ਦੋਸਤ ਤੋਂ ਕਰਵਾਇਆ ਘਿਨਾਉਣਾ ਕਾਂਡ
ਬਠਿੰਡਾ, 26 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਆਦਮੀ ਐਸ਼ੋ ਅਰਾਮ ਦੀ ਜਿੰਦਗੀ ਜਿਉਣ ਲਈ ਆਪਣੇ ਰਿਸ਼ਤੇ-ਨਾਤੇ ਸਭ ਕੂੱਝ ਦਾਅ `ਤੇ ਲਾ ਬੈਠਦਾ ਹੈ, ਫਿਰ ਜਿੰਦਗੀ ਭਰ ਲਈ ਪਛਤਾਉਣ ਤੋਂ ਸਿਵਾਏ ਕੁਝ ਨਹੀ ਰਹਿੰਦਾ ਅਜਿਹਾ ਕੁਝ ਹੀ ਬਠਿੰਡਾ ’ਚ ਆਪਣੀ ਪਤਨੀ ਦਾ ਕਾਤਲ ਬਣਾ ਕੇ ਸਾਰੀ ਜਿੰਦਗੀ ਜੇਲ੍ਹ ਦੀਆਂ ਕਾਲ-ਕੋਠੀਆਂ ਵਿਚ ?
ਇਸ ਬਾਰੇ ਮੁਖਵਿੰਦਰ ਸਿੰਘ ਛੀਨਾ ਆਈ.ਪੀ.ਐਸ.ਆਈ.ਜੀ.ਪੀ.ਬਠਿੰਡਾ ਜ਼ੋਨ, ਬਠਿੰਡਾ ਅਤੇ ਨਵੀਨ ਸਿੰਗਲਾ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਕਿਹਾ ਕਿ ਪਿਛਲੇ ਦਿਨੀਂ 22 ਜੁਲਾਈ ਨੂੰ ਪੁਲਿਸ ਕੰਟਰੋਲ ਰੂਮ ’ਤੇ ਫੋਨ ਪਰ ਇਤਲਾਹ ਮਿਲੀ ਕਿ ਕੋਈ ਨਾਮਲੂਮ ਵਿਅਕਤੀ ਮਕਾਨ ਨੰਬਰ 310, ਕਮਲਾ ਨਹਿਰੂ ਕਲੌਨੀ ਬਠਿੰਡਾ ਵਿਚ ਰਹਿੰਦੀ ਕਨਿਕਾ ਗੁਪਤਾ ਨੂੰ ਮਾਰ ਕੇ ਉਸ ਦੇ ਘਰ ਲੁੱਟ ਖੋਹ ਕਰਕੇ ਸੋਨੇ ਦੇ ਗਹਿਣੇ ਤੇ ਨਕਦੀ ਲੈ ਗਏ ਹਨ। ਜਿਸ ਸਬੰਧੀ ਮੁੱਖ ਅਫਸਰ ਥਾਣਾ ਕੈਂਟ ਨੇ ਮੌਕਾ ਪਰ ਜਾ ਕੇ ਮਿ੍ਰਤਕਾ ਕਨਿਕਾ ਦੇ ਪਤੀ ਅਨਿਲ ਗੁਪਤਾ ਦੇ ਬਿਆਨ ਤੇ ਨਾਮਾਲੂਮ ਵਿਅਕਤੀਆਂ ਖਿਲਾਫ ਮੁਕੱਦਮਾ ਨੰਬਰ 70 ਮਿਤੀ 22/07/2017 ਅ/ਧ 302/396/449 ਹਿ:ਦ ਥਾਣਾ ਕੈਂਟ ਦਰਜ ਰਜਿਸਟਰ ਕੀਤਾ ਸੀ।ਮਾਮਲਾ ਸੰਗੀਨ ਹੋਣ ਕਾਰਣ ਮੌਕਾ ਪਰ ਨਵੀਨ ਸਿੰਗਲਾ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਬਠਿੰਡਾ, ਗੁਰਜੀਤ ਸਿੰਘ ਰੋਮਾਣਾ ਪੀ.ਪੀ.ਐਸ.ਡੀ.ਐਸ.ਪੀ (ਟਰੈਫਿਕ-ਕਮ-ਸਿਟੀ) ਬਠਿੰਡਾ, ਕਰਨਸ਼ੇਰ ਸਿੰਘ ਪੀ.ਪੀ.ਐਸ. ਡੀ.ਐਸ.ਪੀ (ਡੀ) ਬਠਿੰਡਾ ਪੁੱਜੇ ਸਨ। ਮੌਕਾ ਪਰ ਫਿੰਗਰ ਪਿ੍ਰੰਟ ਟੀਮ ਨੂੰ ਬੁਲਾ ਕੇ ਮੌਕਾ ਤੋਂ ਫਿੰਗਰ ਪਿ੍ਰੰਟ ਵੀ ਉਠਾਏ ਗਏ ਸਨ। 23 ਜੁਲਾਈ ਨੂੰ ਆਈ ਜੀ ਖੁਦ ਵੀ ਮੌਕਾ ਪਰ ਗਏ ਸਨ ਪਹਿਲੀ ਦਿੱਖ ਤੋਂ ਹੀ ਮਾਮਲਾ ਕਿਸੇ ਜਾਣਕਾਰ ਵਲੋਂ ਅੰਜਾਮ ਦਿਤਾ ਜਾਪਦਾ ਸੀ। ਹਰ ਪਹਿਲੂ ਤੇ ਗੌਰ ਕਰਕੇ ਇਸ ਵਾਰਦਾਤ ਨੂੰ ਟਰੇਸ ਕਰਨ ਲਈ ਮੁਨਾਸਿਬ ਹਦਾਇਤਾਂ ਦੇ ਕੇ ਇਸ ਮੁਕੱਦਮਾ ਦੀ ਅਗਲੀ ਤਫਤੀਸ਼ ਇੰਸ: ਰਜਿੰਦਰ ਕੁਮਾਰ ਇੰਚ: ਸੀ.ਆਈ.ਏ.ਸਟਾਫ ਬਠਿੰਡਾ ਨੂੰ ਸੌਂਪੀ ਗਈ। ਜਿਹਨਾਂ ਨੇ ਆਪਣੀ ਟੀਮ ਦੇ ਸਹਿਯੋਗ ਨਾਲ ਆਪਣੇ ਸੋਰਸ ਲਗਾ ਕੇ ਅਤੇ ਗਵਾਹਾਂ ਦੇ ਬਿਆਨਾਂ ਦੇ ਆਧਾਰ ਤੇ ਮਿ੍ਰਤਕਾ ਦੇ ਪਤੀ ਅਨਿਲ ਗੁਪਤਾ ਪੁੱਤਰ ਮੰਗਤ ਰਾਏ ਗੁਪਤਾ ਵਾਸੀ ਮਕਾਨ ਨੰ: 310,ਕਮਲਾ ਨਹਿਰੂ ਕਲੌਨੀ ਬਠਿੰਡਾ ਅਤੇ ਉਸ ਦੇ ਦੋਸਤ ਰਾਕੇਸ਼ ਕੁਮਾਰ ਉਰਫ ਸੋਨੂੰ ਉਰਫ ਸੂਰਜ ਪੁੱਤਰ ਚਿਮਨ ਲਾਲ ਕੌਮ ਅਗਰਵਾਲ ਵਾਸੀ ਮਕਾਨ ਨੰ: 19884, ਸੌ ਫੁੱਟੀ ਰੋਡ ਬਠਿੰਡਾ ਨੂੰ ਮਿਤੀ 24/07/2017 ਨੂੰ ਇਸ ਮੁਕੱਦਮਾ ਵਿੱਚ ਨਾਮਜ਼ਦ ਕਰਕੇ ਕੱਲ ਸਵੇਰੇ ਕਰੀਬ 06.00 ਵਜੇ ਰਾਕੇਸ਼ ਕੁਮਾਰ ਉਕਤ ਨੂੰ ਉਸਦੀ ਹਰੇ ਦੀ ਟਾਲ ਵਾਲੀ ਦੁਕਾਨ 100 ਫੁਟੀ ਰੋਡ ਬਠਿੰਡਾ ਤੋਂ ਗਿ੍ਰਫਤਾਰ ਕੀਤਾ ਜਿਸ ਦੇ ਇੰਕਸ਼ਾਫ ਕਰਨ ਤੇ ਉਸ ਪਾਸੋਂ ਵਾਰਦਾਤ ਵਿੱਚ ਵਰਤਿਆ ਚਾਕੂ, ਗਲੱਬਜ਼ ਅਤੇ ਇਸ ਦੀ ਪੁੱਛਗਿਛ ਦੇ ਆਧਾਰ ਤੇ ਇਸ ਦੇ ਘਰੋਂ ਮਿ੍ਰਤਕਾ ਕਨਿਕਾ ਦੇ ਜੇਵਰਾਤ ਸੋਨਾ ਇੱਕ ਚੂੜੀ ਸੋਨਾ, ਇੱਕ ਜ਼ੋੜਾ ਟੋਪਸ ਸੋਨਾ ਅਤੇ ਵਾਰਦਾਤ ਵਿੱਚ ਵਰਤੀ ਐਕਟਿਵਾ ਬ੍ਰਾਮਦ ਕਰਾਏ ਅਤੇ ਇਸ ਦੀ ਨਿਸ਼ਾਨ ਦੇਹੀ ਦੇ ਆਧਾਰ ਤੇ ਬਾਈਪਾਸ ਕੈਂਟ ਰੋਡ ਬਠਿੰਡਾ ਤੋ ਵਾਈਫਾਈ ਦਾ ਸੜਿਆ ਹੋਇਆ ਮੌਡਮ ਅਤੇ ਸੀ.ਸੀ.ਟੀ.ਵੀ ਕੈਮਰੇ ਦੀ ਸੜੀ ਹੋਈ ਤਾਰ ਤੇ ਸੜਿਆ ਹੋਇਆ ਮਾਊਸ, ਬਰਾਮਦ ਕਰਾਏ।
ਖੁਫੀਆ ਇਤਲਾਹ ਮਿਲਣ `ਤੇ ਅਨਿਲ ਗੁਪਤਾ ਨੂੰ ਕਲ੍ਹ ਸਵੇਰੇ ਕਰੀਬ 09.30 ਵਜੇ ਸਮੇਤ ਕਾਲੇ ਰੰਗ ਦੀ ਮਾਈਕਰਾ ਕਾਰ ਨੰਬਰੀ ਪੀ.ਵੀ 03 ਏ.ਏ (ਟੀ) 3840 ਦੇ ਬੀਬੀ ਵਾਲਾ ਚੌਂਕ ਬਠਿੰਡਾ ਤੋਂ ਕਾਬੂ ਕੀਤਾ।ਕਾਰ ਦੀ ਤਲਾਸ਼ੀ ਕਰਨ ਤੇ ਕਾਰ ਦੇ ਡੈਸ਼ ਬੋਰਡ ਵਿਚਂੋ ਮਿ੍ਰਤਕਾ ਕਨਿਕਾ ਗੁਪਤਾ ਦਾ ਬਾਕੀ ਜੇਵਰਾਤ ਸੋਨਾ ਜਿਹਨਾਂ ਵਿਚ ਇੱਕ ਚੂੜੀ ਸੋਨਾ ਲੇਡੀਜ਼, 3 ਜੋੜੀ ਟੋਪਸ ਸੋਨਾ, 2 ਛਾਪਾਂ ਲੇਡੀਜ਼, ਇੱਕ ਚੇਨ ਸੋਨਾ ਲੇਡੀਜ਼ ਇਸ ਤੋ ਇਲਾਵਾ ਇੱਕ ਕੜਾ ਬੱਚਾ ਚਾਂਦੀ, 3 ਜੋੜੇ ਕੰਗਨ ਜੋੜੇ ਚਾਂਦੀ, ਇਕ ਜੋੜਾ ਪੰਜੇਬਾਂ ਚਾਂਦੀ, ਇੱਕ ਸਿੱਕਾ ਚਾਂਦੀ ਲੱਛਮੀ ਗਨੇਸ਼ ਚਾਂਦੀ ਇਸ ਤੋਂ ਇਲਾਵਾ ਆਰਟੀਫੀਸ਼ੀਅਲ ਜੇਵਰਾਤ ਜਿਸ ਵਿਚ ਇੱਕ ਮੋਤੀਆਂ ਵਾਲੀ ਮਾਲਾ, ਇੱਕ ਮੁੰਦਰੀ, ਇਕ ਜੋੜਾ ਕਾਂਟੇ,2 ਚੂੜੀਆਂ ਅਤੇ ਇੱਕ ਕੜਾ ਬ੍ਰਾਮਦ ਕੀਤੇ।ਇਸ ਦੇ ਇੰਕਸ਼ਾਫ ਕਰਨ ਤੇ ਇਸਦੇ ਮਹਿਣਾ ਚੌਂਕ ਬਠਿੰਡਾ ਵਾਲੇ ਦਫਤਰ ਵਿਚੋਂ 02 ਚੂੜੀਆਂ ਜਨਾਨਾਂ,01 ਕਿਟੀ ਸੈੱਟ, 01 ਲਾਕਟ, 01 ਚੇਨ ਸੋਨਾ, 01 ਚੇਨ ਜਨਾਨਾ ਸਮੇਤ ਲਾਕਟ, 01 ਜ਼ੋੜੀ ਕਾਂਟੇ, 01 ਚੇਨ ਸਮੇਤ ਲਾਕਟ, 03 ਛਾਪਾਂ ਜਨਾਨਾ, 01 ਛਾਪ ਮਰਦਾਨਾ ਜ਼ੋ ਇਸ ਨੇ ਵਾਰਦਾਤ ਤੋਂ ਇਕ ਦਿਨ ਪਹਿਲਾਂ ਆਪਣੇ ਦਫਤਰ ਵਿੱਚ ਰਖ ਲਏ ਸਨ ਤਾਂ ਜ਼ੋ ਵਾਰਦਾਤ ਵਕਤ ਉਸ ਦਾ ਸਾਥੀ ਰਾਕੇਸ਼ ਕੁਮਾਰ ਇਹਨਾਂ ਗਹਿਣਿਆ ਤੇ ਹੱਥ ਨਾ ਫੇਰ ਸਕੇ ਅਤੇ ਵਾਰਦਾਤ ਬਿਲਕੁਲ ਅਸਲੀ ਲੱਗੇ, ਬਾ੍ਰਮਦ ਕਰਾਏ। ਰਾਕੇਸ਼ ਕੁਮਾਰ ਦੀ ਨਿਸ਼ਾਨਦੇਹੀ ਪਰ ਪਿੰਡ ਗੋਬਿੰਦਪੁਰਾ ਨਹਿਰ ਵਿਚ ਸੁੱਟੇ ਡੀ.ਵੀ.ਆਰ. ਨੂੰ ਗੋਤਾਖੋਰਾਂ ਦੀ ਮੱਦਦ ਨਾਲ ਬ੍ਰਾਮਦ ਕਰ ਲਿਆ ਗਿਆ ਹੈ। ਜ਼ੋ ਦੋਸ਼ੀਆਂ ਨੇ ਪੁੱਛਗਿਛ ਦੌਰਾਨ ਦੱਸਿਆ ਕਿ ਉਹ ਜੂਆ ਖੇਡਣ ਦੇ ਆਦੀ ਹਨ ਜ਼ੋ ਅਨਿਲ ਗੁਪਤਾ ਚਾਰਟਡ ਅਕਾਂਉਟਂੈਟ ਹੈ। ਪਹਿਲਾਂ ਉਹ ਰਿਤੂ ਗਰਗ ਨਾਲ ਸ਼ਾਦੀਸ਼ੁਦਾ ਸੀ ਫਿਰ ਉਸ ਦਾ ਉਸ ਨਾਲ 2008 ਵਿਚ ਤਲਾਕ ਹੋ ਗਿਆ।ਫਿਰ ਅਰਸਾ ਕਰੀਬ 2 ਸਾਲ ਪਹਿਲਾਂ ਉਸ ਦੀ ਸ਼ਾਦੀ ਕਨਿਕਾ ਗੁਪਤਾ ਨਾਲ ਹੋ ਗਈ। ਜਿਸ ਦੇ ਪੇਟੋਂ ਉਸ ਦੇ 1 ਸਾਲ ਦਾ ਬੱਚਾ ਵੀ ਹੈ। ਅਨਿਲ ਗੁਪਤਾ ਜ਼ੋ ਪ੍ਰਾਈਵੇਟ ਤੌਰ ਤੇ ਮਹਿਣਾ ਚੌਕ ਬਠਿੰਡਾ ਵਿਖੇ ਚਾਰਟਡ ਅਕਾਂਉਟ ਦਾ ਦਫਤਰ ਬਣਾ ਕੇ ਕੰਮ ਕਰਦਾ ਹੈ। ਅਨਿਲ ਗੁਪਤਾ ਅਰਸਾ ਕਰੀਬ 10 ਸਾਲ ਪਹਿਲਾ ਬੁੱਕ (ਜੂਆ) ਦਾ ਕੰਮ ਕਰਦਾ ਸੀ।ਜਿਸ ਸਬੰਧੀ ਥਾਣਾ ਕੋਤਵਾਲੀ ਵਿਖੇ ਉਸ ਪਰ ਪਰਚਾ ਵੀ ਦਰਜ ਹੈ ਅਤੇ ਆਯਾਸ਼ ਕਿਸਮ ਦਾ ਆਦਮੀ ਹੈ। ਹੁਣ ਕਨਿਕਾ ਗੁਪਤਾ ਇਸ ਨੂੰ ਅਕਸਰ ਸ਼ਰਾਬ ਪੀਣ ਤੋਂ ਅਤੇ ਐਸ਼ ਪ੍ਰਸਤੀ ਤੋਂ ਰੋਕਦੀ ਸੀ।ਜਿਸ ਕਾਰਨ ਅਨਿਲ ਗੁਪਤਾ ਉਸ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਸੀ। ਕਰੀਬ 6 ਮਹੀਨੇ ਪਹਿਲਾਂ ਉਸ ਨੇ ਆਪਣੇ ਦੋਸਤ ਰਾਕੇਸ਼ ਨੂੰ ਆਪਣੀ ਘਰਵਾਲੀ ਦੇ ਇਸ ਵਤੀਰੇ ਬਾਰੇ ਦੱਸਿਆ ਸੀ ਅਤੇ ਉਸ ਨੂੰ ਹਮੇਸ਼ਾ ਲਈ ਉਸ ਦੀ ਜਿੰਦਗੀ ਵਿਚਂੋ ਹਟਾਉਣ ਬਾਰੇ ਕਿਹਾ ਸੀ ਅਤੇ ਇਸ ਦੇ ਬਦਲੇ ਉਸ ਨੂੰ ਚੌਖੀ ਰਕਮ ਦੇਣ ਦਾ ਲਾਲਚ ਦਿੱਤਾ ਸੀ। ਰਾਕੇਸ਼ ਕੁਮਾਰ ਅਤੇ ਅਨਿਲ ਗੁਪਤਾ ਅਰਸਾ ਕਰੀਬ 8 ਸਾਲ ਤਂੋ ਪੱਕੇ ਦੋਸਤ ਹਨ ਜਿਹਨਾਂ ਦਾ ਇੱਕ ਦੂਜੇ ਦੇ ਘਰ ਆਉਣਾ ਜਾਣਾ ਸੀ। ਰਾਕੇਸ਼ ਕੁਮਾਰ ਐਮ.ਏ ਇਕਨਾਮਿਕਸ ਪਾਸ ਹੈ ਅਤੇ ਅਜੀਤ ਰੋਡ ਪਰ ਹਰੇ (ਪੱਠਿਆਂ) ਦੀ ਟਾਲ ਦਾ ਕੰਮ ਕਰਦਾ ਹੈ।ਜਿਸ ਦੀ ਵੀ ਦੂਸਰੀ ਸ਼ਾਦੀ ਹੈ। ਜ਼ੋ ਸਧਾਰਣ ਪਰਿਵਾਰ ਵਿਚੋ ਹੈ।ਜਿਸ ਦਾ ਪਰਿਵਾਰ ਆਪਣੇ ਕੰਮ ਧੰਦੇ ਦੀਆ ਰਿਟਰਨਾਂ ਅਨਿਲ ਗੁਪਤਾ ਪਾਸ ਭਰਾਉਂਦਾ ਸੀ, ਜਿਸ ਕਾਰਨ ਇਹਨਾ ਦੀ ਦੋਸਤੀ ਪੈ ਗਈ। ਰਾਕੇਸ਼ ਕੁਮਾਰ ਨੇ ਅਨਿਲ ਗੁਪਤਾ ਦਾ ਸਵਾ ਲੱਖ ਰੁਪਇਆ ਦੇਣਾ ਸੀ। ਜ਼ੋ ਜੂਆ ਖੇਡਦੇ ਹੋਏ ਅਤੇ ਐਸ਼ ਪ੍ਰਸਤੀ ਕਰਦੇ ਹੋਏ ਉਸ ਦੇ ਹਿੱਸੇ ਆਇਆ ਸੀ। ਇਸ ਦੇ ਬਦਲੇ ਰਾਕੇਸ਼ ਕੁਮਾਰ ਅਨਿਲ ਗੁਪਤਾ ਨੂੰ ਮਹੀਨੇ ਦਾ ਸਾਢੇ ਪੰਜ ਹਜਾਰ ਰੁਪਏ ਵਿਆਜ ਦਿੰਦਾ ਸੀ। ਵਾਰਦਾਤ ਤੋਂ 5/6 ਦਿਨ ਪਹਿਲਾ ਮਹਿਣਾ ਚੌਕ ਦਫਤਰ ਵਿਚ ਅਨਿਲ ਗੁਪਤਾ ਨੇ ਰਾਕੇਸ਼ ਕੁਮਾਰ ਨੂੰ ਕਿਹਾਕਿ ਅਗਰ ਉਹ ਉਸ ਦੀ ਪਤਨੀ ਕਨਿਕਾ ਨੂੰ ਰਾਸਤੇ ਤੋਂ ਹਟਾ ਦੇਵੇ ਤਾਂ ਉਹ ਉਸ ਨੂੰ ਪੰਜ ਲੱਖ ਰੁਪਏ ਦੇ ਦੇਵੇਗਾ। ਜਿਸ ਨਾਲ ਉਸ ਦਾ ਕਰਜਾ ਵੀ ਲਹਿ ਜਾਵੇਗਾ ਤੇ ਉਸ ਦੇ ਘਰ ਦੀਆਂ ਹੋਰ ਲੋੜਾਂ ਵੀ ਪੂਰੀਆ ਹੋ ਜਾਣਗੀਆਂ। ਰਾਕੇਸ਼ ਕੁਮਾਰ ਨੇ ਉਸ ਦੀ ਇਹ ਸ਼ਰਤ ਮੰਨ ਲਈ । ਫਿਰ ਅਨਿਲ ਗੁਪਤਾ ਨੇ ਉਸ ਨੂੰ ਦੱਸਿਆ ਕਿ ਸ਼ਨੀਵਾਰ ਨੂੰ ਉਸ ਦੀ ਪਤਨੀ ਕਨਿਕਾ 12:30 ਦੁਪਿਹਰ ਤੋਂ ਲੈ ਕੇ 02:30 ਵਜੇ ਤਕ ਘਰ ਵਿਚ ਇਕੱਲੀ ਹੋਵੇਗੀ ਅਤੇ ਆਂਢ ਗੁਆਂਢ ਵੀ ਗਰਮੀ ਹੋਣ ਕਾਰਣ ਉਸ ਵਕਤ ਆਪਣੇ ਘਰਾਂ ਵਿਚ ਹੁੰਦੇ ਹਨ ਉਸ ਵਕਤ ਤੂੰ ਇਸ ਕੰਮ ਨੂੰ ਅੰਜਾਮ ਦੇ ਸਕਦਾ ਹੈ। ਫਿਰ ਮਿਤੀ 21/07/2017 ਨੂੰ ਸ਼ਾਮ ਨੂੰ ਅਨਿਲ ਗੁਪਤਾ ਨੇ ਉਸ ਨੂੰ ਆਪਣੇੇ ਦਫਤਰ ਮਹਿਣਾ ਚੌਂਕ ਬਠਿੰਡਾ ਬੁਲਾ ਕੇ ਇਕ ਚਾਕੂ ਵੀ ਦਿੱਤਾ ਅਤੇ ਕਿਹਾ ਕਿ ਕਨਿਕਾ ਨੂੰ ਮਾਰਨ ਤਂੋ ਬਾਅਦ ਸੀ.ਸੀ.ਟੀ.ਵੀ ਕੈਮਰੇ ਦਾ ਡੀ.ਵੀ.ਆਰ ਵੀ ਪੁੱਟ ਲੈਣਾ ਹੈ ਅਤੇ ਉਪਰਲੇ ਕਮਰੇ ਵਿਚ ਬੈਡ ਨਾਲ ਲਗਦੀ ਬਾਰੀ ਵਿਚ ਸੁਨਹਿਰੀ ਰੰਗ ਦੇ ਲਿਫਾਫੇ ਨੂੰ ਚੁੱਕ ਕੇ ਲੈ ਆਉਣਾ ਹੈ।ਹੋਰ ਕਿਸੇ ਚੀਜ ਨੂੰ ਨਹੀਂ ਛੇੜਣਾ।ਫਿਰ ਵਿਉਂਤ ਅਨੁਸਾਰ ਮਿਤੀ 22/07/17 ਨੂੰ ਕਰੀਬ ਸਾਢੇ 12 ਵਜੇ ਰਾਕੇਸ਼ ਕੁਮਾਰ ਅਨਿਲ ਗੁਪਤਾ ਵੱਲੋਂ ਦਿੱਤੀ ਐਕਟਿਵਾ ਤੇ ਸਮੇਤ ਚਾਕੂ ਅਤੇ ਗਲੱਬਜ਼ (ਦਸਤਾਨੇ) ਕੋਠੀ ਨੰਬਰ 310, ਕਮਲਾ ਨਹਿਰੂ ਕਲੌਨੀ ਬਠਿੰਡਾ ਪਹੁੰਚ ਗਿਆ। ਘਰ ਦੀ ਘੰਟੀ ਵਜਾਉਣ ਤੇ ਮਿ੍ਰਤਕਾ ਕਨਿਕਾ ਗੁਪਤਾ ਆਪਣੇ ਬੱਚੇ ਸਮੇਤ ਉਪਰੋ ਥੱਲੇ ਆ ਗਈ ਅਤੇ ਉਸ ਦਾ ਜਾਣਕਾਰ ਹੋਣ ਕਾਰਨ ਉਸ ਨੇ ਕੁੰਡਾ ਖੋਲ ਦਿੱਤਾ। ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਹ ਕਿਰਾਏ ਦੀ ਕੋਠੀ ਦੇਖਣ ਆਇਆ ਸੀ।ਉਹ ਕਿਸੇ ਬੰਦੇ ਦੀ ਉਡੀਕ ਕਰ ਰਿਹਾ ਹੈ ਉਸਦੇ ਆਉਣ ਤੇ ਉਹ ਚਲਾ ਜਾਵੇਗਾ। ਮਿ੍ਰਤਕਾ ਕਨਿਕਾ ਨੇ ਉਸ ਨੂੰ ਡਰਾਇੰਗ ਰੂਮ ਵਿਚ ਬਿਠਾ ਦਿੱਤਾ ਤੇ ਉਸ ਨੂੰ ਪਾਣੀ ਦਾ ਗਲਾਸ ਦੇ ਦਿੱਤਾ। ਵਕਤ ਕਰੀਬ 1:30 ਵਜੇ ਉਹ ਕਨਿਕਾ ਦੇ ਬੈੱਡ ਰੂਮ ਵਿਚ ਚਲਾ ਗਿਆ।ਉਦੋ ਤੱਕ ਕਨਿਕਾ ਦਾ ਬੱਚਾ ਸੌ ਗਿਆ ਸੀ। ਫਿਰ ਰਾਕੇਸ਼ ਨੇ ਮੌਕਾ ਦੇਖ ਕੇ ਚਾਕੂ ਕੱਢ ਕੇ ਕਨਿਕਾ ਦੀ ਗਰਦਨ ਨਾਲ ਲਾ ਲਿਆ ਅਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਉਸ ਨੂੰ ਚੁੱਪ ਰਹਿਣ ਲਈ ਕਿਹਾ ਅਤੇ ਨਾਲ ਹੀ ਕਨਿਕਾ ਦੀ ਗਰਦਨ ਵਿਚ ਪਾਈ ਚੰੁਨੀ ਨਾਲ ਉਸ ਦਾ ਗਲਾ ਘੁੱਟ ਦਿੱਤਾ ਅਤੇ ਗਲੇ ਪਰ ਚਾਕੂ ਮਾਰ ਦਿੱਤਾ। ਜਦ ਉਸ ਦੀ ਤਸੱਲੀ ਹੋ ਗਈ ਕਿ ਕਨਿਕਾ ਮਰ ਚੁੱਕੀ ਹੈ ਤਾਂ ਫਿਰ ਉਸ ਨੇ ਅਨਿਲ ਗੁਪਤਾ ਦੇ ਦੱਸੇ ਅਨੁਸਾਰ ਸੀ.ਸੀ.ਟੀ.ਵੀ ਕੈਮਰੇ ਦਾ ਡੀ.ਵੀ.ਆਰ ਲਾਹ ਲਿਆ ਅਤੇ ਉਸ ਦੇ ਦੱਸੇ ਅਨੁਸਾਰ ਉਪਰਲੇ ਕਮਰੇ ਦੀ ਬਾਰੀ ਵਿਚੋ ਸੁਨਹਿਰੀ ਲਿਫਾਫਾ ਚੁੱਕ ਲਿਆ। ਜਿਸ ਵਿਚ ਮਿ੍ਰਤਕਾ ਦੇ ਗਹਿਣੇ ਪਏ ਸਨ। ਉਹ ਇਹ ਸਭ ਕੁਝ ਚੁੱਕ ਕੇ ਆਪਣੀ ਐਕਟਿਵਾ ਪਰ ਸਵਾਰ ਹੋ ਕੇ ਪਿੰਡ ਗੋਬਿੰਦਪੁਰਾ ਪੁਲ ਨਹਿਰ ਪਰ ਪਹੁੰਚ ਗਿਆ ਜਿਥੇ ਉਸ ਨੇ ਡੀ.ਵੀ.ਆਰ ਅਤੇ ਮਿ੍ਰਤਕਾ ਦਾ ਮੋਬਾਇਲ ਨਹਿਰ ਵਿਚ ਸੁੱਟ ਦਿੱਤਾ ਤੇ ਆਪਣੇ ਘਰ ਆ ਗਿਆ। ਫਿਰ ਰਾਕੇਸ਼ ਕੁਮਾਰ ਨੇ ਸੁਨਹਿਰੀ ਲਿਫਾਫੇ ਵਿਚੋ ਕੁਝ ਗਹਿਣੇ ਕੱਢ ਲਏ ਅਤੇ ਗਲੱਬਜ਼, ਚਾਕੂ ਅਤੇ ਗਹਿਣਿਆ ਨੂੰ ਆਪਣੇੇ ਘਰ ਰੱਖ ਲਿਆ। ਐਕਟਿਵਾ ਵਿਚ ਸੀ.ਸੀ.ਟੀ.ਵੀ ਕੈਮਰੇ ਦੀਆ ਤਾਰਾਂ ਅਤੇ ਮਾਉਸ, ਵਾਈਫਾਈ ਦਾ ਮੌਡਮ ਅਤੇ ਹੋਰ ਪੁਰਜੇ ਹਿੱਸੇ ਜ਼ੋ ਨਹਿਰ ਵਿਚ ਸੁੱਟਣੀਆ ਭੁੱਲ ਗਿਆ ਸੀ, ਨੂੰ ਨੈਂਟ ਬਾਈ ਪਾਸ ਝਾੜੀਆ ਵਿਚ ਲਿਜਾ ਕੇ ਸਾੜ ਦਿੱਤਾ। ਫਿਰ ਰਾਕੇਸ਼ ਕੁਮਾਰ ਐਕਟਿਵਾ ਪਰ ਅਨਿਲ ਗੁਪਤਾ ਦੇ ਦਫਤਰ ਮਹਿਣਾ ਚੌਕ ਪਹੁੰਚ ਗਿਆ ਅਤੇ ਉਸ ਨੂੰ ਮਿ੍ਰਤਕਾ ਕਨਿਕਾ ਦੇ ਗਹਿਣਿਆਂ ਦਾ ਸੁਨਹਿਰੀ ਲਿਫਾਫਾ ਦੇ ਕੇ ਉਸ ਨੂੰ ਦੱਸਿਆ ਕਿ ਉਸਨੇ ਉਸਦੇ ਕਹੇ ਅਨੁਸਾਰ ਉਸਦੀ ਪਤਨੀ ਕਨਿਕਾ ਨੂੰ ਮਾਰ ਦਿੱਤਾ ਹੈ। ਅਨਿਲ ਗੁਪਤਾ ਨੇ ਉਸ ਨੂੰ ਸ਼ਰਤ ਮੁਤਾਬਿਕ 5 ਲੱਖ ਰੁਪਏ ਜਲਦੀ ਦੇਣ ਦਾ ਵਾਅਦਾ ਕੀਤਾ। ਉਸੇ ਦੌਰਾਨ ਅਨਿਲ ਗੁਪਤਾ ਨੂੰ ਸਾਲੇ ਦਾ ਫੋਨ ਆ ਗਿਆ ਕਿ ਕਨਿਕਾ ਨੂੰ ਕੋਈ ਮਾਰ ਕੇ ਲੁੱਟ ਖੋਹ ਕਰ ਗਿਆ ਹੈ। ਉਹ ਜਲਦੀ ਘਰ ਆ ਜਾਵੇ। ਫਿਰ ਅਨਿਲ ਗੁਪਤਾ ਨੇ ਰਾਕੇਸ਼ ਨੂੰ ਕਿਹਾ ਕਿ ਤੂੰ ਐਕਟਿਵਾ ਪਰ ਮੇਰੇ ਘਰ ਆ ਜਾ ਮੈ ਗੱਡੀ ਪਰ ਜਾਂਦਾ ਹਾਂ ਤਾਂ ਜ਼ੋ ਕਿਸੇ ਨੂੰ ਕਿਸੇ ਕਿਸਮ ਦਾ ਕੋਈ ਸ਼ੱਕ ਨਾ ਹੋਵੇ।ਫਿਰ ਇਹ ਦੋਵੇ ਜਾਣੇ 310 ਨੰਬਰ ਕੋਠੀ ਕਮਲਾ ਨਹਿਰੁ ਪਹੁੰਚ ਗਏ ਜਿਥੇ ਅਨਿਲ ਗੁਪਤਾ ਨੇ ਇਸ ਹਾਦਸੇ ਤੋ ਪੂਰਾ ਦੁਖੀ ਹੋਣ ਦਾ ਡਰਾਮਾ ਕੀਤਾ। ਅਨਿਲ ਗੁਪਤਾ ਆਪਣੀ ਪਤਨੀ ਮਿ੍ਰਤਕ ਕਨਿਕਾ ਨੂੰ ਆਪਣੀ ਐਸ਼ੋ ਅਰਾਮ ਦੀ ਜਿੰਦਗੀ ਵਿਚ ਰੁਕਾਵਟ ਸਮਝਦਾ ਸੀ ਅਤੇ ਉਹ ਇਸ ਤਰਾਂ ਦੀ ਟੋਕਾ ਟੋਕਾਈ ਵਾਲੀ ਵਿਆਹੁਤਾ ਜਿੰਦਗੀ ਤੋਂ ਅੱਕ ਚੁੱਕਾ ਸੀ, ਉਹ ਅਜ਼ਾਦਾਨਾਂ ਜਿੰਦਗੀ ਜਿਊਣਾ ਚਾਹੁੰਦਾ ਸੀ।ਰਾਕੇਸ਼ ਕੁਮਾਰ ਜ਼ੋ ਅਨਿਲ ਗੁਪਤਾ ਦਾ ਕਰਜਾਈ ਸੀ ਜਿਸ ਦੀਆਂ ਘਰੇਲੂ ਲੋੜਾ ਪੂਰੀਆ ਨਹੀ ਹੁੰਦੀਆਂ ਸਨ। ਜ਼ੋ ਅਨਿਲ ਗੁਪਤਾ ਨੂੰ ਵਿਆਜ ਦੇ ਦੇ ਕੇ ਥੱਕ ਚੁੱਕਾ ਸੀ।ਜਿਸ ਦੀ ਮਜਬੂਰੀ ਦਾ ਅਨਿਲ ਗੁਪਤਾ ਨੇ ਪੂਰਾ ਫਾਇਦਾ ਉਠਾ ਕੇ ਲੋਕਾਂ ਅਤੇ ਪੁਲਿਸ ਨੂੰ ਗੁੰਮਰਾਹ ਕਰਨ ਲਈ ਯੋਜਨਾਬੱਧ ਵਿਉਂਤ ਬਣਾ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਮਿ੍ਰਤਕਾ ਕਨਿਕਾ ਦਾ ਮੋਬਾਇਲ ਫੋਨ ਵੀ ਗੋਤਾਖੋਰਾਂ ਦੀ ਮਦਦ ਨਾਲ ਜਲਦੀ ਬ੍ਰਾਮਦ ਕਰ ਲਿਆ ਜਾਵੇਗਾ।ਪੁਲਿਸ ਦੀ ਸੂਝਬੂਝ ਨਾਲ ਇਸ ਸਾਰੀ ਯੋਜਨਾ ਦਾ ਪਰਦਾਫਾਸ਼ ਹੋਇਆ ਹੈ। ਦਿਨ ਦਿਹਾੜੇ ਹੋਈ ਇਸ ਵਾਰਦਾਤ ਨਾਲ ਜ਼ੋ ਲੋਕਾਂ ਵਿਚ ਭੈਅ ਪੈਦਾ ਹੋਇਆ ਸੀ, ਉਹ ਖਤਮ ਹੋਇਆ ਹੈ ।ਇਸ ਗੰੁਝਲਦਾਰ ਕੇਸ ਨੂੰ ਪੁਲਿਸ ਵੱਲੋਂ ਸੁਲਝਾਉਣਾ ਬਹੁਤ ਹੀ ਸ਼ਲਾਘਾਯੋਗ ਕੰਮ ਹੈ।
Punjab Post Daily Online Newspaper & Print Media