ਨਵੀਂ ਦਿੱਲੀ, 9 ਜੁਲਾਈ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 12ਵੀਂ ਜਮਾਤ ’ਚ 70 ਫੀਸਦੀ ਤੋਂ ਘੱਟ ਨੰਬਰ ਪ੍ਰਾਪਤ ਕਰਨ
ਵਾਲੇ ਸਿੱਖ ਵਿਦਿਆਰਥੀਆਂ ਲਈ ਪਹਿਲੀ ਵਾਰ ਸਲਾਹ ਮੇਲੇ ਦਾ ਆਯੋਜਨ ਕੀਤਾ ਗਿਆ। ਗੁਰਦੁਆਰਾ ਰਕਾਬਗੰਜ ਸਾਹਿਬ ਦੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਖੇ ਲਗਾਏ ਗਏ ਮੇਲੇ ’ਚ ਕਾਲਜ ਵਿਚ ਦਾਖਲਾ ਲੈਣ ਦੇ ਇੱਛਕ ਸਿੱਖ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਭਰੀ।
ਦਰਅਸਲ ਇਸ ਵਰ੍ਹੇ 12ਵੀਂ ਜਮਾਤ ’ਚ 90 ਫੀਸਦੀ ਤੋਂ ਵੱਧ ਨੰਬਰ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੀ ਬਹੁਗਿਣਤੀ ਹੋਣ ਕਰਕੇ ਦਿੱਲੀ ਯੂਨੀਵਰਸਿਟੀ ਦੇ ਕਾਲਜਾਂ ’ਚ 80 ਫੀਸਦੀ ਤੋਂ ਘੱਟ ਨੰਬਰ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੇ ਦਾਖਲਾ ਨਾ ਹੋਣ ਦਾ ਖਦਸਾ ਬਣਿਆ ਹੋਇਆ ਹੈ।ਇਸ ਕਰਕੇ ਕਮੇਟੀ ਵੱਲੋਂ 70 ਫੀਸਦੀ ਤੋਂ ਘੱਟ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਹੋਰ ਕਾਲਜਾਂ ਅਤੇ ਕੋਰਸਾਂ ਦੀ ਜਾਣਕਾਰੀ ਦੇਣ ਲਈ ਇਹ ਕਦਮ ਚੁੱਕਿਆ ਗਿਆ ਹੈ।
ਵੱਖ-ਵੱਖ ਯੂਨੀਵਰਸਿਟੀਆਂ, ਕਾਲਜਾਂ, ਉੱਚ ਵਿਦਿਅਕ ਅਦਾਰਿਆਂ ਅਤੇ ਕਿੱਤਾ ਮੁਖੀ ਕੋਰਸਾਂ ਦੇ ਸੈਂਟਰਾਂ ਵੱਲੋਂ ਵਿਦਿਆਰਥੀਆਂ ਨੂੰ ਜਾਣਕਾਰੀ ਦੇਣ ਲਈ ਸਹਾਇਤਾ ਕੇਂਦਰ ਬਣਾਏ ਗਏ ਸਨ।ਜਿਨ੍ਹਾਂ ਤੋਂ ਜਾਣਕਾਰੀ ਪ੍ਰਾਪਤ ਕਰਨ ਲਈ ਵਿਦਿਆਰਥੀਆਂ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਅਤੇ ਕਾਨੂੰਨੀ ਵਿਭਾਗ ਦੇ ਚੇਅਰਮੈਨ ਜਸਵਿੰਦਰ ਸਿੰਘ ਜੌਲੀ ਨੇ ਵਿਦਿਆਰਥੀਆਂ ਨੂੰ ਆਪਣਾ ਭਵਿੱਖ ਸੁਰੱਖਿਅਤ ਕਰਨ ਦੇ ਗੁਰ ਇਸ ਮੌਕੇ ਸਾਂਝੇ ਕੀਤੇ।
ਜੀ.ਕੇ ਨੇ ਕਿਹਾ ਕਿ ਸਿੱਖ ਵਿਦਿਆਰਥੀਆਂ ਦੇ ਵਿਦਿਅਕ ਵਰ੍ਹੇ ਨੂੰ ਖਰਾਬ ਹੋਣ ਤੋਂ ਬਚਾਉਣ ਅਤੇ ਵਿਦਿਆਰਥੀਆਂ ’ਚ ਹੀਣ ਭਾਵਨਾ ਪੈਦਾ ਨਾ ਹੋਣ ਦੇ ਮਕਸਦ ਨਾਲ ਸਲਾਹ ਮੇਲਾ ਲਗਾਇਆ ਗਿਆ ਹੈ।ਜਿਸ ਵਿਚ ਅਸੀ ਪੜਾਈ ਦੇ ਨਾਲ ਹੀ ਕਿੱਤਾ ਮੁਖੀ ਕੋਰਸਾਂ ਦੀ ਜਾਣਕਾਰੀ ਇੱਕ ਛੱਤ ਦੇ ਹੇਠਾਂ ਉਪਲਬਧ ਕਰਵਾ ਰਹੇ ਹਾਂ। ਜਿਸ ਵਿਚ ਵਿਦਿਆਰਥੀਆਂ ਦੀ ਰੂਚੀ ਅਤੇ ਕਾਬਲੀਅਤ ਦੇ ਅਧਾਰ ’ਤੇ ਮਾਤਾ-ਪਿਤਾ ਨੂੰ ਉਤਮ ਸਲਾਹ ਦੇਣ ਦੇ ਯਤਨ ਕੀਤੇ ਜਾ ਰਹੇ ਹਨ।
ਸਿੱਖ ਵਿਦਿਆਰਥੀਆਂ ਲਈ ਖਾਲਸਾ ਕਾਲਜਾਂ ’ਚ 50 ਫੀਸਦੀ ਸੀਟਾਂ ਰਾਖਵੀਆਂ ਰੱਖਣ ਦੇ ਕਮੇਟੀ ਵੱਲੋਂ ਕੀਤੇ ਗਏ ਕੰਮ ਨੂੰ ਇਤਿਹਾਸਕ ਦੱਸਦੇ ਹੋਏ ਜੀ.ਕੇ ਨੇ ਬੱਚਿਆਂ ਨੂੰ ਸਿੱਖੀ ਸਰੂਪ ਨੂੰ ਸੰਭਾਲ ਕੇ ਰੱਖਣ ਦੀ ਸਲਾਹ ਦਿੱਤੀ। ਜੀ.ਕੇ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਸਿੱਖ ਘੱਟਗਿਣਤੀ ਕੋਟੇ ’ਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਵੱਲੋਂ ਸਿੱਖੀ ਨੂੰ ਤਿਆਗਣਾ ਉਨ੍ਹਾਂ ਨੂੰ ਕਾਲਜ ’ਚੋਂ ਬਾਹਰ ਕੱਢਣ ਦਾ ਕਾਰਨ ਬਣ ਸਕਦਾ ਹੈ।ਇਸ ਕਰਕੇ ਅਸੀ ਬੱਚਿਆਂ ਨੂੰ ਸਿੱਖੀ ਸੰਭਾਲ ਦੀ ਪ੍ਰੇਰਣਾ ਦੇਣ ਦੇ ਨਾਲ ਹੀ ਪੜਾਈ ਲਈ ਵੱਧਿਆ ਮੌਕੇ ਉਪਲਬਧ ਕਰਾਉਣ ਲਈ ਜਦੋ-ਜਹਿਦ ਕਰ ਰਹੇ ਹਾਂ।
ਜੌਲੀ ਨੇ ਵਿਦਿਆਰਥੀਆਂ ਨੂੰ ਸਰਕਾਰੀ ਭਲਾਈ ਸਕੀਮਾਂ ਦਾ ਫਾਇਦਾ ਚੁੱਕ ਕੇ ਆਪਣਾ ਭਵਿੱਖ ਸੁਆਰਨ ਦਾ ਸੱਦਾ ਦਿੱਤਾ।ਇਸ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਕਾਰਜਕਾਰੀ ਚੇਅਰਮੈਨ ਪਰਮਜੀਤ ਸਿੰਘ ਰਾਣਾ, ਕਮੇਟੀ ਮੈਂਬਰ ਪਰਮਜੀਤ ਸਿੰਘ ਚੰਢੋਕ, ਅਕਾਲੀ ਆਗੂ ਵਿਕਰਮ ਸਿੰਘ ਅਤੇ ਪ੍ਰੋਗਰਾਮ ਦੀ ਕੋਆਰਡੀਨੇਟਰ ਡਾ. ਮਨਿੰਦਰ ਕੌਰ ਤੇ ਡਾ. ਹਰਮੀਤ ਸਿੰਘ ਨੇ ਵਿਦਿਆਰਥੀਆਂ ਦੇ ਸਵਾਲਾਂ ਦੇ ਉਤਰ ਦਿੱਤੇ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media