Tuesday, March 10, 2026

ਚੋਰੀ ਹੋਏ ਤਿੰਨ ਮੋਟਰ ਸਾਇਕਲਾਂ ਦੇ ਚੋਰ ਲੱਭਣ ‘ਚ ਪੁਲਿਸ ਨਾਕਾਮ

ਸੰਦੌੜ, 4 ਅਗਸਤ – (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਥਾਣਾ ਸੰਦੌੜ ਦੇ ਪਿੰਡ ਸ਼ੇਰਗੜ ਚੀਮਾ ਵਿੱਚ ਬੀਤੇੇ ਲਗਭਗ ਇੱਕ ਮਹੀਨੇ ਵਿੱਚ ਤਿੰਨ ਮੋਟਰ ਸਾਇਕਲ ਚੋਰੀ ਹੋਣ ਨਾਲ ਜਿਥੇ ਇਲਾਕੇ ਵਿੱਚ ਹਾਹਾਕਾਰ ਮੱਚ ਗਈ ਹੈ ਉੱਥੇ ਥਾਣਾ ਸੰਦੌੜ ਦੀ ਪੁਲਿਸ ਚੋਰਾਂ ਤੱਕ ਪਹੁੰਚਣ ਵਿੱਚ ਨਾਕਾਮ ਸਾਬਤ ਹੋ ਰਹੀ ਹੈ।ਪਿੰਡ ਵਾਸੀਆਂ ਵਿੱਚ ਇਸ ਗੱਲ ਦਾ ਰੋਸ ਪਾਇਆ ਜਾ ਰਿਹਾ ਹੈ ਕਿ ਆਏ ਦਿਨ ਚੋਰੀ ਹੋ ਰਹੇ ਮੋਟਰ ਸਾਇਕਲਾਂ ਨੂੰ ਠੱਲ ਪਾਉਣ ਲਈ ਕੋਈ ਠੋਸ ਉਪਰਾਲਾ ਵੀ ਨਹੀਂ ਕੀਤਾ ਜਾ ਰਿਹਾ।ਪੀੜਤਾਂ ਨਾਲ ਗੱਲਬਾਤ ਕਰਕੇ ਇਕੱਠੀ ਕੀਤੀ ਜਾਣਕਾਰੀ ਅਨੁਸਾਰ ਪਿੰਡ ਸ਼ੇਰਗੜ ਚੀਮਾ ਦੇ ਵਾਸੀ ਰਾਜਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਜੋ ਪਿੰਡ ਦੇ ਬੱਸ ਅੱਡੇ ‘ਤੇ ਆਪਣੀ ਦੁਕਾਨ ਕਰਦਾ ਹੈ ਅਤੇ ਰੋਜ਼ਾਨਾ ਦੀ ਤਰਾਂ ਸਵੇਰ ਕਰੀਬ 5 ਵਜੇ ਆਪਣਾ ਮੋਟਰ ਸਾਇਕਲ ਦੁਕਾਨ ਦੇ ਬਾਹਰ ਖੜਾ ਕਰਕੇ ਦੁਕਾਨ ਦੀ ਸਾਫ ਸਫਾਈ ਕਰਨ ਵਿੱਚ ਮਸ਼ਰੂਫ ਹੋ ਗਿਆ ਏਨੇ ਨੂੰ ਇੱਕ ਅਣਪਛਾਤਾ ਨੌਜਵਾਨ ਆਇਆ ਤੇ ਮੋਟਰ ਸਾਇਕਲ ਪੀ.ਬੀ 59 ਏ 6713 ੇ ਚੋਰੀ ਕਰਕੇ ਫਰਾਰ ਹੋ ਗਿਆ।ਉਹਨਾਂ ਦੱਸਿਆ ਕਿ ਉਨਾਂ ਨੇ ਆਲੇ ਦੁਆਲੇ ਕਾਫੀ ਲੱਭਣ ਉਪਰੰਤ ਇਸ ਘਟਨਾ ਬਾਰੇ ਤੁਰੰਤ ਪੁਲਿਸ ਨੂੰ ਸੂਚਿਤ ਕਰ ਦਿੱਤਾ ਸੀ।ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਆਪਣੀ ਕਾਰਵਾਈ ਸੁਰੂ ਕਰ ਦਿੱਤੀ ਪ੍ਰੰਤੂ ਪੁਲਿਸ ਨੂੰ ਵੀ ਕੁੱਝ ਹਾਸਿਲ ਨਹੀਂ ਹੋਇਆ।ਇਥੇ ਇਹ ਵੀ ਦੱਸਣਾ ਲਾਜ਼ਮੀਂ ਹੋਵੇਗਾ ਕਿ ਇਹ ਚੋਰੀ ਦਾ ਸਿਲਸਿਲਾ ਚਲਦੇ ਨੂੰ ਭਾਵੇਂ ਇੱਕ ਮਹੀਨੇ ਤੋਂ ਵੀ ਵੱਧ ਸਮਾਂ ਹੋ ਗਿਆ ਹੈ ਪ੍ਰੰਤੂ ਫਿਰ ਵੀ ਚੋਰੀਆ ਦਾ ਸਿਲਸਿਲਾ ਜਾਰੀ ਹੈ ਅਤੇ ਰਾਜਿੰਦਰ ਸਿੰਘ ਦੇ ਮੋਟਰ ਸਾਇਕਲ ਚੋਰੀ ਦੀ ਇਹ ਤੀਜੀ ਘਟਨਾ ਹੈ।
ਪ੍ਰਾਪਤ ਸੂਚਨਾ ਅਨੁਸਾਰ ਸਾਰਿਆਂ ਤੋਂ ਪਹਿਲਾਂ ਮੁਹੰਮਦ ਸਲੀਮ ਵਾਸੀ ਮਲੇਰਕੋਟਲਾ ਜੋ ਪਿੰਡ ਸ਼ੇਰਗੜ ਚੀਮਾ ਵਿਖੇ ਖੇਤੀ ਦਾ ਕੰਮ ਕਰਦਾ ਹੈ ਨੇ ਆਪਣੇ ਖੇਤ ਵਿਚ ਹੀ ਬਣੀ ਕੋਠੀ ਮੂਹਰੇ ਮੋਟਰ ਸਾਇਕਲ ਨੰਬਰ ਪੀ.ਬੀ 10 ਡੀ 4083 ਖੜਾ ਕਰਕੇ ਖੇਤ ਵਿੱਚ ਕੰਮ ਕਰਨ ਲੱਗ ਪਿਆ ਸੀ ਏਨੇ ਸਮੇਂ ਵਿੱਚ ਦੋ ਅਣਪਛਾਤੇ ਨੌਜਵਾਨ ਆਏ ਤੇ ਮੋਟਰ ਸਾਇਕਲ ਲੈ ਕੇ ਫਰਾਰ ਹੋ ਗਏ।ਇਸ ਉਪਰੰਤ ਦੂਸਰੀ ਵਾਰਦਾਤ ਉਸ ਤੋਂ ਦੋ ਤਿੰਨ ਦਿਨ ਹੀ ਬਾਅਦ ਵਾਪਰ ਗਈ ਸੀ ਜਿਸ ਵਿੱਚ ਰਾਜਵਿੰਦਰ ਸਿੰਘ ਪੁੱਤਰ ਸੁਖਵੰਤ ਸਿੰਘ ਵਾਸੀ ਕਾਸਮਪੁਰ ਜੋ ਪਿੰਡ ਸ਼ੇਰਗੜ ਚੀਮਾ ਵਿਖੇ ਆਟਾ ਚੱਕੀ ਦਾ ਕੰਮ ਕਰਦਾ ਹੈ ਜਦੋਂ ਆਪਣੇ ਚਾਚੇ ਜਗਜੀਵਨ ਸਿੰਘ ਦੇ ਘਰ ਤੋਂ ਦੁੱਧ ਲੈਣ ਗਿਆ ਸੀ ਤਾਂ ਘਰ ਦੇ ਬਾਹਰ ਮੋਟਰ ਸਾਇਕਲ ਨੰਬਰ ਪੀ.ਬੀ 56 ਬੀ 5016 ਖੜਾ ਕਰਕੇ ਜਦੋਂ ਦੁਧ ਲੈ ਕੇ ਵਾਪਸ ਮੁੜਿਆ ਤਾਂ ਪਤਾ ਲਗਾ ਕਿ ਮੋਟਰ ਸਾਇਕਲ ਨੂੰ ਇੱਕ ਨੌਜਵਾਨ ਲੈ ਕੇ ਰਫੂ ਚੱਕਰ ਹੋ ਗਿਆ।ਪੀੜਤਾਂ ਨੇ ਦੱਸਿਆ ਕਿ ਅਸੀਂ ਥਾਣਾ ਸੰਦੌੜ ਵਿਖੇ ਪੁਲਿਸ ਰਿਪੋਰਟ ਤਾਂ ਦਰਜ ਕਰਵਾ ਦਿੱਤੀ ਹੈ ਪ੍ਰੰਤੂ ਸਾਨੂੰ ਕੋਈ ਐਫ.ਆਈ.ਆਰ ਦੀ ਕਾਪੀ ਨਹੀਂ ਦਿੱਤੀ।ਪ੍ਰੰਤੂ ਕੱਲ ਚੋਰੀ ਹੋਏ ਮੋਟਰ ਸਾਇਕਲ ਚੋਰਾਂ ਦਾ ਪਤਾ ਲਗਾਉਣ ਲਈ ਥਾਣਾ ਸੰਦੌੜ ਦੇ ਐਸ.ਐਚ.ਓ ਇੰਸਪੈਕਟਰ ਰਣਬੀਰ ਸਿੰਘ ਆਪਣੀ ਅਗਵਾਈ ਹੇਠ ਬਣਾਈ ਟੀਮ ਨਾਲ ਇਹਨਾਂ ਚੋਰੀ ਹੋਏ ਮੋਟਰ ਸਾਇਕਲਾਂ ਦੀ ਭਾਲ ਲਈ ਪਿੰਡ ਸ਼ੇਰਗੜ ਚੀਮਾ ਵਿੱਚ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਨੂੰ ਬਰੀਕੀ ਨਾਲ ਚੈੱਕ ਕਰ ਰਹੇ ਸਨ ।

Check Also

ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ

ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …

Leave a Reply