ਨਵੀਂ ਦਿੱਲੀ, 29 ਜੁਲਾਈ (ਪੰਜਾਬ ਪੋਸਟ ਬਿਊਰੋ) – ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਹਜੂਰੀ ਰਾਗੀ ਭਾਈ ਬਲਦੇਵ ਸਿੰਘ ਵਡਾਲਾ ਵੱਲੋਂ ਮੁੱਤਵਾਜ਼ੀ ਜੱਥੇਦਾਰਾਂ ਨਾਲ
ਮੁਲਾਕਾਤ ਕਰਨਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪਸੰਦ ਨਹੀਂ ਆਇਆ।ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਕੁਲਮੋਹਨ ਸਿੰਘ ਨੇ ਵਡਾਲਾ ਦੀ ਮੁਲਾਕਾਤ ਨੂੰ ਮੌਕਾਪ੍ਰਸਤੀ ਦਾ ਸ਼ਿਖਰ ਦੱਸਦੇ ਹੋਏ ਵਡਾਲਾ ਵੱਲੋਂ ਚੋਣਵੇਂ ਪੰਥਕ ਮਸਲਿਆਂ ’ਤੇ ਬੋਲਣ ਦੀ ਕੀਤੀ ਜਾ ਰਹੀ ਸਿਆਸਤ ਨੂੰ ਪਾਖੰਡ ਐਲਾਨਿਆ ਹੈ।
ਉਨ੍ਹਾਂ ਕਿਹਾ ਕਿ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਅਤੇ ਸ਼ੋ੍ਮਣੀ ਕਮੇਟੀ ਨੂੰ ਆਪਣੇ ਨਿਸ਼ਾਨੇ ’ਤੇ ਰੱਖਣ ਵਾਲੇ ਵਡਾਲਾ ਆਖਿਰ ਕਿਉਂ ਕਾਂਗਰਸ ਦੇ ਖਿਲਾਫ਼ ਆਪਣੇ ਸੁਰ ਬੰਦ ਕਰ ਲੈਂਦੇ ਹਨ ਬੀਤੇ ਦਿਨੀਂ ਦਿੱਲੀ ਦੀਆਂ ਸੰਗਤਾਂ ਵੱਲੋਂ ਦਿੱਲੀ ਕਮੇਟੀ ਚੋਣਾਂ ’ਚ ਵਡਾਲਾ ਨੂੰ ਨਕਾਰੇ ਜਾਣ ਦਾ ਹਵਾਲਾ ਦਿੰਦੇ ਹੋਏ ਕੁਲਮੋਹਨ ਸਿੰਘ ਨੇ ਵਡਾਲਾ ਨੂੰ ਆਪਣੀ ਕਥਨੀ ਅਤੇ ਕਰਨੀ ’ਚ ਸੁਮੇਲ ਬੈਠਾਉਣ ਦੀ ਵੀ ਸਲਾਹ ਦਿੱਤੀ।ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਸਿਧਾਂਤਕ ਤੌਰ ਤੋਂ ਬਾਗੀ ਮੁੱਤਵਾਜੀ ਜਥੇਦਾਰਾਂ ਨਾਲ ਵਡਾਲਾ ਵੱਲੋਂ ਐਲਾਨੇ ਗਏ ਪੰਥਕ ਸੁਰ ਨੂੰ ਵੀ ਕੁਲਮੋਹਨ ਸਿੰਘ ਨੇ ਕੌਮ ਨੂੰ ਨੀਵਾਂ ਦਿਖਾਉਣ ਦੀ ਸਿਆਸਤ ਨਾਲ ਜੋੜਿਆ।
ਉਨ੍ਹਾਂ ਕਿਹਾ ਕਿ ਗੁਰੂ ਰਾਮਦਾਸ ਜੀ ਦੇ ਦਰ ਦੇ ਸਾਬਕਾ ਹਜੂਰੀ ਰਾਗੀ ਹੋਣ ਦੇ ਬਾਵਜ਼ੂਦ ਵਡਾਲਾ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਬਾਗੀਆਂ ਨਾਲ ਖੜਾ ਹੋਣਾ ਗੁਰੂ ਤੋਂ ਪਿੱਠ ਮੋੜਨ ਦੇ ਬਰਾਬਰ ਹੈ।ਸੂਬੇ ’ਚ ਬਣੀ ਕੈਪਟਨ ਸਰਕਾਰ ਵੱਲੋਂ ਲਗਾਤਾਰ ਸਿੱਖਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ’ਤੇ ਵਡਾਲਾ ਦੀ ਚੁੱਪੀ ਤੇ ਕੁਲਮੋਹਨ ਸਿੰਘ ਨੇ ਸਵਾਲ ਖੜੇ ਕੀਤੇ।ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਦੀ ਭਾਰਤ ਫੇਰੀ ਮੌਕੇ ਕੈਪਟਨ ਵੱਲੋਂ ਸੱਜਣ ਪ੍ਰਤੀ ਦਿੱਤੇ ਗਏ ਇਤਰਾਜਯੋਗ ਬਿਆਨ, 21 ਸਿੱਖ ਨੌਜਵਾਨਾਂ ਦਾ ਹਵਾਲਗੀ ਕਤਲ ਮਾਮਲਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋ ਰਹੀ ਬੇਅਦਬੀ, ਇਸਾਈ ਮਿਸ਼ਨਰੀਆਂ ਦੀ ਚੁਣੌਤੀ ਅਤੇ ਸਰਕਾਰੀ ਜ਼ਬਰ ਖਿਲਾਫ਼ ਅਖੌਤੀ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਚਲਾਉਣ ਦਾ ਦਾਅਵਾ ਕਰਨ ਵਾਲੇ ਵਡਾਲਾ ਦੀ ਚੁੱਪੀ ਨੂੰ ਕੁਲਮੋਹਨ ਸਿੰਘ ਨੇ ਸ਼ੱਕੀ ਕਰਾਰ ਦਿੱਤਾ।
ਕੁਲਮੋਹਨ ਸਿੰਘ ਨੇ ਦਾਅਵਾ ਕੀਤਾ ਕਿ ਵਡਾਲਾ ਨੇ ਗੁਰੂ ਕੇ ਵਜ਼ੀਰ ਦੇ ਰੁੱਤਬੇ ਨੂੰ ਸ੍ਰੀ ਦਰਬਾਰ ਸਾਹਿਬ ਵੱਲ ਜਾਂਦੇ ਰਸਤੇ ’ਤੇ ਧਰਨੇ ਲਗਾ ਕੇ ਗੰਦਲਾ ਕੀਤਾ ਹੈ।ਵਡਾਲਾ ਦੀ ਚਿੰਤਾਂ ਪੰਥਕ ਪਰੰਪਰਾਵਾਂ ਦੀ ਰਾਖੀ ਕਰਨ ਦੀ ਥਾਂ ਸਿਰਫ਼ ਕੁਰਸੀ ਦੀ ਭੁੱਖ ਨੂੰ ਸ਼ਾਂਤ ਕਰਨਾ ਜਾਪਦਾ ਹੈ।ਜਦਕਿ ਗੁਰੂ ਕਾ ਵਜ਼ੀਰ, ਸੰਗਤ ਅਤੇ ਗੁਰੂ ਸਥਾਨਾਂ ਦੀ ਮਰਿਯਾਦਾ ਅਤੇ ਪਰੰਪਰਾਵਾਂ ਦੀ ਰਾਖੀ ਨੂੰ ਸਮਰਪਿਤ ਹੁੰਦਾ ਹੈ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media