ਸੰਗਰੂਰ, 17 ਅਗਸਤ (ਪੰਜਾ ਪੋਸਟ- ਪ੍ਰਵੀਨ ਗਰਗ, ਮਹੇਸ਼ ਜਿੰਦਲ) – ‘ਜੇ ਧੀਆਂ ਨੇ, ਤਾਂ ਹੀ ਤਾਂ ਤੀਆਂ ਨੇ’ ਦੇ ਸਿਰਲੇਖ ਹੇਠ ਤੀਆਂ ਦਾ ਮੇਲਾ
ਕਰਵਾਇਆ ਗਿਆ।ਜ਼ਿਲ੍ਹਾ ਪੁਲੀਸ ਮੁਖੀ ਮਨਦੀਪ ਸਿੰਘ ਸਿੱਧੂ ਦੀ ਪਤਨੀ ਪ੍ਰਿੰਸੀਪਲ ਡਾ. ਸੁਖਮੀਨ ਸਿੱਧੂ ਦੀ ਅਗਵਾਈ ਹੇਠ ਇਥੇ ਪੁਰਾਤਨ ਪੰਜਾਬੀ ਸਭਿਆਚਾਰਕ ਵਿਰਸੇ ਦੀ ਬਾਤ ਪਾਉਦੇ ਤੀਆਂ ਦੇ ਇਸ ਮੇਲੇ ਵਿਚ ਪੰਜਾਬ ਦੇ ਰਾਜ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਮੁੱਖ ਮਹਿਮਾਨ ਵਜੋ ਸ਼ਾਮਲ ਹੋਏ ਜਦ ਕਿ ਆਈ.ਜੀ ਪੁਿਲਸ ਜ਼ੋਨ ਪਟਿਆਲਾ ਏ.ਐਸ.ਰਾਏ ਦੀ ਪਤਨੀ ਸ੍ਰੀਮਤੀ ਅਨੂ ਰਾਏ ਅਤੇ ਡੀ.ਆਈ.ਜੀ ਡਾ. ਸੁਖਚੈਨ ਸਿੰਘ ਗਿੱਲ ਦੀ ਪਤਨੀ ਡਾ. ਮਨਜਿੰਦਰ ਕੌਰ ਵਲੋਂ ਵਿਸ਼ੇਸ਼ ਮਹਿਮਾਨ ਵਜੋ ਸ਼ਿਰਕਤ ਕੀਤੀ ਗਈ।ਪੇਡੂ ਸਭਿਆਚਾਰਕ ਵਿਰਸੇ ਦੀ ਝਲਕ ਪੇਸ਼ ਕਰਦੇ ਇਸ ਮੇਲੇ ’ਚ ਮਹਿਮਾਨਾਂ ਵੱਲੋਂ ਕੁੱਖ ਅਤੇ ਰੁੱਖ ਨੂੰ ਬਚਾਉਣ ਦਾ ਹੋਕਾ ਦਿੱਤਾ ਗਿਆ।ਪੰਡਾਲ ’ਚ ਬਲਦਾਂ ਵਾਲੇ ਪੁਰਾਤਨ ਗੱਡੇ, ਖੂਹ, ਪੀਘਾਂ ਅਤੇ ਹੋਰ ਪੁਰਾਤਨ ਵਸਤਾਂ ਦੀ ਪ੍ਰਦਰਸ਼ਨੀ ਖਿੱਚ ਦਾ ਕੇਦਰ ਬਣੀ ਹੋਈ ਸੀ।ਹਰ ਪੱਖੋਂ ਪੰਜਾਬੀ ਸੱਭਿਆਚਾਰ ਦੀ ਪੇਸ਼ਕਾਰੀ ਕਰਦਾ ਮਾਹੌਲ ਸਿਰਜਿਆ ਹੋਇਆ ਸੀ। ਇੱਕ ਪਾਸੇ ਪੰਜਾਬੀ ਪਹਿਰਾਵੇ ’ਚ ਫ਼ੱਬੀਆਂ ਪੰਜਾਬਣਾਂ ਸਟਾਲ ਤੋਂ ਵੀ ਹਣੀ ’ਚ ਚੂੜੀਆਂ ਚੜ੍ਹਾ ਰਹੀਆਂ ਸਨ, ਪੰਡਾਲ ’ਚ ਪੀਂਘ ਦੇ ਹੁਲਾਰੇ ਉਨ੍ਹਾਂ ਦਿਨਾਂ ਦੀ ਯਾਦ ਤਾਜ਼ਾ ਕਰਵਾ ਰਹੇ ਸਨ ਜਦੋਂ ਪੇਡੂ ਮੁਟਿਆਰਾਂ ਪਿੰਡਾਂ ਦੀਆਂ ਸੱਥਾਂ ’ਚ ਪਿੱਪਲੀ ਪਾਈਂ ਪੀਂਘ ਝੂਟਦਿਆਂ ਹੀਂਘ ਚੜ੍ਹਾ ਕੇ ਅਸਮਾਨ ਛੂੰਹਦੀਆਂ ਸਨ। ਸਿੱਠਣੀਆਂ, ਕਿਕਲੀਆਂ, ਲੰਬੀਆਂ ਹੇਕਾਂ ਵਾਲੇ ਗੀਤਾਂ ਅਤੇ ਗਿੱਧੇ ਦੀ ਧਮਕ ਤੀਆਂ ਦੇ ਮੇਲੇ ਨੂੰ ਚਾਰ ਚੰਨ ਲਗਾ ਰਹੀ ਸੀ। ਸਾਉਣ ਮਹੀਨੇ ਦੇ ਰਵਾਇਤੀ ਖਾਣਿਆਂ ’ਚ ਗਰਮ ਜਲੇਬੀਆਂ, ਮਾਲਪੁੜੇ, ਖੀਰ ਆਦਿ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਹੋਇਆ ਸੀ।
ਇਸ ਮੇਲੇ ’ਚ ਹਰਸ਼ਜੋਤ ਕੌਰ ਨੂੰ ਤੀਆਂ ਦੀ ਰਾਣੀ, ਮਨਪ੍ਰੀਤ ਕੌਰ ਨੂੰ ਪਟੋਲਾ ਅਤੇ ਭੁਪਿੰਦਰ ਕੌਰ ਜੇਜੀ ਨੂੰ ਹੀਰ ਸਲੇਟੀ ਦੇ ਖਿਤਾਬ ਨਾਲ ਨਿਵਾਜਿਆ ਗਿਆ।ਮੰਚ ਸੰਚਾਲਨ ਦੀ ਜਿਮੇਵਾਰੀ ਮੇਲੇ ਦੀ ਮੁੱਖ ਪ੍ਰਬੰਧਕ ਡਾ. ਸੁਖਮੀਨ ਸਿੱਧੂ ਵੱਲੋਂ ਪੰਜਾਬੀ ਸੱਭਿਆਚਾਰ, ਪੰਜਾਬੀ ਵਿਰਸੇ ਅਤੇ ਪੰਜਾਬਣਾਂ ਦੇ ਰਵਾਇਤੀ ਗਹਿਣਿਆਂ ਬਾਰੇ ਜਾਣੂ ਕਰਵਾਉਂਦਿਆਂ ਬਾਖੂਬੀ ਨਿਭਾਈ ਗਈ।ਰਾਜ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਨੇ ਤੀਆਂ ਦੇ ਮੇਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੰਗਰੂਰ ਜ਼ਿਲੇ ਤੋਂ ਸੇਧ ਲੈ ਕੇ ਬਾਕੀ ਜ਼ਿਲਿਆਂ ਨੂੰ ਵੀ ਔਰਤਾਂ ਅਤੇ ਬੱਚੀਆਂ ਨੂੰ ਸਮਾਜ ਵਿੱਚ ਬਣਦਾ ਸਥਾਨ ਦਿਵਾਉਣ ਲਈ ਅਜਿਹੇ ਯਤਨ ਕਰਨੇ ਚਾਹੀਦੇ ਹਨ।ਸਮਾਗਮ ’ਚ ਧੂਰੀ ਤੋਂ ਵਿਧਾਇਕ ਦਲਵੀਰ ਸਿੰਘ ਗੋਲਡੀ ਦੀ ਪਤਨੀ ਸ੍ਰੀਮਤੀ ਸਿਮਰਤ ਖੰਗੂੜਾ, ਅਮਰਗੜ੍ਹ ਤੋਂ ਵਿਧਾਇਕ ਸੁਰਜੀਤ ਸਿੰਘ ਧੀਮਾਨ ਦੀ ਪਤਨੀ ਸ੍ਰੀਮਤੀ ਬਲਵੀਰ ਕੌਰ, ਸੁਨਾਮ ਤੋਂ ਕਾਂਗਰਸ ਦੀ ਆਗੂ ਸ੍ਰੀਮਤੀ ਦਮਨ ਥਿੰਦ ਬਾਜਵਾ ਤੋਂ ਇਲਾਵਾ ਜੁਡੀਸ਼ਲ, ਪੁਲਿਸ ਅਤੇ ਸਿਵਲ ਅਧਿਕਾਰੀਆਂ ਦੀਆਂ ਪਤਨੀਆਂ, ਸਾਈਕਲਿਸਟ ਔਰਤਾਂ ਅਤੇ ਵੱਖ-ਵੱਖ ਖੇਤਰਾਂ ’ਚੋਂ ਨਾਮਣਾ ਖੱਟਣ ਵਾਲੀਆਂ ਕਰੀਬ ਡੇਢ ਸੌ ਔਰਤਾਂ ਤੇ ਲੜਕੀਆਂ ਸ਼ਾਮਲ ਸਨ ।
Check Also
ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …
Punjab Post Daily Online Newspaper & Print Media