ਧੂਰੀ, 26 ਜੁਲਾਈ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਿਹਤ ਵਿਭਾਗ ਦੀ ਟੀਮ ਵੱਲੋਂ ਵੱਖ-ਵੱਖ ਦੁਕਾਨਾਂ ਤੋਂ ਖੋਆ, ਬਰਫੀ, ਰਸਗੁੱਲੇ, ਦਹੀਂ, ਦੇਸੀ ਘਿਓ, ਤੇਲ, ਰਿਫਾਇੰਡ ਅਤੇ ਪਾਣੀ ਦੇ ਸੈਂਪਲ ਭਰੇ ਗਏ। ਸਿਹਤ ਵਿਭਾਗ ਦੀ ਟੀਮ ਨੂੰ ਵੇਖਦਿਆਂ ਕਈ ਦੁਕਾਨਦਾਰ ਆਪਣੀਆਂ ਦੁਕਾਨਾਂ ਨੂੰ ਬੰਦ ਕਰਕੇ ਰਫੂ ਚੱਕਰ ਵੀ ਹੁੰਦੇ ਵੇਖੇ ਗਏ ਜਦੋਂਕਿ ਕਈ ਦੁਕਾਨਦਾਰ ਸਿਹਤ ਵਿਭਾਗ ਦੀ ਟੀਮ ਨੂੰ ਸੈਂਪਲ ਨਾ ਭਰਨ ਲਈ ਮਿੰਨਤਾਂ-ਤਰਲ਼ੇ ਕਰਦੇ ਵੀ ਵੇਖੇ ਗਏ।
ਜ਼ਿਲਾ੍ਹ ਸੰਗਰੂਰ ਵਿਖੇ ਨਵੇਂ ਆਏ ਸਹਾਇਕ ਫੂਡ ਕਮਿਸ਼ਨਰ ਡਾ. ਹਰਜੋਤ ਪਾਲ ਸਿੰਘ ਨੇ ਦੱਸਿਆ ਕਿ ਸਿਹਤ ਮੰਤਰੀ ਸ਼੍ਰੀ ਬ੍ਰਹਮ ਮਹਿੰਦਰਾ ਅਤੇ ਸਿਵਲ ਸਰਜਨ ਸੰਗਰੂਰ ਡਾ. ਕਿਰਨਜੀਤ ਕੌਰ ਬਾਲੀ ਵੱਲੋਂ ਮਿਲੇ ਦਿਸ਼ਾ-ਨਿਰਦੇਸ਼ਾਂ ਤਹਿਤ ਧੂਰੀ ਅਤੇ ਲੱਡਾ ਦੇ ਵੱਖ-ਵੱਖ ਦੁਕਾਨਦਾਰਾਂ ਪਾਸੋਂ ਨੌਂ ਆਈਟਮਾਂ ਦੇ ਸੈਂਪਲ ਭਏ ਗਏ ਹਨ ਜਿੰਨਾਂ ਨੂੰ ਜਾਂਚ ਲਈ ਲੈਬੋਰੇਟਰੀ ਵਿਖੇ ਭੇਜਿਆ ਜਾਵੇਗਾ।ਉਨਾਂ ਖਾਣ-ਪੀਣ ਵਾਲੇ ਪਦਾਰਥਾਂ ਦਾ ਕੰਮ ਕਰਨ ਵਾਲੇ ਹੋਟਲਾਂ, ਢਾਬਿਆਂ ਅਤੇ ਰੇਹੜੀਆਂ ਆਦਿ ਦੇ ਮਾਲਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਖਾਣ-ਪੀਣ ਦੀਆਂ ਵਸਤਾਂ ਗ੍ਰਾਹਕਾਂ ਨੂੰ ਪਰੋਸਨ ਸਮੇਂ ਦਸਤਾਨੇ ਆਪਣੇ ਹੱਥਾਂ ਵਿੱਚ ਜਰੂਰ ਪਹਿਨਣ ਅਤੇ ਸਿਰ ਢੱਕ ਕੇ ਰੱਖਣ।ਇਸ ਦੇ ਨਾਲ ਹੀ ਰੇਹੜੀਆਂ ਵਾਲਿਆਂ ਕੋਲ ਭਾਂਡੇ ਧੋਣ ਲਈ ਸਾਫ-ਸੁਥਰੇ ਪਾਣੀ ਦਾ ਪ੍ਰਬੰਧ ਹੋਵੇ ਅਤੇ ਉਹ ਖਾਣ-ਪੀਣ ਵਾਲੀਆਂ ਚੀਜ਼ਾਂ ਢੱਕ ਕੇ ਰੱਖਣ।ਇਸ ਦੇ ਨਾਲ ਹੀ ਉਹਨਾਂ ਖਾਣ-ਪੀਣ ਦੀਆਂ ਵਸਤਾਂ ਜਿਵੇਂ ਕਰਿਆਨਾ ਆਦਿ ਦਾ ਕੰਮ ਕਰਨ ਵਾਲੇ ਦੁਕਾਨਦਾਰਾਂ ਨੂੰ ਆਨਲਾਈਨ ਫੂਡ ਲਾਇਸੰਸ ਲੈਣ ਦੀ ਹਦਾਇਤ ਕਰਦਿਆਂ ਕਿਹਾ ਕਿ ਫੂਡ ਐਕਟ ਅਧੀਨ ਲਾਇਸੰਸ ਲੈਣਾ ਜਰੂਰੀ ਹੈ ਅਤੇ ਇਸ ਦੀ ਉਲੰਘਣਾ ਕਰਨ ਵਾਲਿਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਵਿਭਾਗ ਦੀਆਂ ਅਜਿਹੀਆਂ ਹਦਾਇਤਾਂ ਦੀ ਪਾਲਣਾ ਉੱਪਰ ਦੁਕਾਨਦਾਰ ਬਹੁਤ ਘੱਟ ਅਮਲ ਕਰਦੇ ਹਨ, ਪ੍ਰੰਤੂ ਡਾ. ਹਰਜੋਤ ਪਾਲ ਸਿੰਘ ਨੇ ਕਿਹਾ ਕਿ ਉਹ ਅਜਿਹੀਆਂ ਹਦਾਇਤਾਂ ਹੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤੀ ਨਾਲ ਪੇਸ਼ ਆਉਣਗੇ।ਇਸ ਮੌਕੇ ਫੂਡ ਸੇਫਟੀ ਇੰਸਪੈਕਟਰ ਸੰਦੀਪ ਸਿੰਘ ਵੀ ਜਾਂਚ ਟੀਮ ਵਿੱਚ ਸ਼ਾਮਿਲ ਸਨ।
Check Also
ਖਾਲਸਾ ਕਾਲਜ ਇੰਜੀਨੀਅਰਿੰਗ ਅਤੇ ਆਸਟਰੇਲੀਅਨ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਦਰਮਿਆਨ ਹੋਇਆ ਸਮਝੌਤਾ
ਅੰਮ੍ਰਿਤਸਰ, 26 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਰਣਜੀਤ ਐਵੀਨਿਊ …
Punjab Post Daily Online Newspaper & Print Media