ਅੰਮ੍ਰਿਤਸਰ, 20 ਜੁਲਾਈ (ਪੰਜਾਬ ਪੋਸਟ- ਮਨਜੀਤ ਸਿੰਘ)- ਜਿਲਾ ਪ੍ਰਸਾਸ਼ਨ ਵੱਲੋਂ ਅੰਮ੍ਰਿਤਸਰ ਨੂੰ ਹਰਿਆਵਲ ਭਰਪੂਰ ਬਣਾਉਣ ਲਈ ਆਉਂਦੇ ਦੋ ਮਹੀਨੇ ਵਿੱਚ
ਸ਼ਹਿਰ ਦੀਆਂ ਵੱਖ ਵੱਖ ਥਾਵਾਂ ਤੇ 10000 ਬੂਟੇ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ।ਇਸੇ ਲੜੀ ਤਹਿਤ ਅੱਜ ਕਮਲਦੀਪ ਸਿੰਘ ਸੰਘਾ ਡਿਪਟੀ ਕਮਿਸ਼ਨਰ ਵੱਲੋਂ ਸਿਟੀ ਸੈਂਟਰ ਨਜਦੀਕ ਬੱਸ ਸਟੈਂਡ ਵਿਖੇ ਬੂਟੇ ਲਗਾਉਣ ਦੇ ਕੰਮ ਦਾ ਸ਼ੁਭ ਆਰੰਭ ਕੀਤਾ ਗਿਆ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵਾਤਾਵਰਣ ਨੂੰ ਸਾਫ ਰੱਖਣ ਲਈ ਪੌਦਿਆਂ ਦਾ ਅਹਿਮ ਯੋਗਦਾਨ ਹੁੰਦਾ ਹੈ। ਸਾਨੂੰ ਸਭ ਨੂੰ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ ਤਾ ਜੋ ਵਾਤਾਵਰਣ ਵੱਧ ਤੋਂ ਵੱਧ ਸ਼ੁਧ ਹੋ ਸਕੇ।ਉਨਾਂ ਕਿਹਾ ਕਿ ਜੋ ਗਲੋਬਲ ਵਾਰਮਿੰਗ ਹੋ ਰਹੀ ਹੈ ਉਸ ਦਾ ਸਭ ਤੋਂ ਵੱਡਾ ਕਾਰਨ ਪੌਦਿਆਂ ਦੀ ਕਟਾਈ ਹੀ ਹੈ।ਉਨਾਂ ਦੱਸਿਆ ਕਿ ਸਾਉਣ ਦੇ ਮਹੀਨੇ ਵਿੱਚ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ ਕਿਉਂਕਿ ਇਸ ਮਹੀਨੇ ਵਿੱਚ ਬਾਰਸ਼ਾਂ ਕਾਰਨ ਪੁੰਗਾਰੇ ਨਾਲ ਪੌਦੇ ਛੇਤੀ ਵੱਡੇ ਹੁੰਦੇ ਹਨ।
ਸੰਘਾ ਨੇ ਕਿਹਾ ਕਿ ਵਾਤਾਵਰਣ ਦੀ ਸ਼ੁਧਤਾ ਚੰਗੀ ਸਿਹਤ ਲਈ ਬੇਹੱਦ ਜ਼ਰੂਰੀ ਹੈ ਅਤੇ ਸਾਨੂੰ ਸਾਰਿਆਂ ਨੂੰ ਆਪਣੇ ਆਲੇ-ਦੁਆਲੇ ਫੈਲਦੀ ਗੰਦਗੀ ਨੂੰ ਰੋਕਣ ਦੇ ਉਪਰਾਲੇ ਕਰਨੇ ਚਾਹੀਦੇ ਹਨ। ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਇਸ ਕੰਮ ਵਿੱਚ ਆਪਣਾ ਵੱਧ ਤੋਂ ਵੱਧ ਸਹਿਯੋਗ ਦੇਣ। ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਖੁਦਾਈ ਖਿਦਮਤਗਾਰ, ਭਾਈ ਘਨਈਆ ਸੁਸਾਇਟੀ ਅਤੇ ਹੋਰ ਸਵੈ ਸੇਵੀ ਸੰਸਥਾਵਾਂ ਵੱਲੋਂ ਦਿੱਤੇ ਸਹਿਯੋਗ ਦੀ ਭਰਪੂਰ ਸ਼ਲਾਘਾ ਕੀਤੀ।
ਇਸ ਮੌਕੇ ਮੈਡਮ ਅਲਕਾ ਕਾਲੀਆ, ਸਹਾਇਕ ਕਮਿਸ਼ਨਰ ਸ਼ਿਕਾਇਤਾਂ, ਰਵਿੰਦਰ ਸਿੰਘ ਅਰੋੜਾ, ਕਾਰਜਕਾਰੀ ਮੈਜਿਸਟਰੇਟ, ਸਵਰਾਜ ਸਿੰਘ ਬੱਲ, ਖੁਸ਼ਦਿਲ ਸਿੰਘ ਦੋਵੇਂ ਅੰਡਰ ਟ੍ਰੇਨਿੰਗ ਪੀ.ਸੀ.ਐਸ, ਪ੍ਰਕਾਸ਼ ਸਿੰਘ ਭੱਟੀ ਪ੍ਰਧਾਨ ਖੁਦਾਈ ਖਿਦਮਤਗਾਰ, ਭਾਈ ਘਨਈਆ ਮਿਸ਼ਨ ਸੁਸਾਇਟੀ ਤੋਂ ਭਾਈ ਮਨਜੀਤ ਸਿੰਘ, ਪ੍ਰੋ: ਬਲਜਿੰਦਰ ਸਿੰਘ ਤੇ ਜਸਬੀਰ ਸਿੰਘ ਤੋਂ ਇਲਾਵਾ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਮੈਂਬਰ ਹਾਜ਼ਰ ਸਨ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media