ਅੰਮਿ੍ਤਸਰ, 22 ਅਗਸਤ (ਪੰਜਾਬ ਪੋਸਟ- ਮਨਜੀਤ ਸਿੰਘ) – ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਵਿਧਾਇਕ
ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਾਂਗਰਸੀਆਂ ਵਲੋਂ ਸਤਾ ਦੀ ਦੁਰਵਰਤੋਂ ਕਰਦਿਆਂ ਪੁਲੀਸ ’ਤੇ ਸਿਆਸੀ ਦਬਾਅ ਪਾ ਕੇ ਸਰਕਾਰੀ ਤੌਰ ’ਤੇ ਬੇਅਦਬੀਆਂ ਕੀਤੀਆਂ ਜਾ ਰਹੀਆਂ, ਜਿਸ ਦੀ ਉਹ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਨ।
ਉਹਨਾਂ ਕਿਹਾ ਕਿ ਰਾਜ ਵਿੱਚ ਸ਼ਹੀਦਾਂ ਦੇ ਪਵਿੱਤਰ ਅਸਥਾਨਾਂ ਦੀ ਬੇਅਦਬੀ ਅਤੇ ਦਲਿਤ ਭਾਈਚਾਰੇ ਨਾਲ ਕੀਤਾ ਜਾ ਰਿਹਾ ਧਕਾ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਸਰਕਾਰ ਨੇ ਸ਼ਹੀਦਾਂ ਦੇ ਅਸਥਾਨ ਗੁਰਦਵਾਰਾ ਛੋਟਾ ਘੱਲੂਘਾਰਾ ( ਗੁਰਦਾਸਪੁਰ) ’ਚ ਹੋਈ ਬੇਅਦਬੀ ਅਤੇ ਪਿੰਡ ਟਪਿਆਲਾ ਦੇ ਦਲਿਤ ਭਾਈਚਾਰੇ ’ਤੇ ਧੱਕੇਸ਼ਾਹੀ ਕਰਨ ਵਾਲੇ ਦੋਸ਼ੀਆਂ ਖ਼ਿਲਾਫ਼ ਤੁਰੰਤ ਸਖ਼ਤ ਕਾਰਵਾਈ ਨਾ ਕੀਤੀ ਤਾਂ ਇਨਸਾਫ਼ ਲਈ ਅਕਾਲੀ ਦਲ ਵਲੋਂ ਲੋਕਾਂ ਦੇ ਸਹਿਯੋਗ ਨਾਲ ਜ਼ਬਰਦਸਤ ਮੁਹਿੰਮ ਵਿੱਢੀ ਜਾਵੇਗੀ।ਉਹਨਾਂ ਦਸਿਆ ਕਿ ਮੌਜੂਦਾ ਹਲਾਤਾਂ ’ਤੇ ਵਿਚਾਰਾਂ ਕਰ ਕੇ ਸੰਘਰਸ਼ ਦੀ ਰੂਪ ਰੇਖਾ ਤਿਆਰ ਕਰਨ ਲਈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਮਾਝੇ ਦੇ ਆਗੂਆਂ ਨਾਲ ਮੀਟਿੰਗ 25 ਅਗਸਤ ਨੂੰ ਕੀਤੀ ਜਾ ਰਹੀ ਹੈ।
ਸ: ਮਜੀਠੀਆ ਨੇ ਦੋਸ਼ ਲਾਇਆ ਕਿ ਪ੍ਰਤਾਪ ਸਿੰਘ ਬਾਜਵਾ ਅਖੌਤੀ ਸਰਬੱਤ ਖ਼ਾਲਸਾ ਦੇ ਆਗੂਆਂ ਨਾਲ ਮਿਲ ਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀਆਂ ਸਾਜ਼ਿਸ਼ਾਂ ਬਣਾ ਰਿਹਾ ਹੈ।ਮਜੀਠੀਆ ਨੇ ਕਿਹਾ ਕਿ ਕਾਂਗਰਸ ਦਾ ਹਾਲਾਤ ਨੂੰ ਵਿਗਾੜ ਕੇ ਪਹਿਲੇ ਦੀ ਤਰਾਂ ਸਿਆਸੀ ਲਾਹਾ ਲੈਣ ਦੀ ਪੁਰਾਣੀ ਪਿਰਤ ਅੱਜ ਇਕ ਵਾਰ ਫਿਰ ਸਾਹਮਣੇ ਆ ਗਈ ਹੈ।ਉਹਨਾਂ ਦੋਸ਼ ਲਾਇਆ ਕਿ ਅੱਜ ਕਾਂਗਰਸ ਦੇ ਰਾਜ ਵਿਚ ਨਾ ਤਾਂ ਦਲਿਤ ਭਾਈਚਾਰਾ ਅਤੇ ਨਾ ਹੀ ਧੀਆਂ ਭੈਣਾਂ ਸੁਰਖਿਅਤ ਹਨ, ਸਗੋਂ ਸਿਆਸੀ ਤੌਰ ’ਤੇ ਬੇਅਦਬੀਆਂ ਵੀ ਸ਼ੁਰੂ ਹੋ ਗਈਆਂ ਹਨ।
ਪੱਤਰਕਾਰਾਂ ਨੂੰ ਵੱਖ ਵੱਖ ਵੀਡੀਉ ਰਿਕਾਰਡਿੰਗ ਵਿਖਾਉਂਦਿਆਂ ਮਜੀਠੀਆ ਨੇ ਗੁਰਦਵਾਰਾ ਛੋਟਾ ਘੱਲੂਘਾਰਾ (ਗੁਰਦਾਸਪੁਰ) ਵਿਖੇ ਹੋਈਆਂ ਹਿਰਦੇਵੇਧਕ ਘਟਨਾਵਾਂ ਨੂੰ ਸਰਕਾਰੀ ਬੇਅਦਬੀ ਗਰਦਾਨਦਿਆਂ ਕਿਹਾ ਕਿ ਗੁਰਦੁਆਰੇ ’ਚ ਬਾਜਵਾ ਦੇ ਨਜ਼ਦੀਕੀਆਂ ਵਲੋਂ ਕੀਤੇ ਜਾ ਰਹੇ ਅਨੈਤਿਕ ਕੰਮਾਂ ਨੂੰ ਲੈ ਕੇ ਪਸ਼ਚਾਤਾਪ ਵਜੋਂ ਰਖਾਏ ਗਏ ਅਖੰਡ ਪਾਠ ਦੌਰਾਨ ਕੀ ਕੋਤਾਹੀ ਹੋਈ ਕਿ ਸੰਗਤ ਨੂੰ ਤਾਂ ਉਥੇ ਜਾਣ ਨਹੀਂ ਦਿੱਤਾ ਗਿਆ, ਪਰ ਕਾਂਗਰਸ ਦੇ ਸ਼ਰਾਬੀ ਅਤੇ ਗੁੰਡੇ ਅਨਸਰ ਪੁਲੀਸ ਸੁਖਿਆ ਹੇਠ ਪਾਠ ਖੰਡਿਤ ਕਰਨ ਪਹੁੰਚ ਗਏ।ਉਹਨਾਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਦੀ ਸੁਰੱਖਿਆ ਨੂੰ ਢਾਹ ’ਤੇ ਲਾਉਣ ਲਈ ਜ਼ਿੰਮੇਵਾਰ ਡੀ.ਐਸ.ਪੀ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ।ਉਨਾਂ ਦਸਿਆ ਕਿ ਉਕਤ ਘਟਨਾ ਦੇ ਸਬੰਧ ਵਿੱਚ ਦਰਜ ਕੇਸ ਨੂੰ ਲੈ ਕੇ ਕੋਈ ਵੀ ਅਕਾਲੀ ਵਰਕਰ ਜ਼ਮਾਨਤ ਨਹੀਂ ਕਰਾਏਗਾ।
Check Also
ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ
ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …
Punjab Post Daily Online Newspaper & Print Media