿਭਾਗ ਵਲੋਂ ਆਰੰਭੇ ਗਏ ਪ੍ਰਾਜੈਕਟ ਤਹਿਤ ਅੰਮਿ੍ਰਤਸਰ ਜਿਲੇ ਦੇ ਕਰੀਬ 2 ਲੱਖ 17 ਹਜ਼ਾਰ ਹੈਕਟੇਅਰ ਵਾਹੀਯੋਗ ਭੂਮੀ ਲਈ ਕਿਸਾਨਾਂ ਨੂੰ ਸੁਆਇਲ ਹੈਲਥ ਕਾਰਡ ਜਾਰੀ ਕੀਤੇ ਜਾਣਗੇ ਜਿਸ ਰਾਹੀਂ ਕਿਸਾਨਾਂ ਨੂੰ ਉਨਾਂ ਦੀ ਜ਼ਮੀਨ ਵਿਚਲੇ ਤੱਤਾਂ ਦੀ ਬਹੁਤਾਤ ਅਤੇ ਘਾਟ ਤੋਂ ਇਲਾਵਾ ਉਸ ਉੱਪਰ ਪੈਦਾ ਕੀਤੀ ਜਾ ਸਕਦੀ ਢੁੱਕਵੀਂ ਫਸਲ ਬਾਰੇ ਵਡਮੁੱਲੀ ਜਾਣਕਾਰੀ ਪ੍ਰਾਪਤ ਹੋ ਸਕੇਗੀ। ਇਨਾਂ ਕਾਰਡਾਂ ਲਈ ਜਿਲੇ ਭਰ ਦੀ ਜ਼ਮੀਨ ਨੂੰ ਗਰਿਡਾਂ ਵਿਚ ਵੰਡ ਕੇ 28161 ਮਿਟੀ ਦੇ ਨਮੂਨੇ ਇਕੱਤਰ ਕੀਤੇ ਜਾ ਚੁੱਕੇ ਹਨ ਅਤੇ ਹੁਣ ਇਸ ਸਬੰਧੀ ਪਿੰਡਾਂ ਵਿਚ ਸਰਵੈ ਚੱਲ ਰਿਹਾ ਹੈ, ਤਾਂ ਜੋ ਸਬੰਧਤ ਗਰਿਡ ਵਿਚ ਪੈਂਦੀ ਜ਼ਮੀਨ ਬਾਰੇ ਸਬੰਧਤ ਕਿਸਾਨ ਨੂੰ ਜਾਣਕਾਰੀ ਦਿੱਤੀ ਜਾ ਸਕੇ।
ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਇਹ ਜਾਣਕਾਰੀ ਦਿੰਦੇ ਦੱਸਿਆ ਕਿ ਮਾਨਸੂਨ ਤੋਂ ਪਹਿਲਾਂ-ਪਹਿਲਾਂ ਅੰਮਿ੍ਰਤਸਰ ਜਿਲੇ ਵਿਚੋਂ ਮਿੱਟੀ ਦੇ ਨਮੂਨੇ ਇਕੱਤਰ ਕਰਕੇ ਜਾਂਚ ਲਈ ਭੇਜ ਦਿੱਤੇ ਗਏ ਹਨ ਅਤੇ ਇਨਾਂ ਦੀ ਰਿਪੋਰਟ ਆਉਣ ’ਤੇ ਕਿਸਾਨਾਂ ਨੂੰ ਜ਼ਮੀਨ ਦੀ ਸਿਹਤ ਸਬੰਧੀ ਕਾਰਡ ਜਾਰੀ ਕਰ ਦਿੱਤੇ ਜਾਣਗੇ।ਉਨਾਂ ਦੱਸਿਆ ਕਿ ਇਸ ਪ੍ਰਾਜੈਕਟ ਲਈ ਖੇਤੀਬਾੜੀ ਵਿਭਾਗ ਵਲੋਂ ਬਲਾਕ ਪੱਧਰ ’ਤੇ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜੋ ਕਿ ਹੁਣ ਸਰਵੈ ਕਰਕੇ ਕਿਸਾਨਾਂ ਤੱਕ ਪਹੁੰਚ ਕਰੇਗਾ।
ਮੁੱਖ ਖੇਤੀਬਾੜੀ ਅਫਸਰ ਡਾ. ਦਲਬੀਰ ਸਿੰਘ ਛੀਨਾ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਵਲੋਂ ਇਸ ਪ੍ਰਾਜੈਕਟ ਦੀ ਮੁਕੰਮਲ ਸਫਲਤਾ ਲਈ ਪਹਿਲਾਂ ਜੀ.ਪੀ.ਆਰ.ਐਸ ਰਾਹੀਂ ਵਾਹੀਯੋਗ ਜ਼ਮੀਨ ਦੀ ਮੈਪਿੰਗ ਕਰਕੇ ਜਿਲੇ ਭਰ ਦੀ ਸਾਰੀ ਵਾਹੀਯੋਗ ਜ਼ਮੀਨ ਨੂੰ 12.5 ਏਕੜ ਦੇ ਗਰਿਡਾਂ ਵਿਚ ਵੰਡਿਆ ਗਿਆ ਸੀ, ਜਿਸ ਵਿਚੋਂ ਮਿੱਟੀ ਦੇ ਨਮੂਨੇ ਇਕੱਤਰ ਕਰਕੇ ਪਰਖ ਲਈ ਭੇਜੇ ਗਏ ਹਨ।ਉਨਾਂ ਕਿਹਾ ਕਿ ਕਿਸੇ ਵੀ ਫਸਲ ਦੀ ਸਹੀ ਉਪਜ ਲਈ ਜ਼ਮੀਨ ਵਿਚ 17 ਵੱਖ-ਵੱਖ ਤੱਤਾਂ ਦੀ ਸਹੀ ਮਿਕਦਾਰ ਹੋਣਾ ਜ਼ਰੂਰੀ ਹੈ, ਜਿਸ ਵਿਚ ਮੁੱਖ ਤੌਰ ’ਤੇ ਨਾਈਟ੍ਰੋਜਨ, ਫਾਸਫੋਰਸ, ਪੋਟਾਸ਼, ਜਿੰਕ, ਲੋਹਾ, ਸਲਫਰ ਸ਼ਾਮਿਲ ਹਨ।ਉਨਾਂ ਕਿਹਾ ਕਿ ਜ਼ਮੀਨ ਸਿਹਤ ਕਾਰਡ ਜ਼ਰੀਏ ਕਿਸਾਨ ਨੂੰ ਉਸ ਦੀ ਜ਼ਮੀਨ ਵਿਚਲੇ ਤੱਤਾਂ ਦੀ ਘਾਟ ਬਾਰੇ ਅਗਾੳੂਂ ਜਾਣਕਾਰੀ ਮਿਲ ਸਕੇਗੀ, ਜਿਸ ਨਾਲ ਉਹ ਫਸਲ ਦੀ ਬਿਜਾਈ ਤੇ ਲਵਾਈ ਤੋਂ ਪਹਿਲਾਂ ਉਸ ਘਾਟ ਨੂੰ ਦੂਰ ਕਰਕੇ ਸਹੀ ਪੈਦਾਵਾਰ ਪ੍ਰਾਪਤ ਕਰ ਸਕਦਾ ਹੈ।
ਉਨਾਂ ਇਹ ਵੀ ਦੱਸਿਆ ਕਿ ਹਰ ਗਰਿਡ ਵਿਚਲੀ ਜ਼ਮੀਨ ਦੀ ਸਿਹਤ ਬਾਰੇ ਮੁਕੰਮਲ ਜਾਣਕਾਰੀ ਵਿਭਾਗੀ ਵੈਬਸਾਇਟ ’ਤੇ ਵੀ ਅਪਲੋਡ ਕੀਤੀ ਜਾਵੇਗੀ, ਜੋ ਕਿ ਕਿਸਾਨਾਂ ਲਈ ਸਹਾਈ ਹੋਵੇਗੀ।ਇਹ ਕਾਰਡ 3 ਸਾਲ ਲਈ ਯੋਗ ਹੋਵੇਗਾ, ਜਿਸ ਵਿਚ ਕਿਸਾਨਾਂ ਨੂੰ ਜ਼ਮੀਨ ਦੀ ਸਿਹਤ ਬਾਰੇ ਜਾਣਕਾਰੀ ਦੇ ਨਾਲ-ਨਾਲ ਉਸਦੀ ਜ਼ਮੀਨ ਦੀ ਸਿਹਤ ਦੇ ਮੁਤਾਬਿਕ ਖੇਤੀ ਸਲਾਹ ਵੀ ਦਰਜ ਕੀਤੀ ਜਾਵੇਗੀ।ਛੀਨਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸਰਵੇ ਕਰਨ ਆਏ ਖੇਤੀ ਕਰਮਚਾਰੀਆਂ ਨੂੰ ਸਹਿਯੋਗ ਦੇਣ ਅਤੇ ਆਪਣੇ-ਆਪਣੇ ਅਧਾਰ ਕਾਰਡ ਦੀ ਕਾਪੀ ਦਿੰਦੇ ਹੋਏ ਆਪਣੇ ਗਰਿਡ ਦੀ ਸ਼ਨਾਖਤ ਉਨਾਂ ਕੋਲੋਂ ਕਰਵਾ ਲੈਣ, ਜਿਸ ਮੁਤਾਬਕ ਮਿੱਟੀ ਸਿਹਤ ਕਾਰਡ ਉਨਾਂ ਨੂੰ ਦਿੱਤੇ ਜਾਣੇ ਹਨ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media