ਅਣ-ਅਧਿਕਾਰਤ ਏਜੰਟਾਂ ਖਿਲਾਫ ਹੋਵੇਗੀ ਕਾਨੂੰਨੀ ਕਾਰਵਾਈ- ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 26 ਜੁਲਾਈ (ਪੰਜਾਬ ਪੋਸਟ- ਮਨਜੀਤ ਸਿੰਘ) – ਅਣ-ਅਧਿਕਾਰਤ ਟਰੈਵਲ ਏਜੰਟਾਂ ਦੇ ਨਾਲ-ਨਾਲ ਰਜਿਟਰਡ ਟਰੈਵਲ ਏਜੰਟਾਂ ਵੱਲੋਂ ਵਿਦੇਸ਼ ਭੇਜਣ ਦੇ ਨਾਮ ’ਤੇ ਲੋਕਾਂ ਦੀ ਕੀਤੀ ਜਾ ਰਹੀ ਲੁੱਟ-ਖਸੁੱਟ ਵਿਰੁੱਧ ਸਖਤ ਫੈਸਲਾ ਲੈਂਦੇ ਹੋਏ।ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਸਪਸ਼ਟ ਕੀਤਾ ਹੈ ਕਿ ਜੋ ਵੀ ਕੋਈ ਟਰੈਵਲ ਏਜੰਟ ਵਿਦੇਸ਼ ਦੇ ਨਾਮ ਤੇ ਠੱਗੀ ਮਾਰਦਾ ਹੈ ਤਾਂ ਉਸ ਵਿਰੁੱਧ ਆਈ:ਪੀ:ਸੀ ਦੀ ਧਾਰਾ 415 ਤੇ 416 ਅਧੀਨ ਕੇਸ ਦਰਜ ਕਰਵਾਏ ਜਾਣਗੇ।ਉਨਾਂ ਨੇ ਕਿਹਾ ਕਿ ਲੋਕਾਂ ਦੀ ਜਾਣਕਾਰੀ ਲਈ ਜਿਲ੍ਹਾ ਪ੍ਰਸਾਸ਼ਨ ਵੱਲੋਂ ਰਜਿਸਟਰਡ ਟਰੈਵਲ ਏਜੰਟਾਂ ਦੀ ਸੂਚੀ ਵੈਬ ਸਾਈਟ … ’ਤੇ ਪਾਈ ਹੋਈ ਹੈ ਅਤੇ ਇਸ ਤੋਂ ਇਲਾਵਾ ਰਜਿਸਟਰਡ ਟਰੈਵਲ ਏਜੰਟਾਂ ਸਬੰਧੀ ਜਾਣਕਾਰੀ ਦੇਣ ਲਈ ਹੈਲਪ ਲਾਈਨ ਨੰਬਰ 0183-2210235 ਵੀ ਜਾਰੀ ਕੀਤਾ ਹੈ, ਜੋ ਕਿ ਹਰ ਕੰਮ ਵਾਲੇ ਦਿਨ ਲੋਕਾਂ ਦੀ ਸਹਾਇਤਾ ਕਰੇਗਾ।
ਸੰਘਾ ਨੇ ਲੋਕਾਂ ਨੂੰ ਸਾਵਧਾਨ ਕਰਦਿਆਂ ਕਿਹਾ ਕਿ ਵਿਦੇਸ਼ ਜਾਣ ਲਈ ਕਿਸੇ ਵੀ ਧੋਖੇ ਜਾਂ ਠੱਗੀ ਤੋਂ ਬਚਣ ਲਈ ਕੇਵਲ ਮਾਨਤਾ ਪ੍ਰਾਪਤ ਟਰੈਵਲ ਏਜੰਟਾਂ, ਇਮੀਗ੍ਰੇਸ਼ਨ ਸਲਾਹਕਾਰਾਂ ਜਾਂ ਟਿਕਟ ਏਜੰਟਾਂ ਦੀਆਂ ਹੀ ਸੇਵਾਵਾਂ ਲਈਆਂ ਜਾਣ ਅਤੇ ਇਨ੍ਹਾਂ ਦੇ ਮਾਰਫ਼ਤ ਅਰਜ਼ੀ ਲਗਾਉਣ ਤੋਂ ਪਹਿਲਾਂ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਜਾਰੀ ਰਜਿਸਟਰੇਸ਼ਨ ਪ੍ਰਮਾਣ ਪੱਤਰ ਦੀ ਪੜਤਾਲ ਜ਼ਰੂਰ ਕਰ ਲਈ ਜਾਵੇ।ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮਨੁੱਖੀ ਤਸਕਰੀ ਅਤੇ ਵਿਦੇਸ਼ ਭੇਜਣ ਦੇ ਨਾਂ ’ਤੇ ਹੁੰਦੀ ਕਥਿਤ ਠੱਗੀ ਨੂੰ ਰੋਕਣ ਲਈ ਪੰਜਾਬ ਮਨੁੱਖੀ ਤਸਕਰੀ ਰੋਕਥਾਮ ਐਕਟ 2012, ਸੋਧ ਐਕਟ 2014 ਅਤੇ ਨਿਯਮ 2013, ਸੋਧ ਨਿਯਮ 2014 ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਇਸ ਕਾਨੂੰਨ ਅਨੁਸਾਰ ਟਰੈਵਲ ਏਜੰਟਾਂ, ਇਮੀਗ੍ਰੇਸ਼ਨ ਸਲਾਹਕਾਰਾਂ, ਟਿਕਟ ਏਜੰਟਾਂ ਅਤੇ ਆਇਲਟਸ ਸੰਸਥਾਵਾਂ ਲਈ ਇਹ ਲਾਜ਼ਮੀ ਹੈ ਕਿ ਉਹ ਜ਼ਿਲ੍ਹਾ ਪ੍ਰਸ਼ਾਸ਼ਨ ਕੋਲ ਆਪਣੀ ਰਜਿਸਟਰੇਸ਼ਨ ਕਰਵਾਉਣੀ ਯਕੀਨੀ ਬਣਾਉਣ।ਉਨਾਂ ਦੱਸਿਆ ਕਿ ਜੋ ਵੀ ਵਿਅਕਤੀ ਸਰਕਾਰ ਵੱਲੋਂ ਤੈਅ ਕੀਤੀਆਂ ਸ਼ਰਤਾਂ ਤੇ ਯੋਗਤਾਵਾਂ ਪੂਰੀਆਂ ਕਰਦਾ ਹੈ ਉਸ ਨੂੰ ਉਕਤ ਐਕਟ ਅਧੀਨ ਰਜਿਸਟਰਡ ਕੀਤਾ ਜਾ ਰਿਹਾ ਹੈ ਅਤੇ ਹੁਣ ਤੱਕ 100 ਦੇ ਕਰੀਬ ਟਰੈਵਲ ਏਜੰਟ ਰਜਿਸਟਰਡ ਹੋ ਚੁੱਕੇ ਹਨ ਅਤੇ ਐਨੇ ਹੀ ਹੋਰ ਬਿਨੈ ਕਰ ਚੁੱਕੇ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਿਸੇ ਵੀ ਅਣ-ਅਧਿਕਾਰਤ ਟਰੈਵਲ ਏਜੰਟ ਰਾਹੀਂ ਵਿਦੇਸ਼ ਜਾਣ ਵਾਲੇ ਵਿਅਕਤੀ ਅਕਸਰ ਧੋਖੇ ਦਾ ਸ਼ਿਕਾਰ ਹੋ ਜਾਂਦੇ ਹਨ ਜਦੋਂ ਕਿ ਬਾਅਦ ਵਿਚ ਅਜਿਹੇ ਫਰਜੀ ਟਰੈਵਲ ਏਜੰਟ ਠੱਗੀ ਮਾਰ ਕੇ ਗਾਇਬ ਹੋ ਜਾਂਦੇ ਹਨ, ਕਿਉਂਕਿ ਉਹਨਾਂ ਦਾ ਕੋਈ ਪੱਕਾ ਥਾਂ ਟਿਕਾਣਾ ਨਹੀਂ ਹੁੰਦਾ, ਇਸ ਲਈ ਜ਼ਰੂਰੀ ਹੈ ਕਿ ਜਿਸ ਵੀ ਵਿਅਕਤੀ ਨੇ ਵਿਦੇਸ਼ ਯਾਤਰਾ ਸਬੰਧੀ ਸੇਵਾਵਾਂ ਦੇਣੀਆਂ ਹਨ, ਉਹ ਆਪਣੇ ਆਪ ਨੂੰ ਜਿਲ੍ਹਾ ਪ੍ਰਸ਼ਾਸਨ ਕੋਲ ਰਜਿਸਟਰਡ ਕਰਵਾਏ।
Punjab Post Daily Online Newspaper & Print Media